ਜੰਮੂ-ਕਸ਼ਮੀਰ ਦਾ ਖਾਸ ਦਰਜਾ ਤੋੜਨਾ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੇ ਬਰਾਬਰ ਦੀ ਕਾਰਵਾਈ

PRESS NOTE

ਚੰਡੀਗੜ੍ਹ, 6 ਅਗਸਤ (2019): ਜੰਮੂ ਕਸ਼ਮੀਰ ਦੇ ਖਾਸ ਸੰਵਿਧਾਨਕ ਰੁਤਬੇ ਨੂੰ ਤੋੜਕੇ ਉਸਨੂੰ ਯੂਨੀਅਨ ਟੈਰਿਟਰੀ ਬਣਾਉਣ ਦੀ ਕਾਰਵਾਈ ਨੂੰ ਸਿੱਖ ਚਿੰਤਕਾਂ ਨੇ ਦਿੱਲੀ ਹਾਕਮਾਂ ਵੱਲੋਂ ਦਰਬਾਰ ਸਾਹਿਬ ਉਤੇ 1984 ਵਿਚ ਹੋਏ ਹਮਲੇ ਦੇ ਤੁੱਲ ਦੱਸਿਆ। ਉਹ ਫੌਜੀ ਹਮਲਾ ਵੀ ਹਿੰਦੂਤਵ ਦੀ ਧੌਂਸ ਜਮਾਉਣ ਅਤੇ ਹਕਮੂਤੀ ਤਸ਼ੱਦਦ ਤੇਜ਼ ਕਰਨ ਲਈ ਘੱਟ ਗਿਣਤੀ ਬਿਰਾਦਰੀ ਨੂੰ ਗੁਲਾਮੀਅਤ ਦਾ ਅਹਿਸਾਸ ਕਰਵਾ ਕੇ ਦੂਜੇ ਦਰਜੇ ਦੇ ਸ਼ਹਿਰੀ ਬਣਾਉਣਾ ਸੀ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿਚ ਇਕੱਠੇ ਹੋਏ ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਦੇਸ਼ ਦੀ 1947 ਵਿਚ ਕੀਤੀ ਵੰਡ ਵੀ ਹਿੰਦੂਤਵ ਅਧਾਰਤ ਭਾਰਤੀ ਨੇਸ਼ਨ-ਸਟੇਟ ਖੜ੍ਹੀ ਕਰਨ ਦੇ ਮਨਸੂਬਿਆਂ ਕਰਕੇ ਹੀ ਹੋਈ ਸੀ। ਉਸ ਤੋਂ ਤੁਰੰਤ ਬਾਅਦ ਹਿੰਦੂਤਵੀ ਭਾਰਤੀ ਕੌਮ ਖੜ੍ਹਾ ਕਰਨ ਲਈ ਦਿੱਲੀ ਹਾਕਮਾਂ ਨੇ ਵੱਖੋ-ਵੱਖ ਕੌਮੀਅਤਾਂ ਨੂੰ ਤੋੜਨਾ-ਭੰਨਣਾ ਸ਼ੁਰੂ ਕਰ ਦਿੱਤਾ। ਇਸ ਪ੍ਰਕਿਰਿਆ ਵਿਚ ਸਿੱਖ ਕੌਮ, ਜਿਹੜੀ ਕਾਂਗਰਸੀ ਲੀਡਰਾਂ ਦੇ ਅਖੌਤੀ ਪਵਿੱਤਰ ਵਾਅਦਿਆਂ ਕਰਕੇ ਭਾਰਤੀ ਯੂਨੀਅਨ ਵਿਚ ਸ਼ਾਮਲ ਹੋਈ ਸੀ, ਉਹ ਤਾਨਾਸ਼ਾਹੀ ਕਾਰਵਾਈਆਂ ਦਾ ਪਹਿਲਾ ਨਿਸ਼ਾਨਾ ਬਣੀ, ਜਿਸ ਕਰਕੇ ਪੰਜਾਬ ਨੂੰ ਵੀ ਜੰਮੂ-ਕਸ਼ਮੀਰ ਵਾਂਗ ਸਬ-ਸਟੇਟ ਬਣਾ ਕੇ ਚੰਡੀਗੜ੍ਹ ਰਾਜਧਾਨੀ, ਹੈਡ ਵਰਕਸ ਅਤੇ ਦਰਿਆਈ ਪਾਣੀਆਂ ਤੋਂ ਵਿਰਵੇ ਕਰ ਦਿੱਤਾ ਹੈ।
ਇਸੇ ਤਰ੍ਹਾਂ ਬਹੁਗਿਣਤੀ ਮੁਸਲਮਾਨ ਭਾਈਚਾਰੇ ਵਾਲੇ ਜਮੂੰ-ਕਸ਼ਮੀਰ ਨੂੰ ਵੀ ਭਾਰਤੀ ਹਾਕਮਾਂ ਵੱਲੋਂ ਲੋਕਤੰਤਰ ਖੜ੍ਹਾ ਕਰਨ ਦੇ ਸੁਪਨੇ ਦਿਖਾਉਣ ਕਾਰਨ ਹੀ ਪਾਕਿਸਤਾਨ ਨੂੰ ਛੱਡ ਕੇ ਭਾਰਤੀ ਯੂਨੀਅਨ ਨਾਲ ਧਾਰਾ 370 ਵਰਗੇ ਸੰਵਿਧਾਨਕ ਬੰਦਬੋਸਤਾਂ ਕਰਕੇ ਹੀ ਆਪਣੀ ਹੋਣੀ ਜੋੜੀ ਸੀ।
ਜੰਮੂ-ਕਸ਼ਮੀਰ ਦੇ ਝਗੜੇ ਕਰਕੇ ਹਿੰਦੁਸਤਾਨ ਅਤੇ ਪਾਕਿਸਤਾਨ ਵਿਚ ਤਿੰਨ ਜੰਗਾਂ ਵੀ ਹੋ ਚੁੱਕੀਆਂ ਹਨ। ਇਹ ਮਸਲਾ ਯੂ ਐਨ ਓ ਦੀ ਸਕਿਉਰਿਟੀ ਕੌਂਸਲ ਵਿਚ ਪਹੁੰਚ ਕੇ ਅੰਤਰ-ਰਾਸ਼ਟਰੀ ਵਿਵਾਦ ਬਣ ਚੁੱਕਿਆ ਹੈ। ਇਸ ਸਭ ਕੁੱਝ ਨੂੰ ਨਜ਼ਰ-ਅੰਦਾਜ਼ ਕਰਦਿਆਂ ਮੋਦੀ ਸਰਕਾਰ ਨੇ ਧੱਕੇ ਨਾਲ ਰਾਸ਼ਟਰਪਤੀ ਅਤੇ ਪਾਰਲੀਮੈਂਟ ਦੀ ਅਖੌਤੀ ਮੋਹਰ ਲਵਾ ਕੇ ਕਸ਼ਮੀਰੀਆਂ ਤੋਂ ਉਨ੍ਹਾਂ ਦਾ ਹੋਮਲੈਂਡ ਖੋਹ ਲੈਣ ਦੀ ਤੇਜ਼ੀ ਨਾਲ ਕਾਰਵਾਈ ਕਰ ਲਈ ਹੈ।
ਇਸ ਸਾਜ਼ਿਸ਼ੀ ਪ੍ਰਕਿਰਿਆ ਨੂੰ ਪੂਰੀ ਕਰਨ ਲਈ 1984 ਵਿਚ ਸ਼ੁਰੂ ਪੰਜਾਬ ਤੇ ਸਿੱਖ ਵਿਰੋਧੀ ਪ੍ਰਕਿਰਿਆ ਦੀ ਤਰਜ਼ ‘ਤੇ ਜਮੂੰ-ਕਸ਼ਮੀਰ ਵਿਚ ਵੀ ਫੌਜੀ ਨਫਰੀ ਵਧਾ ਕੇ ਅਤੇ ਕਰਫਿਊ ਲਗਾ ਕੇ ਲੋਕਾਂ ਨੂੰ ਘਰਾਂ ਅੰਦਰ ਬੰਦ ਕਰ ਦਿੱਤਾ ਗਿਆ ਹੈ।
ਸਿੱਖ ਚਿੰਤਕਾਂ ਨੇ ਕਿਹਾ ਕਿ ਜਿਵੇਂ ਦਰਬਾਰ ਸਾਹਿਬ ਉਤੇ ਹਮਲੇ ਤੋਂ ਬਾਅਦ ਹਿੰਦੂਤਵੀ ਲੋਕਾਂ ਨੇ ਮਠਿਆਈਆਂ ਵੰਡੀਆਂ ਸਨ, ਉਸ ਤੋਂ ਵੀ ਵੱਧ ਜ਼ਸਨ ਭਾਜਪਾ ਦੇ ਵਰਕਰਾਂ ਨੇ ਮਨਾਏ ਹਨ। ਪਰ ਇਹ ਅਨੈਤਿਕ ਤੇ ਘਿਰਣਾਮਈ ਕਾਰਵਾਈ ਸਮਾਜ ਵਿਚ ਹਿੰਸਾ ਫੈਲਾਵੇਗੀ, ਜਿਹੜੀ ਦਸ਼ੇ ਦੇ ਟੁੱਟਣ ਦਾ ਸਬੱਬ ਵੀ ਬਣ ਸਕਦੀ ਹੈ।
ਭਾਰਤ ਵਰਗਾ ਵਿਸ਼ਾਲ ਅਤੇ ਵੱਖ ਵੱਖ ਕਮੌੀਅਤਾਂ ਦਾ ਸਮੂਹ ਸਿਰਫ ਫੈਡਰਲ ਢਾਂਚੇ ਰਾਹੀਂ ਭੂਗੋਲਿਕ ਏਕਤਾ ਦੀ ਥਾਂ “ਮਨਾਂ ਦੀ ਏਕਤਾ” ਖੜ੍ਹੀ ਕਰ ਕੇ ਦੇਸ਼ ਇਕ ਰਹਿ ਸਕਦਾ ਹੈ। ਭਾਜਪਾ ਦਾ ਹਿੰਦੂ ਰਾਸ਼ਟਰ ਖੜ੍ਹਾ ਕਰਨ ਦਾ ਏਜੰਡਾ “ਮਨਾਂ ਦੀ ਏਕਤਾ” ਬਣਾਉਣ ਦੀ ਥਾਂ ਲੋਕਾਂ ਨੂੰ ਘੱਟਗਿਣਤੀ-ਬਹੁ ਗਿਣਤੀ ਫਿਰਕੇ ਵਿਚ ਵੰਡ ਕੇ ਦੇਸ਼ ਨੂੰ ਹਿੰਸਾਮਈ ਤੇ ਤਾਨਾਸ਼ਾਹੀ ਰਾਜ ਪ੍ਰਬੰਧ ਵੱਲ ਧੱਕ ਰਿਹਾ ਹੈ। ਜੰਮੂ-ਕਸ਼ਮੀਰ ਦਾ ਵਰਤਾਰਾ ਇਸ ਦੀ ਉਘੜਦੀ ਮਿਸਾਲ ਹੈ।
ਸਿੱਖ ਬੁਧੀਜੀਵੀਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ, ਜਿਨ੍ਹਾਂ ਨੇ 370 ਧਾਰਾ ਤੋੜਨ ਵਿਚ ਭਾਜਪਾ ਦਾ ਸਾਥ ਦਿੱਤਾ, ਦੀ ਪੁਰਜ਼ੋਰ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਬਾਦਲ ਅਕਾਲੀ ਦਲ ਨੇ ਪੁਰਾਣੀ ਹਿਸਟਰੀ ਨੂੰ ਕਲੰਕਤ ਕਰ ਦਿੱਤਾ, ਜਦੋਂ ਅਕਾਲੀ ਦਲ 1950 ਤੋਂ ਹੀ ਸਿੱਖਾਂ ਅਤੇ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਲੜਾਈ ਲੜਦਾ ਰਿਹਾ, ਜਿਸ ਕਰਕੇ ਹਜ਼ਾਰਾਂ ਸਿੱਖਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ।
ਉਨ੍ਹਾਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਕਸ਼ਮੀਰ ਵਰਤਾਰੇ ਕਰਕੇ ਦੱਖਣੀ ੲਸ਼ੇੀਆ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਭਾਰਤ ਅਤੇ ਪਾਕਿਸਤਾਨ ਦੇ ਆਪਸੀ ਤਨਾਓ ਨੂੰ ਵਧਾ ਕੇ ਪੰਜਾਬ ਅਤੇ ਦਸ਼ੇ ਦੇ ਉੱਤਰੀ ਖਿੱਤੇ ਜੰਗੀ ਮੈਦਾਨ ਦਾ ਖੇਤਰ ਬਣ ਸਕਦੇ ਹਨ।
ਇਸ ਮੀਟਿੰਗ ਵਿਚ ਸ. ਗੁਰਤਜੇ ਸਿੰਘ ਆਈ ਏ ਐਸ, ਪ੍ਰੋ. ਗੁਰਦਰਸ਼ਨ ਸਿੰਘ ਢਿੱਲੋੱ, ਪ੍ਰੋ. ਮਨਜੀਤ ਸਿੰਘ, ਜਰਨਲਿਸਟ ਸੁਖਦੇਵ ਸਿੰਘ, ਜਸਪਾਲ ਸਿੰਘ, ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ, ਸ਼੍ਰੋਮਣੀ ਖਾਲਸਾ ਪੰਚਾਇਤ ਦੇ ਕਨਵੀਨਰ ਸ. ਰਾਜਿੰਦਰ ਸਿੰਘ ਖਾਲਸਾ ਅਤੇ ਦੇਸ ਪੰਜਾਬ ਦੇ ਸ. ਗੁਰਬਚਨ ਸਿੰਘ ਸ਼ਾਮਲ ਹੋਏ।

  • 51
  •  
  •  
  •  
  •