ਪਾਕਿ ਦੇ ਕੂਟਨੀਤਿਕ ਫੈਸਲਿਆਂ ਨਾਲ ਕਰਤਾਰਪੁਰ ਲਾਂਘਾ ਨਹੀਂ ਹੋਵੇਗਾ ਪ੍ਰਭਾਵਿਤ: ਕੈਪਟਨ ਅਮਰਿੰਦਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵੱਲੋਂ ਭਾਰਤ ਨਾਲ ਕੂਟਨੀਤਿਕ ਸਬੰਧ ਘਟਾਉਣ ਦੇ ਲਏ ਫੈਸਲੇ ’ਤੇ ਚਿੰਤਾ ਜ਼ਾਹਰ ਕਰਦਿਆਂ ਇਸ ਕਦਮ ਦਾ ਕਰਤਾਰਪੁਰ ਲਾਂਘੇ ਦੇ ਨਿਰਮਾਣ ’ਤੇ ਮਾੜਾ ਪ੍ਰਭਾਵ ਨਾ ਪੈਣ ਦੀ ਉਮੀਦ ਪ੍ਰਗਟਾਈ ਹੈ।
ਇਸਲਾਮਾਬਾਦ ਵਿੱਚੋਂ ਭਾਰਤੀ ਹਾਈ ਕਮਿਸ਼ਨਰ ਨੂੰ ਕੱਢਣ ਦੇ ਫੈਸਲੇ ਅਤੇ ਨਵੀਂ ਦਿੱਲੀ ਨਾਲ ‘ਦੁੱਵਲੇ ਸਮਝੌਤਿਆਂ’ ਦਾ ਜਾਇਜ਼ਾ ਲੈਣ ਦੀਆਂ ਰਿਪੋਰਟਾਂ ’ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਪਾਕਿਸਤਾਨ ਦੇ ਇਸ ਕਦਮ ਨੂੰ ਬਗੈਰ ਸੋਚੀ ਸਮਝੀ ਅਤੇ ਬੇਮੌਕਾ ਕਾਰਵਾਈ ਦੱਸਿਆ।
ਉਨਾਂ ਕਿਹਾ ਕਿ ਕਸ਼ਮੀਰ, ਭਾਰਤ ਦਾ ਅੰਦਰੂਨੀ ਮਾਮਲਾ ਹੈ ਜਿਸ ਨੂੰ ਖਿੱਤੇ ਦੇ ਸਬੰਧ ਵਿੱਚ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਹੈ। ਉਨਾਂ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤ ਨਾਲ ਕੂਟਨੀਤਿਕ ਰਿਸ਼ਤੇ ਘਟਾਉਣ ਲਈ ਇਸ ਨੂੰ ਬਹਾਨੇ ਦੇ ਤੌਰ ’ਤੇ ਨਹੀਂ ਵਰਤਣਾ ਚਾਹੀਦਾ।
ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦਾ ਫੈਸਲਾ ਖੇਤਰੀ ਸੁਰੱਖਿਆ ਦੇ ਹਿੱਤ ਵਿੱਚ ਨਹੀਂ ਹੈ। ਉਨਾਂ ਨੇ ਚਿਤਾਵਨੀ ਦਿੱਤੀ ਕਿ ਦੱਖਣੀ-ਪੂਰਬੀ ਏਸ਼ੀਆ ਖਿੱਤੇ ਦੀ ਸ਼ਾਂਤੀ ਨੂੰ ਅਸਥਿਰ ਕਰਨ ਲਈ ਕੋਈ ਵੀ ਅਜਿਹਾ ਕਦਮ ਗੁਆਂਢੀ ਮੁਲਕ ਲਈ ਵੀ ਘਾਤਕ ਸਿੱਧ ਹੋਵੇਗਾ।
ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਨੇ ਉਮੀਦ ਪ੍ਰਗਟਾਈ ਕਿ ਇਸ ਘਟਨਾਕ੍ਰਮ ਦਾ ਕਰਤਾਰਪੁਰ ਲਾਂਘੇ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ ਅਤੇ ਬਹੁਤ ਸ਼ਿੱਦਤ ਨਾਲ ਉਡੀਕੇ ਜਾ ਰਹੇ ਇਸ ਲਾਂਘੇ ਦਾ ਕੰਮ ਰੋਕ ਕੇ ਪਾਕਿਸਤਾਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਨਹੀਂ ਮਾਰੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ਦੇ ਸਤਿਕਾਰ ਵਿੱਚ ਕਰਤਾਰਪੁਰ ਲਾਂਘਾ ਦਾ ਨਿਰਮਾਣ ਕਰਨ ਦੇ ਫੈਸਲੇ ਦਾ ਦੁਨੀਆ ਭਰ ਦੇ ਸਿੱਖਾਂ ਨੇ ਸਵਾਗਤ ਕੀਤਾ ਸੀ ਅਤੇ ਜੇਕਰ ਹੁਣ ਇਸ ਪ੍ਰਾਜੈਕਟ ਨੂੰ ਲੀਹੋਂ ਲਾਹੁਣ ਲਈ ਕੋਈ ਵੀ ਕਦਮ ਚੁੱਕਿਆ ਗਿਆ ਤਾਂ ਇਸ ਨਾਲ ਲੱਖਾਂ ਸ਼ਰਧਾਲੂਆਂ ਨੂੰ ਨਿਰਾਸ਼ਾ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਰਾਜਸੀ ਜੋੜ-ਤੋੜ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ’ਤੇ ਹਾਵੀ ਹੋਣ ਦੀ ਆਗਿਆ ਨਹੀਂ ਦੇਣੀ ਚਾਹੀਦੀ, ਜਿਨਾਂ ਲਈ ਕਰਤਾਰਪੁਰ ਗੁਰਦੁਆਰਾ ਸ਼ਰਧਾ ਤੇ ਸਤਿਕਾਰ ਦਾ ਪ੍ਰਤੀਕ ਹੈ
ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਕਸ਼ਮੀਰ ਵਿੱਚੋਂ ਧਾਰਾ 370 ਖਾਰਜ ਕੀਤੇ ਜਾਣ ਬਾਅਦ ਦੋਵੇਂ ਮੁਲਕਾਂ ਦਰਮਿਆਨ ਬਣੇ ਹਾਲਾਤ ਦੇ ਬਾਵਜੂਦ ਉਹ ਇਸ ਮਸਲੇ  ਨੂੰ ਇਸਲਾਮਾਬਾਦ ਕੋਲ ਪਹਿਲ ਦੇ ਆਧਾਰ ’ਤੇ  ਉਠਾਵੇ ਅਤੇ ਕਰਤਾਰਪੁਰ ਲਾਂਘੇ ਦੀ ਉਸਾਰੀ ਨੂੰ ਯਕੀਨੀ ਬਣਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤ ਨਾਲ ਤਜਾਰਤੀ ਸਬੰਧ ਮੁਅੱਤਲ ਕਰਨ ਅਤੇ ਕੂਟਨੀਤਕ ਰਿਸ਼ਤੇ ਘਟਾਉਣ ਲਈ ਫੈਸਲੇ ਤੋਂ ਬਾਅਦ ਦੋਵੇਂ ਮੁਲਕ ਕਰਤਾਰਪੁਰ ਕੌਰੀਡੋਰ ਦੀ ਪ੍ਰਗਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕ ਸਕਦੇ ਹਨ।
ਉਨਾਂ ਕਿਹਾ ਕਿ ਕਰਤਾਰਪੁਰ ਦਾ ਕਸ਼ਮੀਰ ਮਸਲੇ ਜਾਂ ਦੋਵੇਂ ਦੇਸ਼ਾਂ ਲਈ ਚਿੰਤਾ ਦੇ ਕਿਸੇ ਹੋਰ ਮੁੱਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਭਾਰਤ ਦੇ ਲੋਕਾਂ ਖਾਸ ਤੌਰ ’ਤੇ ਸਿੱਖਾਂ ਲਈ ਇਕ ਬੇਹੱਦ ਖਾਸ ਅਤੇ ਮੁਕੱਦਸ ਮੌਕਾ ਹੈ।

  • 74
  •  
  •  
  •  
  •