​​​​​370 ਧਾਰਾ ਖ਼ਤਮ ਹੋਣ ਪਿੱਛੋਂ ਪਾਕਿਸਤਾਨ ਦਾ ਵਿਦੇਸ਼ ਮੰਤਰੀ ਚੀਨ ਪਹੁੰਚਿਆ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅੱਜ ਅਚਾਨਕ ਚੀਨ ਦੀ ਰਾਜਧਾਨੀ ਬੀਜਿੰਗ ਪੁੱਜ ਗਏ ਹਨ। ਉਹ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਉਸ ਦੇਸ਼ ਦੇ ਹੋਰ ਆਗੂਆਂ ਨਾਲ ਮੁਲਾਕਾਤ ਕਰਨਗੇ। ਇਹ ਵੀ ਪਤਾ ਲੱਗਾ ਹੈ ਕਿ ਸ੍ਰੀ ਕੁਰੈਸ਼ੀ ਨੇ ਆਪਣੇ ਇਸ ਦੌਰੇ ਦਾ ਪ੍ਰੋਗਰਾਮ ਬਹੁਤ ਕਾਹਲ਼ੀ ਵਿੱਚ ਬਣਾਇਆ ਹੈ। ਇੱਥੇ ਵਰਨਣਯੋਗ ਹੈ ਕਿ ਚੀਨ ਤੇ ਪਾਕਿਸਤਾਨ ਦੋਵੇਂ ਇੱਕ–ਦੂਜੇ ਨੂੰ ‘ਲੋਹ–ਭਰਾ’ ਆਖ ਕੇ ਬੁਲਾਉਂਦੇ ਹਨ।
ਭਾਰਤ ਸਰਕਾਰ ਵੱਲੋਂ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀਆਂ ਧਾਰਾਵਾਂ 370 ਤੇ 35–ਏ ਖ਼ਤਮ ਕਰਨ ਤੋਂ ਬਾਅਦ ਸ੍ਰੀ ਕੁਰੈਸ਼ੀ ਦੇ ਇਸ ਦੌਰੇ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਚੀਨ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਕੁਰੈਸ਼ੀ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵੱਲੋਂ ਚੁੱਕੇ ਗਏ ਕਦਮ ਪੂਰੀ ਤਰ੍ਹਾਂ ਗ਼ੈਰ–ਸੰਵਿਧਾਨਕ ਹਨ ਤੇ ਭਾਰਤ ਖੇਤਰੀ ਅਮਨ–ਚੈਨ ਨੂੰ ਭੰਗ ਕਰ ਰਿਹਾ ਹੈ।
ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਕਸ਼ਮੀਰ ਮੁੱਦੇ ਉੱਤੇ ਚੀਨੀ ਲੀਡਰਸ਼ਿਪ ਨੂੰ ਭਰੋਸੇ ਵਿੱਚ ਲੈਣਗੇ। ਉਨ੍ਹਾਂ ਕਿਹਾ ਕਿ ਉਹ ਭਾਰਤੀ ਕਸ਼ਮੀਰ ਵਿੱਚ ਕਥਿਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਚੀਨ ਨੂੰ ਜਾਣੂ ਕਰਵਾਉਣਗੇ।
ਸ੍ਰੀ ਕੁਰੈਸ਼ੀ ਨੇ ਇੱਥੋਂ ਤੱਕ ਵੀ ਕਿਹਾ ਕਿ ਭਾਰਤ ਹੁਣ ਪੁਲਵਾਮਾ ਜਿਹੇ ਕੋਈ ਦਹਿਸ਼ਤਗਰਦ ਹਮਲੇ ਦਾ ਨਾਟਕ ਕਰ ਸਕਦਾ ਹੈ; ਤਾਂ ਜੋ ਕਸ਼ਮੀਰ ਦੀ ਜਨਤਾ ਦੀ ਮੌਜੂਦਾ ਹਾਲਤ ਤੋਂ ਸਾਰੀ ਦੁਨੀਆ ਦਾ ਧਿਆਨ ਭਟਕਾਇਆ ਜਾ ਸਕੇ।

  • 67
  •  
  •  
  •  
  •