ਕੈਨੇਡਾ ਪੜ੍ਹਨ ਗਏ ਪਟਿਆਲਾ ਦੇ ਨੌਜਵਾਨ ਦੀ ਮੌਤ

ਪਟਿਆਲਾ :ਪਟਿਆਲਾ ਦੇ ਰਣਜੀਤ ਵਿਹਾਰ ਦੇ ਰਹਿਣ ਵਾਲੇ ਇੱਕ ਪਰਿਵਾਰ ਨੂੰ ਉਸ ਮੌਕੇ ਗਹਿਰਾ ਸਦਮਾ ਲੱਗਾ ਜਦੋਂ ਕੈਨੇਡਾ ਪੜ੍ਹਨ ਗਏ ਪੁੱਤਰ ਹਰਮਨਦੀਪ ਸਿੰਘ ਦੀ ਕੈਨੇਡਾ ‘ਚ ਮੌਤ ਹੋ ਗੲਈ। ਹਰਮਨਦੀਪ ਸਿੰਘ ਦੇ ਪਿਤਾ ਗੁਰਚਰਨ ਸਿੰਘ ਭਿੰਡਰ ਅਤੇ ਮਾਤਾ ਜਗਰੂਪ ਕੌਰ ਦਾ ਕਹਿਣਾ ਹੈ ਕਿ ਅਸੀਂ ਕਰਜ਼ਾ ਚੁੱਕ ਕੇ ਆਪਣੇ ਪੁੱਤਰ ਨੂੰ ਕੈਨੇਡਾ ਪੜ੍ਹਾਈ ਲਈ ਭੇਜਿਆ ਸੀ ਪਰ ਅਚਨਚੇਤ ਉਸ ਦੀ ਮੌਤ ਦੀ ਖ਼ਬਰ ਆਉਣ ਨਾਲ ਸਾਡੇ ‘ਤੇ ਦੁੱਖ ਦਾ ਪਹਾੜ ਟੁੱਟ ਪਿਆ ਹੈ। ਪਿਤਾ ਦਾ ਕਹਿਣਾ ਹੈ ਕਿ ਹਰਮਨਦੀਪ ਸਿੰਘ ਨਾਲ ਹਫਤਾ ਪਹਿਲਾ ਗੱਲਬਾਤ ਹੋਈ ਸੀ, ਜੋ ਬਿਲਕੁਲ ਠੀਕ-ਠਾਕ ਸੀ ਪਰ ਅਚਾਨਕ ਕੈਨੇਡਾ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਫੋਨ ਆਇਆ ਕਿ ਹਰਮਨਦੀਪ ਦੀ ਅਚਾਨਕ ਮੌਤ ਹੋ ਗਈ ਹੈ। ਪਿਤਾ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਅੱਜ ਉਹ ਆਪਣੇ ਪੁੱਤਰ ਦਾ ਮੂੰਹ ਵੇਖਣ ਨੂੰ ਤਰਸ ਰਹੇ ਹਨ, ਜਦਕਿ ਉਸ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਸਾਡੇ ਆਰਥਿਕ ਹਾਲਾਤ ਠੀਕ ਨਹੀਂ ਹਨ। ਹਰਮਨਦੀਪ ਸਿੰਘ ਦੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਨੇ ਜਿਥੇ ਭਾਰਤ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ, ਉਥੇ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਹਰਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ‘ਚ ਉਹ ਉਨ੍ਹਾਂ ਦੀ ਸਹਾਇਤਾ ਕਰਨ।

  •  
  •  
  •  
  •  
  •