ਗੁਰਦੁਆਰਾ ਨਨਕਾਣਾ ਸਾਹਿਬ ਦਾ ਰੰਗ ਪੀਲੇ ਤੋਂ ਸਫੈਦ ਕੀਤਾ

ਦੁਨੀਆ ਭਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਜੀ ਦੀ ਵਿਸ਼ਾਲ ਇਮਾਰਤ ਦਾ ਰੰਗ ਪੀਲੇ ਤੋਂ ਸਫੈਦ ਕਰ ਦਿੱਤਾ ਗਿਆ ਹੈ। ਗੁਰਦੁਆਰਾ ਨਨਕਾਣਾ ਸਾਹਿਬ ਜਦੋਂ ਤੋਂ ਬਣਿਆ ਹੈ, ਉਦੋਂ ਤੋਂ ਇਸ ਦਾ ਰੰਗ ਪੀਲਾ ਚਲਿਆ ਆ ਰਿਹਾ ਹੈ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੱਦੀ ਘਰ ਦਾ ਰੰਗ ਪੀਲਾ ਹੀ ਸੀ। ਇਸ ਲਈ ਜਦੋਂ ਬਾਬੇ ਨਾਨਕ ਦੇ ਮਕਾਨ ਦੀ ਥਾਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਬਣਿਆ ਤਾਂ ਉਸ ਦਾ ਰੰਗ ਘਰ ਵਾਲਾ ਹੀ ਪੀਲਾ ਰੰਗ ਰੱਖਿਆ ਗਿਆ। ਹਾਲ ਹੀ ਵਿਚ ਪਾਕਿਸਤਾਨ ਦੇ ਵੱਖ-ਵੱਖ ਦੇ ਗੁਰਧਾਮਾਂ ਦੀ ਯਾਤਰਾ ਤੋਂ ਪਰਤੇ।ਯਾਤਰੀਆਂ ਨੈ ਦੱਸਿਆ ਕਿ ਪਾਕਿਸਤਾਨੀ ਲੋਕਾਂ ਵਿਚ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਲੈ ਕੇ ਬਹੁਤ ਹੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਪਾਕਿਸਤਾਨ ਵਿਚ ਮੁਦੱਸਰ ਹਸਨ ਦੇ ਸੱਦੇ ਉਸ ਦੇ ਮਾਮੇ ਚੌਧਰੀ ਸ਼ੌਕਤ ਅਲੀ ਦੇ ਮਹਿਮਾਨ ਬਣ ਇਕ ਹਫਤਾ ਰਹੇ ਤੇ ਇਸ ਸਮੇਂ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਮੋਹ ਪਿਆਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ ਹਸਨ ਅਬਦਾਲ, ਬਾਬਾ ਫਰੀਦ ਦੀ ਭੂਮੀ ਪਾਕਪਟਨ ਅਤੇ ਹਰੀ ਸਿੰਘ ਨਲੂਆ ਦੀ ਕਰਮ ਭੂਮੀ ਪੇਸ਼ਾਵਰ ਤੇ ਜਮਰੌਦ ਦੇ ਵੀ ਦਰਸ਼ਨ ਕੀਤੇ ਹਨ। ਸ੍ਰੀ ਨਨਕਾਣਾ ਸਾਹਿਬ ਵਿਖੇ ਜਿਸ ਥਾਂ ‘ਤੇ ਸਾਕਾ ਨਨਕਾਣਾ ਵਾਪਰਿਆ ਤੇ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਜੰਡ ਨਾਲ ਬੰਨ੍ਹ ਕੇ ਸ਼ਹੀਦ ਕੀਤਾ ਗਿਆ, ਉਹ ਜੰਡ ਅਜੇ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ ਉਸ ਦੇ ਨੇੜੇ ਹੀ ਸੋਨੇ ਦੀ ਉਹ ਪਾਲਕੀ ਮੌਜੂਦ ਹੈ, ਜੋ ਕਿ 14 ਸਾਲ ਪਹਿਲਾਂ ਦਿੱਲੀ ਵਾਲੇ ਸਰਨਾ ਭਰਾ ਉਥੇ ਲੈ ਕੇ ਗਏ ਸਨ।

  • 4
  •  
  •  
  •  
  •