ਸ੍ਰੀ ਹਰਿਮੰਦਰ ਸਾਹਿਬ ਗਲਿਆਰਾ ਸਥਿਤ ਹੋਟਲਾਂ ਤੇ ਵਪਾਰਕ ਅਦਾਰਿਆਂ ‘ਤੇ ਕਾਰਵਾਈ

ਮਨਪ੍ਰੀਤ ਸਿੰਘ ਜੱਸੀ

ਅੰਮ੍ਰਿਤਸਰ, 25 ਜੁਲਾਈ – ਮਾਣਯੋਗ ਹਾਈ ਕੋਰਟ ਵਲੋਂ ਅੰਮ੍ਰਿਤਸਰ ਵਾਲਡ ਸਿਟੀ ਅਮੈਂਡਮੈਂਟ ਐਕਟ-2019 ‘ਤੇ ਰੋਕ ਲਗਾਉਂਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ (ਗਲਿਆਰਾ) ‘ਚ ਨਾਜਾਇਜ਼ ਤੌਰ ‘ਤੇ ਬਣੇ ਹੋਟਲਾਂ, ਸਰਾਂਵਾਂ ਤੇ ਹੋਰ ਵਪਾਰਕ ਅਦਾਰਿਆਂ ਦੇ ਬਿਜਲੀ-ਪਾਣੀ ਦੇ ਕੁਨੈਕਸ਼ਨ ਕੱਟਣ ਸਬੰਧੀ ਕੀਤੀਆਂ ਹਦਾਇਤਾਂ ‘ਤੇ ਅਮਲ ਕਰਦੇ ਹੋਏ ਨਗਰ ਨਿਗਮ ਅੰਮ੍ਰਿਤਸਰ ਦੇ ਬਿਲਡਿੰਗ ਵਿਭਾਗ, ਜਲ ਸਪਲਾਈ ਵਿਭਾਗ ਤੇ ਪਾਵਰਕਾਮ ਵਿਭਾਗ ਵਲੋਂ ਸਖ਼ਤ ਪੁਲਿਸ ਪ੍ਰਬੰਧਾਂ ਅਧੀਨ ਕੁਝ ਇਮਾਰਤਾਂ ‘ਤੇ ਕਾਰਵਾਈ ਕੀਤੀ। ਭਾਵੇਂ ਕਿ ਇਸ ਕਾਰਵਾਈ ਨੂੰ ਅਮਲ ‘ਚ ਲਿਆਉਣ ਲਈ ਉਪਰੋਕਤ ਸਾਰੇ ਹੀ ਵਿਭਾਗਾਂ ਦਾ ਲਾਮ-ਲਸ਼ਕਰ ਪੂਰੇ ਜੋਸ਼ ਨਾਲ ਕਾਰਵਾਈ ਲਈ ਪੁੱਜਾ ਸੀ ਪਰ ਪਹਿਲਾਂ ਤੋਂ ਇਨ੍ਹਾਂ ਵਿਭਾਗਾਂ ਵਲੋਂ ‘ਹੋਮ ਵਰਕ’ ਨਾ ਕੀਤੇ ਜਾਣ ਤੇ ਤਾਲਮੇਲ ਦੀ ਕਮੀ ਕਾਰਨ ਇਹ ਕਾਰਵਾਈ ਕੇਵਲ ਖਾਨਾਪੂਰਤੀ ਸਿੱਧ ਹੋਈ।

ਨਗਰ ਨਿਗਮ ਦੇ ਐਮ. ਟੀ. ਪੀ. ਵਿਭਾਗ, ਜਲ ਸਪਲਾਈ, ਪਾਵਰਕਾਮ ਤੇ ਪੁਲਿਸ ਦੇ ਵੱਡੀ ਗਿਣਤੀ ‘ਚ ਜਵਾਨ ਜ਼ੋਨ ਨੰ: 6 ਕੰਪਨੀ ਬਾਗ਼ ਵਿਖੇ ਸਵੇਰੇ 5:00 ਵਜੇ ਇਕੱਠੇ ਹੋਏ ਇੱਥੋਂ ਇਕ ਟੀਮ ਦੇ ਰੂਪ ‘ਚ ਇਹ ਸਾਰੇ ਮੁਲਾਜ਼ਮ ਪੂਰੀ ਤਿਆਰੀ ਤੇ ਮਸ਼ੀਨਰੀ ਨਾਲ ਲੈ ਕੇ ਸੁਲਤਾਨਵਿੰਡ ਗੇਟ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਗਲਿਆਰੇ ਵਿਖੇ ਦਾਖ਼ਲ ਹੋਏ।  ਇਸ ਮੌਕੇ ਇਸ ਟੀਮ ‘ਚ ਐਮ. ਟੀ. ਪੀ. ਸ: ਇਕਬਾਲਪ੍ਰੀਤ ਸਿੰਘ ਰੰਧਾਵਾ, ਪਾਰਵਕਾਮ ਵਲੋਂ ਐਕਸੀਅਨ ਸ: ਵਿਕਰਮਪਾਲ ਸਿੰਘ ਥਾਣਾ ਕੋਤਵਾਲੀ ਦੇ ਐਸ. ਐਚ. ਓ. ਸ: ਸੁਖਜੀਤ ਸਿੰਘ, ਇੰਸ: ਗੁਰਮੀਤ ਸਿੰਘ ਵੀ ਮੌਜ਼ੂਦ ਸਨ | 

ਕਾਰਵਾਈ ਭਿਣਕ ਹੋਟਲਾਂ ਵਾਲਿਆਂ ਨੂੰ ਪੈਣ ‘ਤੇ ਸਾਰੇ ਹੋਟਲਾਂ ਵਾਲੇ ਵੀ ਇਕੱਠੇ ਹੋ ਗਏ। ਇਸ ਦੌਰਾਨ ਸਾਰੇ ਮਹਿਕਮਿਆਂ ਦੀ ਸਾਂਝੀ ਟੀਮ ਵਲੋਂ ਆਪਣੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਗਲਿਆਰਾ ਵਿਖੇ ਚੋਪੜਾ ਗੈੱਸਟ ਹਾਊਸ ਦਾ ਪਾਣੀ ਅਤੇ ਬਿਜਲੀ ਦਾ ਕੁਨੈੱਕਸ਼ਨ ਕੱਟਿਆ । ਇਸ ਉਪਰੰਤ ਇਹ ਟੀਮ ਜਿਉਂ ਹੀ ਇਸ ਤੋਂ ਕੁਝ ਦੂਰੀ ‘ਤੇ ਸਥਿਤ ਹੋਟਲ ਗੋਲਡਨ ਪੈਰਾਡਾਈਜ਼ ‘ਤੇ ਕਾਰਵਾਈ ਕਰਨ ਲਈ ਪੁੱਜੀ ਤਾਂ ਉੱਥੇ ਹੋਟਲਾਂ ਵਾਲੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਇਸ ਕਾਰਵਾਈ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਇਸ ਹੋਟਲ ਦੇ ਮਾਲਕ ਕੰਵਲਜੀਤ ਸਿੰਘ ਦੀ ਸਿਹਤ ਵਿਗੜ ਗਈ। ਅਜਿਹੇ ਹਲਾਤਾਂ ‘ਚ ਸਥਿਤੀ ਤਣਾਅ ਪੂਰਵਕ ਬਣ ਗਈ ਅਤੇ ਹੋਟਲਾਂ ਵਾਲਿਆਂ ਵਲੋਂ ਹੋਟਲ ਦੇ ਬਾਹਰ ਹੀ ਧਰਨਾ ਲਗਾ ਦਿੱਤਾ। ਜਿਸ ਉਪਰੰਤ ਇਹ ਟੀਮ ਬਿਨ•ਾਂ ਕਾਰਵਾਈ ਕੀਤੇ ਹੀ ਅਗਲੇ ਹੋਟਲਾਂ ‘ਤੇ ਕਾਰਵਾਈ ਲਈ ਚੱਲ ਪਈ, ਪਰ ਹੋਟਲਾਂ ਵਾਲਿਆਂ ਦਾ ਕਾਰਵਾਈ ਦੇ ਖ਼ਿਲਾਫ਼ ਵਿਰੋਧ ਜਾਰੀ ਰਿਹਾ।  

ਵੱਖ-ਵੱਖ ਵਿਭਾਗਾਂ ਵਲੋਂ ਕੀਤੀ ਗਈ ਇਸ ਸਾਂਝੀ ਕਾਰਵਾਈ ਦੌਰਾਨ ਆਪਸੀ ਤਾਲਮੇਲ ਦੀ ਕਮੀ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਹੋਟਲਾਂ ਵਾਲਿਆਂ ਵਲੋਂ ਇਸ ਕਾਰਵਾਈ ਦਾ ਵਿਰੋਧ ਕਰਦੇ ਹੋਏ ਕਾਰਵਾਈ ਦੇ ਅਧੀਨ ਆਉਂਦੇ ਹੋਟਲਾਂ, ਸਰਾਂਵਾਂ ਤੇ ਹੋਰ ਵਪਾਰਿਕ ਅਦਾਰਿਆਂ ਦੇ ਵੇਰਵੇ ਸੂਚੀ ਇਸ ਟੀਮ ਮੰਗੀ ਪਰ ਸੂਚੀ ਪੂਰੀ ਮੌਜੂਦ ਨਾ ਹੋਣ ਕਰਕੇ ਸਾਰੇ ਹੀ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਇਸ ਸਬੰਧੀ ਇਕ ਦੂਸਰੇ ‘ਤੇ ਜ਼ਿੰਮੇਵਾਰੀ ਪਾੳੁਦੇ ਹੋਏ ਦਿਸੇ ਜਿਸ ਕਰਕੇ ਕਾਫ਼ੀ ਸਮੇਂ ਤੱਕ ਇਹ ਕਾਰਵਾਈ ਰੁਕੀ ਰਹੀ। 

ਹੋਟਲਾਂ ਵਾਲਿਆਂ ਵਲੋਂ ਹਾਈਕੋਰਟ ਦੇ ਹੁਕਮ ਇੰਨ-ਬਿੰਨ ਲਾਗੂ ਕਰਨ ਲਈ ਕਹਿੰਦੇ ਹੋਏ ਕਿਹਾ ਹਾਈ ਕੋਰਟ ਵਲੋਂ ਗਲਿਆਰਾ ਸਥਿਤ ਹੋਟਲਾਂ, ਸਰਾਂਵਾਂ ਤੋਂ ਇਲਾਵਾ ਵਪਾਰਿਕ ਅਦਾਰਿਆਂ ‘ਤੇ ਵੀ ਕਾਰਵਾਈ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ । ਹੋਟਲਾਂ ‘ਤੇ ਕਾਰਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਵਪਾਰਿਕ ਅਦਾਰਿਆਂ ‘ਤੇ ਪਹਿਲਾ ਕਾਰਵਾਈ ਕਰਨ ਦੀ ਸ਼ਰਤ ਰੱਖ ਦਿੱਤੀ । ਇਸ ਉਪਰੰਤ ਏ.ਡੀ.ਸੀ.ਪੀ. ਸ: ਸੁਖਪਾਲ ਸਿੰਘ ਦੇ ਨਾਲ ਇਸ ਟੀਮ ਨੇ ਗਲਿਆਰੇ ‘ਚ ਕੁਝ ਦੁਕਾਨਾਂ ਦੇ ਪਾਣੀ ਅਤੇ ਬਿਜਲੀ ਦੇ ਕੁਨੈੱਕਸ਼ਨ ਕੱਟੇ । ਇੱਥੇ ਵੀ ਟੀਮ ਨੂੰ ਦੁਕਾਨਦਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਕਾਰਵਾਈ ਰੋਕਣੀ ਪਈ । 

ਵਿਰੋਧ ਦੇ ਕਾਰਨ ਬਾਰ-ਬਾਰ ਕਾਰਵਾਈ ਦੇ ਰੁਕਣ ਤੋਂ ਬਾਅਦ ਨਿਗਮ ਦੇ ਸੰਯੁਕਤ ਕਮਿਸ਼ਨਰ ਨਿਤਿਸ਼ ਸਿੰਗਲਾ ਵਲੋਂ ਕਾਰਵਾਈ ਦੀ ਅਗਵਾਈ ਕੀਤੀ ਗਈ।  ਇਸ ਉਪਰੰਤ ਕਾਰਵਾਈ ‘ਚ ਕੁਝ ਤੇਜ਼ੀ ਅਤੇ ਨਿਗਮ ਦੀ ਟੀਮ ਨੇ ਦੋ ਹੋਟਲ ਸੀਲ ਕੀਤੇ। ਇਸ ਉਪਰੰਤ ਇਹ ਟੀਮ ਜਿਉਂ ਹੀ ਕਾਰਵਾਈ ਲਈ ਕਾਂਗਰਸੀ ਕਾਸਲਰ ਜਤਿੰਦਰ ਸਿੰਘ ਮੋਤੀ ਭਾਟੀਆ ਦੇ ਹੋਟਲ ਵਿਖੇ ਪੁੱਜੀ ਤਾਂ ਹੋਟਲਾਂ ਵਾਲਿਆਂ ਵਲੋਂ ਮੁੜ ਵਿਰੋਧ ਸ਼ੁਰੂ ਕਰ ਦਿੱਤਾ।  ਇਸ ਦੌਰਾਨ ਡੀ. ਸੀ. ਪੀ. ਸ: ਜਗਜੀਤ ਸਿੰਘ ਵਾਲੀਆ ਮੌਕੇ ‘ਤੇ ਪੁੱਜ ਗਏ ਜਿਸ ਤੋਂ ਬਾਅਦ ਹੋਟਲਾਂ ਵਾਲਿਆਂ ਦੀ ਪੁਲਿਸ, ਸੰਯੁਕਤ ਕਮਿਸ਼ਨਰ, ਐਮ. ਟੀ. ਪੀ. ਅਤੇ ਪਾਵਰਕਾਮ ਐਕਸੀਅਨ ਸ: ਸਿਮਰਪਾਲ ਸਿੰਘ ਦਰਮਿਆਨ ਬੈਠਕ ਹੋਈ ਕਰੀਬ 50 ਮਿੰਟ ਤੱਕ ਚੱਲੀ ਇਹ ਬੈਠਕ ਬੇਸਿੱਟਾ ਰਹੀ।  

ਇਸ ਉਪਰੰਤ ਨਿਗਮ ਦੀ ਟੀਮ ਜਾਰੀ ਰਹੀ । ਜਿਸ ਦੌਰਾਨ ਕਈ ਹੋਟਲਾਂ ਵਾਲੇ ਆਪਣੇ ਹੋਟਲਾਂ ਦੇ ਹੋਏ ਸਟੇਅ ਆਰਡਰਾਂ ਦੀਆਂ ਕਾਪੀਆਂ ਦਿਖਾ ਕੇ ਕਾਰਵਾਈ ਤੋਂ ਬਚ ਗਏ । ਭਾਵੇਂ ਕਿ ਨਗਰ ਨਿਗਮ ਵਲੋਂ ਗਲਿਆਰਾ ਵਿਖੇ ਕਾਰਵਾਈ ਲਈ 106 ਹੋਟਲਾਂ, ਸਰਾਂਵਾਂ ਅਤੇ ਹੋਰ ਵਪਾਰਿਕ ਅਦਾਰਿਆਂ ਦੀਆਂ ਦੋ ਸੂਚੀਆਂ ਤਿਆਰ ਕੀਤੀਆਂ ਸਨ ਪਰ 10 ਘੰਟਿਆਂ ਦੀ ਇਸ ਕਾਰਵਾਈ ਵਿਚ ਇਹ ਟੀਮ ਕੇਵਲ ਦਰਜਨ ਹੋਟਲਾਂ ਅਤੇ ਤਿੰਨ ਚਾਰ ਹੋਰ ਵਪਾਰਿਕ ਸਥਾਨਾਂ ‘ਤੇ ਹੀ ਕਾਰਵਾਈ ਕਰਨ ‘ਚ ਸਫਲ ਹੋਈ । 


ਇਸ ਕਾਰਵਾਈ ਦੇ ਵਿਰੋਧ ਕਰਦੇ ਹੋਏ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸ: ਸੁਰਿੰਦਰ ਸਿੰਘ, ਚੇਅਰਮੈਨ ਸ: ਹਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਬਣੇ ਹੋਟਲਾਂ ਨੂੰ ਹੀ ਕਥਿਤ ਤੌਰ ‘ਤੇ ਇਕ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੋਰ ਧਾਰਮਿਕ ਸਥਾਨਾਂ ਨੇੜੇ ਵੀ ਇਸ ਤਰ੍ਹਾਂ ਦੇ ਹੋਟਲ ਬਣੇ ਹੋਏ ਹਨ ਜਿਨ੍ਹਾਂ ‘ਤੇ ਕਦੀ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਦਿੱਲੀ ‘ਚ ਇਸੇ ਤਰ੍ਹਾਂ ਦੇ ਬਣੇ ਹੋਟਲਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਾਮਨ ਵੈਲਥ ਖੇਡਾਂ ਦੌਰਾਨ ਦਿੱਲੀ ਸਰਕਾਰ ਨੇ ਅਜਿਹੇ 1870 ਹੋਟਲਾਂ ਰੈਗੂਲਰ ਕੀਤਾ ਸੀ। ਉਨ੍ਹਾਂ ਕਿਹਾ ਇਸੇ ਤਰਜ਼ ‘ਤੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਆਮਦ ਨੂੰ ਦੇਖਦੇ ਹੋਏ। ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣੇ ਹੋਟਲਾਂ ਨੂੰ ਰੈਗੂਲਰ ਕੀਤਾ ਜਾਵੇ।

  •  
  •  
  •  
  •  
  •