​​​​​​​ ਲਾਦੇਨ ਦਾ ਪੁੱਤਰ ਹਮਜ਼ਾ–ਬਿਨ–ਲਾਦੇਨ ਮਾਰਿਆ ਗਿਆ

ਅਲ–ਕਾਇਦਾ ਦੇ ਮਾਰ–ਮੁਕਾਏ ਗਏ ਆਗੂ ਓਸਾਮਾ–ਬਿਨ–ਲਾਦੇਨ ਦਾ ਪੁੱਤਰ ਹਮਜ਼ਾ–ਬਿਨ–ਲਾਦੇਨ ਦੀ ਵੀ ਮੌਤ ਹੋ ਗਈ ਹੈ। ਇਹ ਦਾਅਵਾ ਬੁੱਧਵਾਰ ਨੂੰ ਇੱਕ ਅਮਰੀਕੀ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਕੀਤਾ ਹੈ।

ਚੇਤੇ ਰਹੇ ਕਿ ਹਮਜ਼ਾ–ਬਿਨ–ਲਾਦੇਨ ਵੀ ਅੱਤਵਾਦੀਆਂ ਵਾਂਗ ਹੀ ਵਿਚਰ ਰਿਹਾ ਸੀ। ਉੱਧਰ ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਤੋਂ ਵੀ ਜਦੋਂ ਐੱਨਬੀਸੀ ਨਿਊਜ਼ ਦੇ ਪੱਤਰਕਾਰ ਨੇ ਬੁੱਧਵਾਰ ਨੂੰ ਪੁੱਛਿਆ ਕਿ ਉਹ ਹਮਜ਼ਾ–ਬਿਨ–ਲਾਦੇਨ ਦੀ ਮੌਤ ਬਾਰੇ ਕੀ ਆਖਣਾ ਚਾਹੁਣਗੇ, ਤਾਂ ਉਨ੍ਹਾਂ ਅੱਗਿਓਂ ਸਿਰਫ਼ ਇੰਨਾ ਹੀ ਆਖਿਆ ਕਿ ਉਹ ਇਸ ਮਾਮਲੇ ’ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦੇ।
 

ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਵੀ ਇਸ ਮਾਮਲੇ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਹਮਜ਼ਾ–ਬਿਨ–ਲਾਦੇਨ ਦੀ ਉਮਰ 30 ਕੁ ਸਾਲ ਸੀ ਤੇ ਉਹ 11 ਸਤੰਬਰ, 2001 ਨੂੰ ਨਿਊ ਯਾਰਕ ਦੇ ਵਰਲਡ ਟਰੇਡ ਸੈਂਟਰ ਉੱਤੇ ਹੋਏ ਹਮਲਿਆਂ ਤੋਂ ਪਹਿਲਾਂ ਸਦਾ ਆਪਣੇ ਪਿਓ ਦੀ ਮਦਦ ਕਰਦਾ ਰਹਿੰਦਾ ਸੀ। ਅਫ਼ਗ਼ਾਨਿਸਤਾਨ ਉੱਤੇ ਅਮਰੀਕੀ ਹਮਲੇ ਤੋਂ ਬਾਅਦ ਵੀ ਉਸ ਨੇ ਆਪਣਾ ਜ਼ਿਆਦਾਤਰ ਸਮਾਂ ਪਾਕਿਸਤਾਨ ਵਿੱਚ ਹੀ ਬਿਤਾਇਆ ਸੀ।

ਅਮਰੀਕਾ ਦੇ ਇੱਕ ਵਿਸ਼ੇਸ਼ ਫ਼ੌਜੀ ਦਸਤੇ ਨੇ ਪਾਕਿਸਤਾਨ ’ਚ ਸਾਲ 2011 ਦੌਰਾਨ ਓਸਾਮਾ–ਬਿਨ–ਲਾਦੇਨ ਨੂੰ ਮਾਰ ਮੁਕਾਇਆ ਸੀ। ਉਸ ਵੇਲੇ ਹਮਜ਼ਾ ਨੂੰ ਈਰਾਨ ’ਚ ਇੱਕ ਘਰ ਅੰਦਰ ਨਿਜ਼ਰਬੰਦ ਕਰ ਕੇ ਰੱਖਿਆ ਗਿਆ ਸੀ। ਉਦੋਂ ਉਸ ਕੋਲੋਂ ਜਿਹੜੇ ਦਸਤਾਵੇਜ਼ ਬਰਾਮਦ ਹੋਏ ਸਨ; ਉਨ੍ਹਾਂ ਤੋਂ ਇਹੋ ਪਤਾ ਲੱਗਦਾ ਸੀ ਕਿ ਉਹ ਆਪਣੇ ਪਿਤਾ ਨੂੰ ਮਿਲਣ ਦਾ ਜਤਨ ਕਰ ਰਿਹਾ ਹੈ।

ਹੁਣ ‘ਨਿਊ ਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਹਮਜ਼ਾ ਨੂੰ ਮਰਵਾਉਣ ਦੀ ਕਾਰਵਾਈ ਪਿੱਛੇ ਅਮਰੀਕਾ ਦੀ ਭੂਮਿਕਾ ਸੀ। ਉਸ ਦੀ ਰਿਪੋਰਟ ਮੁਤਾਬਕ ਹਮਲਾ ਨੂੰ ਦੋ ਕੁ ਸਾਲਾਂ ਦੌਰਾਨ ਹੀ ਕਿਸੇ ਵੇਲੇ ਮਰਵਾ ਦਿੱਤਾ ਗਿਆ ਸੀ।

  • 63
  •  
  •  
  •  
  •