370 ਧਾਰਾ: ਸੁਪਰੀਮ ਕੋਰਟ ਵੱਲੋਂ ਸੁਣਵਾਈ ਛੇਤੀ ਕਰਨ ਤੋਂ ਨਾਂਹ

ਸੁਪਰੀਮ ਕੋਰਟ (SC) ਵੱਲੋਂ ਧਾਰਾ 370 ਖ਼ਤਮ ਕਰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਤੇ ਛੇਤੀ ਸੁਣਵਾਈ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜਸਟਿਸ ਐੱਨਵੀ ਰਮੰਨਾ ਦੀ ਅਗਵਾਈ ਹੇਠਲੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਇਹ ਮਾਮਲਾ ਵਾਜਬ ਬੈਂਚ ਸਾਹਵੇਂ ਰੱਖਿਆ ਜਾਵੇਗਾ
ਇਸ ਦਾ ਮਤਲਬ ਹੈ ਕਿ ਵਕੀਲ ਮਨੋਹਰ ਲਾਲ ਸ਼ਰਮਾ ਵੱਲੋਂ ਦਾਇਰ ਪਟੀਸ਼ਨ ਉੱਤੇ ਸੁਣਵਾਈ ਦੀ ਤਰੀਕ ਹੁਣ ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਤੈਅ ਕਰਨਗੇ।
ਉੱਧਰ ਸੁਪਰੀਮ ਕੋਰਟ ਵਿੱਚ ਤਹਿਸੀਨ ਪੂਨਾਵਾਲਾ ਦੀ ਉਸ ਪਟੀਸ਼ਨ ਉੱਤੇ ਵੀ ਸੁਣਵਾਈ ਅੱਜ ਸ਼ੁਰੂ ਹੋ ਸਕਦੀ ਹੈ; ਜਿਸ ਵਿੱਚ ਜੰਮੂ–ਕਸ਼ਮੀਰ ’ਚੋਂ ਕਰਫ਼ਿਊ ਹਟਾਉਣ, ਫ਼ੋਨ ਲਾੲਨਾਂ – ਇੰਟਰਨੈੱਟ ਤੇ ਨਿਊਜ਼ ਚੈਨਲ ਖੋਲ੍ਹਣ ਅਤੇ ਜੰਮੂ–ਕਸ਼ਮੀਰ ’ਚ ਲੱਗੀਆਂ ਹੋਰ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਗਈ ਹੈ।
ਇਸ ਪਟੀਸ਼ਨ ਵਿੱਚ ਹਿਰਾਸਤ ’ਚ ਰੱਖੇ ਸਿਆਸੀ ਆਗੂਆਂ ਦੀ ਰਿਹਾਈ ਦੀ ਮੰਗ ਵੀ ਕੀਤੀ ਗਈ ਹੈ। ਇਨ੍ਹਾਂ ਆਗੂਆਂ ਨੂੰ ਜਾਂ ਤਾਂ ਉਨ੍ਹਾਂ ਦੇ ਆਪਣੇ ਹੀ ਘਰਾਂ ਵਿੱਚ ਨਜ਼ਰਬੰਦ ਰੱਖਿਆ ਜਾ ਰਿਹਾ ਹੈ ਤੇ ਜਾਂ ਉਨ੍ਹਾਂ ਨੂੰ ਆਮ ਲੋਕਾਂ ਤੋਂ ਵੱਖ ਰੱਖਿਆ ਜਾ ਰਿਹਾ ਹੈ।
ਕਸ਼ਮੀਰ ਵਾਦੀ ਵਿੱਚ ਅਜਿਹੇ ਹਾਲਾਤ ਕਾਰਨ ਆਮ ਲੋਕਾਂ ਵਿੱਚ ਕਾਫ਼ੀ ਰੋਹ ਤੇ ਰੋਸ ਪਾਇਆ ਜਾ ਰਿਹਾ ਹੈ। ਉੱਧਰ ਪਾਕਿਸਤਾਨ ਨੂੰ ਇਸ ਮਾਮਲੇ ’ਚ ਬਹੁਤ ਤਕਲੀਫ਼ ਹੋਈ ਹੈ; ਜਦ ਕਿ ਇਹ ਭਾਰਤ ਦਾ ਆਪਣਾ ਅੰਦਰੂਨੀ ਮਾਮਲਾ ਹੈ।
ਕੱਲ੍ਹ ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਭਾਰਤ ਵਾਪਸ ਚਲੇ ਜਾਣ ਲਈ ਆਖ ਦਿੱਤਾ ਹੈ ਤੇ ਉਸ ਨੇ ਆਪਣਾ ਨਵੀਂ ਦਿੱਲੀ ਸਥਿਤ ਹਾਈ ਕਮਿਸ਼ਨਰ ਵੀ ਵਾਪਸ ਸੱਦ ਲਿਆ ਹੈ।

  •  
  •  
  •  
  •  
  •