ਬਰਗਾੜੀ ਬੇਅਦਬੀ ਮਾਮਲਾ ਬੰਦ ਕਰਨ ਦੀਆਂ ਕੋਸ਼ਿਸ਼ ਵਿਰੁਧ ਸਿੱਖਾਂ ਵੱਲੋਂ ਭਾਰਤ ਸਰਕਾਰ ਵਿਰੁਧ ਰੋਹ ਵਿਖਾਵਾ 19 ਅਗਸਤ ਨੂੰ

ਲੁਧਿਆਣਾ/ਚੰਡੀਗੜ੍ਹ: ਬੀਤੇ ਕੱਲ ਲੁਧਿਆਣੇ ਹੋਈ ਇਕ ਇਕੱਤਰਤਾ ਦੌਰਾਨ ਕੁਝ ਸਿੱਖ ਜਥਿਆਂ ਵੱਲੋਂ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੈਂ.ਬਿ.ਆ.ਇ.) ਵੱਲੋਂ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਕੀਤੇ ਜਾਣ ਨਾਲ ਜੁੜੇ ਤਿੰਮ ਮਾਮਲੇ ਬੰਦ ਕਰਨ ਲਈ ਅਦਾਲਤ ਵਿਚ ਅਰਜੀ ਲਾਉਣ ਵਿਰੁਧ ਆਉਂਦੀ 19 ਅਗਸਤ ਨੂੰ ਭਾਰਤ ਸਰਕਾਰ ਦੇ ਘਰੇਲੂ ਮਾਮਲਿਆਂ ਦੇ ਵਜ਼ੀਰ ਵਿਰੁਧ ਵਿਖਾਵਾ ਕਰਨ ਦਾ ਫੈਸਲਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਲੰਘੀ 22 ਜੁਲਾਈ ਨੂੰ ਸਿੱਖ ਜਥਿਆਂ ਅਤੇ ਕੁਝ ਰਾਜਸੀ ਦਲਾਂ ਵਲੋਂ ਚੰਡੀਗੜ੍ਹ ਵਿਖੇ ਰੋਸ ਵਿਖਾਵਾ ਕੀਤਾ ਗਿਆ ਸੀ ਜਿਸ ਮੌਕੇ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਸੈਂ.ਬਿ.ਆ.ਈ. ਦੇ ਦਫਤਰ ਵੱਲ ਵਧਣ ਤੋਂ ਰੋਕ ਲਿਆ ਸੀ ਤੇ ਉਨ੍ਹਾਂ ਉੱਤੇ ਪਾਣੀ ਦੀਆਂ ਵਾਛੜਾਂ ਮਾਰੀਆਂ ਸਨ।

ਬੀਤੇ ਕੱਲ ਜਦੋਂ ਸਿੱਖ ਜਥੇ ਗੁਰਦੁਆਰਾ ਸਿੰਘ ਸਭਾ ਅਵਤਾਰ ਨਗਰ ਵਿਖੇ ਇਕੱਤਰ ਹੋਣੇ ਸ਼ੁਰੂ ਹੋਏ ਤਾਂ ਪੰਜਾਬ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਾਹਾਂ ਉੱਤੇ ਨਾਕਾਬੰਦੀ ਕਰ ਲਈ ਗਈ। ਇਕ ਅਖਬਾਰੀ ਖਬਰ ਮੁਤਾਬਕ ਪੁਲਿਸ ਮੁਲਾਜ਼ਮ ਗੁਰਦੁਆਰਾ ਸਾਹਿਬ ਦੀ ਹੱਦ ਦੇ ਅੰਦਰ ਤੱਕ ਤਾਇਨਾਤ ਕਰ ਦਿੱਤੇ ਗਏ ਸਨ ਜਿਨ੍ਹਾਂ ਨੂੰ ਸਿੱਖ ਸੰਗਤਾਂ ਦੇ ਵਿਰੋਧ ਤੋਂ ਬਾਅਦ ਬਾਹਰ ਕੱਢ ਲਿਆ ਗਿਆ।

ਇਸ ਇਕੱਤਰਤਾ ਵਿਚ ਚੰਡੀਗੜ੍ਹ ਪੁਲਿਸ ਵੱਲੋਂ ਰੋਸ ਵਿਖਾਵਾ ਕਰਨ ਵਾਲੀਆਂ ਸਿੱਖ ਸੰਗਤਾਂ ‘ਤੇ ਤਸ਼ੱਦਦ ਦੀ ਨਿਖੇਧੀ ਕੀਤੀ ਗਈ ਅਤੇ ਇਸ ਇਕੱਤਰਤਾ ਦੌਰਾਨ ਗੁਰਦੁਆਰਾ ਸਾਹਿਬ ਨੂੰ ਘੇਰ ਕੇ ਸਿੱਖ ਸੰਗਤਾਂ ‘ਚ ਡਰ ਪੈਦਾ ਕਰਨ ਦੀ ਕੋਸ਼ਿਸ਼ ਵਿਰੁਧ ਵੀ ਮਤਾ ਐਲਾਨਿਆ ਗਿਆ।

ਇਸ ਇਕੱਤਰਤਾ ਵਿਚ ਸੁਖਜੀਤ ਸਿੰਘ ਖੋਸੇ, ਮਾਸਟਰ ਸੰਤੋਖ ਸਿੰਘ, ਪ੍ਰਿੰਸੀਪਲ ਚਰਨਜੀਤ ਸਿੰਘ ਖਾਲਸਾ, ਵਿਸਾਖਾ ਸਿੰਘ ਖਾਲਸਾ, ਜਰਨੈਲ ਸਿੰਘ, ਤਰਨਜੀਤ ਸਿੰਘ ਨਿਮਾਣਾ, ਅੰਮ੍ਰਿਤਪਾਲ ਸਿੰਘ, ਪਿ. ਭੁਪਿੰਦਰ ਸਿੰਘ ਨਾਰੰਗਵਾਲ, ਗੁਰਤੇਜ ਸਿੰਘ ਜੈਮਲ ਸਿੰਘ ਵਾਲਾ, ਚੰਦ ਸਿੰਘ ਵੈਰੋਕੋ, ਮੋਹਣ ਸਿੰਘ ਸੰਗੋਵਾਲ ਆਦਿ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕੇਂਦਰ ਵਿਚਲੀ ਮੋਦੀ ਸਰਕਾਰ ਅਤੇ ਪੰਜਾਬ ਵਿਚਲੀ ਅਮਰਿੰਦਰ ਸਿੰਘ ਸਰਕਾਰ ਵਲੋਂ ਬੇਅਦਬੀ ਮਾਮਲਿਆਂ ਵਿਚ ਅਪਣਾਏ ਗਏ ਵਤੀਰੇ ਨੂੰ ਸਿੱਖਾਂ ਦੇ ਅੱਲ੍ਹੇ ਜਖਮਾਂ ‘ਤੇ ਲੂਣ ਛਿੜਕਣ ਵਾਲਾ ਕਰਾਰ ਦਿੱਤਾ।

ਇਸ ਸਮੇਂ ਸੰਗਤਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ 19 ਅਗਸਤ ਨੂੰ ਇਸ ਸਬੰਧੀ ਭਾਰਤ ਸਰਕਾਰ ਦੇ ਘਰੇਲੂ ਵਜ਼ੀਰ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।

4 ਅਗਸਤ ਨੂੰ ਲੋਕ-ਸਭਾ ਹਿੱਸੇਦਾਰਾਂ ਨੂੰ ਯਾਦ-ਪੱਤਰ ਦਿੱਤੇ ਜਾਣਗੇ:

ਇਸ ਇਕੱਤਰਤਾ ਵਿਚ ਇਹ ਵੀ ਫੈਸਲਾ ਕੀਤਾ ਗਿਆ ਪੰਜਾਬ ਤੋਂ ਭਾਰਤੀ ਲੋਕ ਸਭਾ ਲਈ ਚੁਣੇ ਗਏ ਹਿੱਸੇਦਾਰਾਂ ਨੂੰ 4 ਅਗਸਤ ਨੂੰ ਸੈਂ.ਬਿ.ਆ.ਇ. ਵੱਲੋਂ ਬਰਗਾੜੀ ਬੇਅਦਬੀ ਮਾਮਲਾ ਬੰਦ ਕਰਨ ਲਈ ਅਦਾਲਤ ਵਿਚ ਪਾਈ ਗਈ ਅਰਜੀ ਵਿਰੁਧ ਯਾਦ-ਪੱਤਰ ਜਾਣਗੇ ਤੇ ਉਨ੍ਹਾਂ ਨੂੰ ਲੋਕ ਸਭਾ ਵਿਚ ਇਹ ਮਾਮਲਾ ਚੁੱਕਣ ਲਈ ਕਿਹਾ ਜਾਵੇਗਾ।

  • 159
  •  
  •  
  •  
  •