ਭੀੜਾਂ ਰਾਹੀਂ ਹੁੰਦੀਆਂ ਹੱਤਿਆਵਾਂ ਵਿਰੁੱਧ ਆਵਾਜ਼ ਚੁੱਕਣ ਵਾਲੇ ਦੇਸ਼ ਧ੍ਰੋਹੀ : ਹਿੰਦੂ ਮਹਾ ਸਭਾ

ਅਲੀਗੜ੍ਹ : ਭੀੜ ਦੁਆਰਾ ਕੁੱਟ-ਕੁੱਟ ਕੇ ਕੀਤੀਆਂ ਜਾ ਰਹੀਆਂ ਹੱਤਿਆਵਾਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਵਿਰੁੱਧ ਦੇਸ ਧ੍ਰੋਹੀ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਇਹ ਬਿਆਨ ਹਿੰਦੂ ਮਹਾਂ ਸਭਾ ਨੇ ਜਾਰੀ ਕੀਤਾ ਹੈ। ਹਿੰਦੂ ਸਭਾ ਨੇ ਭੀੜ ਰਾਹੀਂ ਹੱਤਿਆਵਾਂ ਵਿਰੁਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਣ ਵਾਲੀਆਂ 49 ਸ਼ਖ਼ਸੀਅਤਾਂ ਵਿਰੁਧ ਦੇਸ਼ਧ੍ਰੋਹ ਦੇ ਦੋਸ਼ ਹੇਠ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਮਹਾਸਭਾ ਦੇ ਕਾਰਕੁਨਾਂ ਨੇ ਪ੍ਰਧਾਨ ਮੰਤਰੀ ਨੂੰ ਭੇਜੇ ਗਏ ਖ਼ੂਨ ਨਾਲ ਲਿਖੇ 101 ਪੱਤਰਾਂ ਵਿਚ ਕਿਹਾ ਹੈ ਕਿ ਅਜਿਹੇ ਗ਼ਦਾਰਾਂ ਵਿਰੁਧ ਦੇਸ਼ਧ੍ਰੋਹ ਦੇ ਦੋਸ਼ ਹੇਠ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮਿਲੇ ਕੌਮੀ ਪੁਰਸਕਾਰ ਵਾਪਸ ਲੈ ਲੈਣੇ ਚਾਹੀਦੇ ਹਨ।

ਹਿੰਦੂ ਮਹਾਸਭਾ ਦੇ ਕੌਮੀ ਬੁਲਾਰੇ ਅਸ਼ੋਕ ਪਾਂਡੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੁਸਲਮਾਨਾਂ ਅਤੇ ਦਲਿਤਾਂ ਦੀ ਕਥਿਤ ‘ਮੌਬ ਲਿੰਚਿੰਗ’ ਦਾ ਮੁੱਦਾ ਦੁਨੀਆਂ ਵਿਚ ਭਾਰਤ ਨੂੰ ਬਦਨਾਮ ਕਰਨ ਲਈ ਸਾਜ਼ਸ਼ ਤਹਿਤ ਚੁਕਿਆ ਜਾ ਰਿਹਾ ਹੈ। ਪਾਂਡੇ ਨੇ ਕਿਹਾ ਕਿ ਘੱਟਗਿਣਤੀਆਂ ਅਤੇ ਦਲਿਤਾਂ ਦਾ ਮਸੀਹਾ ਬਣਨ ਦੀ ਕੋਸ਼ਿਸ਼ ਕਰ ਰਹੀਆਂ ਇਹ ਵੱਡੀਆਂ ਹਸਤੀਆਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਉਸ ਵਕਤ ਚੁੱਪ ਰਹਿੰਦੀਆਂ ਹਨ ਜਦ ਕਸ਼ਮੀਰ ਘਾਟੀ ਵਿਚ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। 

ਉਧਰ, ਇਕ ਹੋਰ ਜਥੇਬੰਦੀ ਹਿੰਦੂ ਜਾਗਰਣ ਮੰਚ ਨੇ ਸੜਕ ‘ਤੇ ਨਮਾਜ਼ ਦੇ ਨਾਲ-ਨਾਲ ਆਰਤੀ ਅਤੇ ਹਨੂਮਾਨ ਚਾਲੀਸਾ ਦੇ ਪਾਠ ‘ਤੇ ਰੋਕ ਲਾਉਣ ਵਾਲੇ ਅਲੀਗੜ੍ਹ ਦੇ ਜ਼ਿਲ੍ਹਾ ਅਧਿਕਾਰੀ ਚੰਦਰਭੂਸ਼ਣ ਸਿੰਘ ਦੀ ਮੁਅੱਤਲੀ ਦੀ ਮੰਗ ਕਰਦਿਆਂ ਅਜਿਹਾ ਨਾ ਕਰਨ ‘ਤੇ ਦੇਸ਼ਵਿਆਪੀ ਅੰਦੋਲਨ ਵਿੱਢਣ ਦੀ ਗੱਲ ਕਹੀ। ਮੰਚ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਚੌਹਾਨ ਨੇ ਜਥੇਬੰਦੀ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਵਿਰੁਧ ਮੁਕੱਦਮਾ ਦਰਜ ਕਰਾਉਣ ਲਈ ਵੀ ਜ਼ਿਲ੍ਹਾ ਅਧਿਕਾਰੀ ਦੀ ਆਲੋਚਨਾ ਕੀਤੀ।

  • 157
  •  
  •  
  •  
  •