ਸ੍ਰ. ਕੁਲਬੀਰ ਸਿੰਘ ਕੌੜਾ ਨੂੰ ਯਾਦ ਕਰਦਿਆਂ!

ਸ੍ਰ. ਕੁਲਬੀਰ ਸਿੰਘ ਕੌੜਾ ਬੇਮਿਸਾਲ ਪ੍ਰਤਿਭਾ ਦਾ ਮਾਲਕ ਸੀ। ਔਖੀਆਂ ਤੋਂ ਔਖੀਆਂ ਹਾਲਤਾਂ ਵਿਚ ਵੀ ਉਹ ਆਪਣਾ ਸਹਿਜ ਬਣਾਈ ਰਖਦਾ ਸੀ। ਉਸਦੀ ਜਿੰਦਾਦਿਲੀ ਉਸਦੀਆਂ ਲਿਖਤਾਂ ਵਿਚੋਂ ਸਪਸ਼ਟ ਝਲਕਦੀ ਹੈ। ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬੀ ਵਿਚ ਕੋਈ ਕਿਤਾਬ ਨਹੀਂ ਵਿਕਦੀ। ਪੰਜਾਬੀਆਂ ਨੂੰ ਪੜ੍ਹਣ ਦੀ ਆਦਤ ਨਹੀਂ। ਪਰ ਉਸਦੀ ਲਿਖੀ ਕਿਤਾਬ ‘…ਤੇ ਸਿਖ ਵੀ ਨਿਗਲਿਆ ਗਿਆ’ ਦੀਆਂ 45 ਹਜਾਰ ਦੇ ਕਰੀਬ ਕਾਪੀਆਂ ਵਿਕ ਚੁਕੀਆ ਹਨ। ਮੇਰੀ ਜਾਣਕਾਰੀ ਵਿਚ ਪੰਜਾਬੀ ਦੀ ਇਹੋ ਜਿਹੀ ਹੋਰ ਕੋਈ ਕਿਤਾਬ ਨਹੀਂ, ਜਿਹੜੀ ਏਨੇ ਥੋੜੇ ਸਮੇ ਵਿਚ ਏਨੀ ਜਿਆਦਾ ਵਿਕੀ ਹੋਵੇ। ਅਜੇ ਤਕ ਵੀ ਇਹ ਕਿਤਾਬ ਦੋ-ਢਾਈ ਹਜਾਰ ਦੇ ਹਿਸਾਬ ਨਾਲ ਹਰ ਸਾਲ ਵਿਕੀ ਜਾ ਰਹੀ ਹੈ।
ਇਸ ਕਿਤਾਬ ਦੇ ਲਿਖਣ ਦੀ ਗਾਥਾ ਵੀ ਬੜੀ ਰੌਚਿਕ ਹੈ। ਮੈਂ ਇਕ ਦਿਨ ਸ੍ਰ. ਕੌੜਾ ਦੇ ਘਰ ਬੈਠਾ ਸਾਂ ਕਿ ਮੇਰੀ ਨਜਰ ਉਹਨਾ ਦੀ ਨੂੰਹ ਵਲੋਂ ਬਾਹਰ ਸੁਟੀ ਹੋਈ ਅਖਬਾਰਾਂ ਦੀ ਰੱਦੀ ਉਤੇ ਪਈ। ਉਸ ਰੱਦੀ ਵਿਚ ਇਕ ਰੁੰਡਿਆ-ਮਰੁੰਡਿਆ ਜਿਹਾ ਹੱਥ ਲਿਖਤ ਖਰੜਾ ਪਿਆ ਸੀ। ਮੈਂ ਉਹ ਖਰੜਾ ਚੁਕ ਕੇ ਵੇਖਣ ਲਗ ਪਿਆ। ਮੈਂ ਖਰੜੇ ਦੇ ਪਹਿਲੇ ਸਫੇ ਉਤੇ ਉਸਦਾ ਨਾਂ ਪੜ੍ਹਿਆ ਤਾਂ ਉਹ ਮੈਨੂੰ ਬੜਾ ਦਿਲਚਸਪ ਲਗਾ। ਪਾਰਲੀਮੈਂਟ ਉਡਾਉਣ ਦੀ ਸਾਜਿਸ਼ ਤੇ ਸੀ ਬੀ ਆਈ। ਜਦੋਂ ਮੈਂ ਉਸ ਖਰੜੇ ਬਾਰੇ ਕੌੜਾ ਸਾਹਿਬ ਨੂੰ ਪੁਛਿਆ, ਤਾਂ ਉਹ ਮੇਰੇ ਹੱਥ ਵਿਚੋਂ ਖਰੜਾ ਫੜ੍ਹ ਕੇ ਕਹਿਣ ਲਗੇ ਛਡ ਪਰਾਂ, ਮੈਂ ਇਹ ਜੇਲ੍ਹ ਵਿਚ ਝਰੀਟਿਆ ਸੀ ਤੇ ਉਹ ਉਸਨੂੰ ਫਿਰ ਰੱਦੀ ਵਿਚ ਸੁਟਣ ਲਗੇ। ਮੈਂ ਉਹਨਾ ਦੇ ਹੱਥੋਂ ਉਹ ਖਰੜਾ ਫੜ ਕੇ ਘਰ ਲੈ ਆਇਆ।
ਜਿਸ ਨੌਜਵਾਨ ਕੋਲੋ ਮੈਂ ‘ਦੇਸ ਪੰਜਾਬ’ ਕੰਪੋਜ ਕਰਵਾਉਂਦਾ ਸਾਂ, ਉਸਦੇ ਹੱਥ ਖਰੜਾ ਫੜਾ ਕੇ ਮੈਂ ਉਸ ਨਾਲ ਇਕ ਸੌਦਾ ਕੀਤਾ ਕਿ ਜੇ ਤੇ ਇਹ ਛਪਣ ਯੋਗ ਹੋਇਆ ਤਾਂ ਉਸਨੂੰ ਪੂਰਾ ਮਿਹਨਤਾਨਾ ਮਿਲੇਗਾ, ਪਰ ਜੇ ਇਹ ਛਪਣ ਯੋਗ ਨਾ ਹੋਇਆ ਤਾਂ ਮੈਂ ਆਪਣੇ ਕੋਲੋ ਉਸਨੂੰ ਇਕ ਹਜਾਰ ਰੁਪਈਆ ਦਿਆਂਗਾ। ਉਹ ਨੌਜਵਾਨ ਭਾਵੇਂ ਹੈ ਤੇ ਥੋੜੀ ਉਮਰ ਦਾ ਸੀ ਪਰ ਹੈ ਸੀ ਬੜਾ ਸਿਆਣਾ। ਜਦੋਂ ਆਪਣੇ ਪਰਚੇ ਦੇ ਸਬੰਧ ਵਿਚ ਮੈਂ ਉਸਨੂੰ ਦੁਬਾਰਾ ਮਿਲਿਆ ਤਾਂ ਮੈਨੂੰ ਵੇਖਦੇ ਸਾਰ ਉਸਦੇ ਪਹਿਲੇ ਸ਼ਬਦ ਸਨ, ਭਾਅ ਜੀ ਇਹ ਤਾਂ ਬੜੀ ਦਿਲਚਸਪ ਕਿਤਾਬ ਜੇ। ਮੈਂ ਉਸਨੂੰ ਸਾਰਾ ਖਰੜਾ ਫੌਰੀ ਕੰਪੋਜ ਕਰਨ ਲਈ ਕਹਿ ਦਿਤਾ। ਜਦੋਂ ਮੈਂ ਉਹ ਕੰਪੋਜ ਕੀਤਾ ਸਾਰਾ ਖਰੜਾ ਪੜ੍ਹਿਆ ਤਾਂ ਉਸਦੀ ਲਿਖਣ ਸ਼ੈਲੀ ਤੇ ਉਸਦਾ ਤਤ ਵੇਖ ਕੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਏਨੀ ਉਚ ਪਾਏ ਦੀ ਲਿਖਤ ਰੱਦੀ ਵਿਚ ਚਲੀ ਜਾਣੀ ਸੀ।
ਫਿਰ ਉਸ ਕਿਤਾਬ ਦੀ ਛਪਣ ਦੀ ਸਮਸਿਆ ਪੈਦਾ ਹੋ ਗਈ। ਕੌੜਾ ਸਾਹਿਬ ਨੇ ਆਪਣੇ ਇਕ ਪੰਥਕ ਦੋਸਤ ਕੋਲੋ ਇਸ ਕਿਤਾਬ ਦੇ ਛਾਪਣ ਦੀ ਸਲਾਹ ਮੰਗ ਲਈ। ਰਬੋਂ ਹੀ ਉਹ ਦੋਸਤ ਵਕੀਲ ਵੀ ਸੀ। ਉਸਨੇ ਇਹ ਕਹਿ ਕੇ ਕਿਤਾਬ ਛਾਪਣ ਤੋਂ ਰੋਕ ਦਿਤਾ ਕਿ ਇਸ ਲਈ ਉਹਨਾ ਨੂੰ ਬਾਅਦ ਵਿਚ ਬਹੁਤ ਸਾਰੀਆਂ ਕਾਨੂੰਨੀ ਅੜਿਚਣਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਇਹ ਕਿਤਾਬ ਸੀ ਬੀ ਆਈ ਦੀ ਪੜਤਾਲ ਨਾਲ ਸਬੰਧਤ ਹੈ। ਅਸੀਂ ਇਕ ਦੋ ਚੰਗੇ ਪਬਲਿਸ਼ਰਾਂ ਨੂੰ ਵੀ ਇਸ ਕਿਤਾਬ ਦੇ ਛਾਪਣ ਬਾਰੇ ਪੁਛਿਆ। ਉਹਨਾਂ ਨੇ ਵੀ ਨਾਂਹ ਕਰ ਦਿਤੀ। ਸ੍ਰ. ਕੌੜਾ ਦੀ ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਮੈਂ ਇਸਨੂੰ ਆਪਣੇ ਨਾਂ ਉਤੇ ਛਪਵਾਉਣ ਦਾ ਫੈਸਲਾ ਕਰ ਲਿਆ। ਪਰ ਫਿਰ ਵੀ ਉਹ ਦੁਵਿਧਾ ਵਿਚ ਹੀ ਰਹੇ। ਜਦੋਂ ਉਹਨਾ ਦੀ ਕਿਤਾਬ ‘ਪਾਰਲੀਮੈਂਟ ਉਡਾਉਣ ਦੀ ਸਾਜਿਸ਼ ਤੇ ਸੀ ਬੀ ਆਈ’ ਨੂੰ ਪਾਠਕਾਂ ਨੇ ਭਰਵਾਂ ਹੁੰਗਾਰਾ ਦਿਤਾ ਤਾਂ ਇਸਦੀ ਉਹਨਾ ਨੂੰ ਬਹੁਤ ਖੁਸ਼ੀ ਹੋਈ। ਪਹਿਲੇ ਸਾਲ ਵਿਚ ਹੀ ਕਿਤਾਬ ਦਾ ਦੂਜਾ ਐਡੀਸ਼ਨ ਛਾਪਣਾ ਪਿਆ। ਇਕ ਸਾਲ ਵਿਚ ਹੀ 4 ਹਜਾਰ ਕਿਤਾਬ ਵਿਕ ਗਈ।
ਇਸ ਤੋਂ ਉਤਸ਼ਾਹਿਤ ਹੋ ਕੇ ਉਹਨਾ ਨੇ ਸਿਖ ਸੰਘਰਸ਼ ਨਾਲ ਸਬੰਧਤ ਆਪਣੇ ਅਨੁਭਵਾਂ ਨੂੰ ਲਿਖਣਾ ਸ਼ੁਰੂ ਕੀਤਾ। ਜਿਹਨਾਂ ਨੂੰ ਅਸੀਂ ‘ਦੇਸ ਪੰਜਾਬ’ ਵਿਚ ਲਗਾਤਾਰ ਛਾਪਦੇ ਰਹੇ। ਪਹਿਲਾ-ਪਹਿਲਾ ਉਹ ਹੱਥ ਨਾਲ ਲਿਖਦੇ ਸਨ। ਪਰ ਬਾਅਦ ਵਿਚ ਸ੍ਰ. ਦਲਬੀਰ ਸਿੰਘ ਹੁਰਾਂ ਵੱਲ ਵੇਖ ਉਹਨਾ ਨੇ ਵੀ ਵਡੇ ਬੇਟੇ ਕੋਲ ਬੈਠ ਕੇ ਕੰਪਿਊਟਰ ਉਤੇ ਹੀ ਬੋਲ ਕੇ ਲਿਖਵਾਉਣਾ ਸ਼ੁਰੂ ਕਰ ਦਿਤਾ। ਬਸ ਇਥੋਂ ਹੀ ਇਸ ਕਿਤਾਬ ਦਾ ਜਨਮ ਹੋਇਆ। ਇਸਦੇ ਟਾਈਟਲ ਉਤੇ ਲਾਉਣ ਵਾਸਤੇ ਅਜਗਰ ਦੀ ਤਸਵੀਰ ਲਭਣ ਲਈ ਉਹ ਤਿੰਨ ਦਿਨ ਖੌਝਲਦੇ ਰਹੇ। ਇਹ ਟਾਈਟਲ ਵੀ ਉਹਨਾ ਨੇ ਛੋਟੇ ਬੇਟੇ ਕੋਲ ਬੈਠ ਕੇ ਬਣਵਾਇਆ। ਉਹਨਾ ਨੇ ਇਹ ਵੀ ਯਕੀਨੀ ਬਣਾਇਆ ਕਿ ਅਜਗਰ ਹੇਠਲੀ ਜਮੀਨ ਮਿਟੈਲੇ ਰੰਗ ਦੀ ਹੋਵੇ।
ਉਹਨਾ ਦੀਆਂ ਲਿਖਤਾਂ ਵਿਚ ਏਨੀ ਰਵਾਨਗੀ ਹੈ ਕਿ ਇਕ ਵਾਰ ਬੰਦਾ ਕਿਸੇ ਵੀ ਲਿਖਤ ਨੂੰ ਪੜ੍ਹਣ ਬੈਠ ਜਾਏ, ਉਸਨੂੰ ਪੂਰੀ ਪੜ੍ਹੇ ਬਗੈਰ ਛਡ ਨਹੀਂ ਸਕਦਾ। ਇਸਦਾ ਇਕ ਕਾਰਨ ਇਹ ਵੀ ਹੈ ਕਿ ਉਹਨਾਂ ਨੂੰ ਕਿਤਾਬਾਂ ਪੜ੍ਹਣ ਦਾ ਬੜਾ ਸ਼ੌਂਕ ਸੀ। ਉਹਨਾ ਦੀ ਯਾਦਦਾਸ਼ਤ ਅਮੁਕ ਗਿਆਨ ਦਾ ਭੰਡਾਰ ਸੀ। ਕਿਹਾ ਜਾਂਦਾ ਹੈ ਕਿ ਸਿਖ ਇਤਿਹਾਸ ਦੀ ਸਿਰਜਣਾ ਕਰਦੇ ਹਨ, ਪਰ ਆਪਣਾ ਇਤਿਹਾਸ ਲਿਖਣਾ ਨਹੀਂ ਜਾਣਦੇ। ਸ੍ਰ. ਕੌੜਾ ਨੇ ਇਸ ਕਥਨ ਨੂੰ ਝੂਠਾ ਸਾਬਤ ਕੀਤਾ। ‘ਪਾਰਲੀਮੈਂਟ ਉਡਾਉਣ ਦੀ ਸਾਜਿਸ਼ ਤੇ ਸੀ ਬੀ ਆਈ’ ਪੜ੍ਹ ਕੇ ਪਤਾ ਲਗਦਾ ਹੈ, ਕਿ ਉਹਨਾ ਨੇ ਆਪਣੇ ਵੇਲੇ ਦੇ ਸਿਖ ਸੰਘਰਸ਼ ਨੂੰ ਕਿੰਨੇ ਭਰਵੇਂ ਰੂਪ ਵਿਚ ਪੇਸ਼ ਕੀਤਾ ਹੈ। ਇਹ ਕਿਤਾਬ ਪੜ੍ਹ ਕੇ ਹੀ ਪਤਾ ਲਗਦਾ ਹੈ ਕਿ ਉਸ ਵੇਲੇ ਦੇ ਵਹਿਸ਼ੀ ਪੁਲਸੀ ਜਬਰ ਨੂੰ ਸ੍ਰ. ਕੌੜਾ ਸਮੇਤ ਸਿੰਘਾਂ ਨੇ ਕਿੰਨੀ ਸਿਦਕਦਿਲੀ ਨਾਲ ਆਪਣੇ ਪਿੰਡਿਆਂ ਉਤੇ ਹੰਢਾਇਆ।
ਇਕ ਸਾਧਾਰਨ ਕਿਸਾਨੀ ਪਰਿਵਾਰ ਵਿਚੋਂ ਉਠ ਕੇ ਇਹ ਮਾਅਰਕਾ ਮਾਰਨ ਵਾਲਾ ਵਿਅਕਤੀ ਹਾਰੀ ਸਾਰੀ ਮਨੁਖ ਨਹੀਂ ਹੋ ਸਕਦਾ। ਸਚੀ-ਮੁਚੀ ਕੁਲਬੀਰ ਸਿੰਘ ਕੌੜਾ ਇਕ ਵਡੀ ਸਖਸ਼ੀਅਤ ਸੀ। ਸ੍ਰ. ਕੁਲਬੀਰ ਸਿੰਘ ਕੌੜਾ ਨਾ ਕਦੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੀ ਸੰਗਤ ਵਿਚ ਵਿਚਰਿਆ ਸੀ ਅਤੇ ਨਾ ਹੀ ਉਸਨੇ ਉਹਨਾ ਦੇ ਕਦੇ ਦਰਸ਼ਨ ਕੀਤੇ ਸਨ। ਪਰ ਜੂਨ 1984 ਵਿਚ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਸਮੇ ਸੰਤਾਂ ਵਲੋਂ ਦਿਖਾਈ ਸੂਰਮਗਤੀ ਉਸਦੇ ਮਨ-ਮਸਤਕ ਉਤੇ ਉਕਰੀ ਗਈ ਸੀ। ਉਹ ਸੰਤਾਂ ਦੇ ਕਟੜ ਤੋਂ ਕਟੜ ਵਿਰੋਧੀਆਂ ਦਰਮਿਆਨ ਹੁੰਦਾ ਹੋਇਆ ਵੀ ਉਹਨਾ ਪ੍ਰਤੀ ਕੋਈ ਮਾੜਾ ਸ਼ਬਦ ਨਹੀਂ ਸੀ ਸੁਣ ਸਕਦਾ। ਸੰਤਾਂ ਪ੍ਰਤੀ ਉਸਦੇ ਮਨ ਵਿਚ ਅਥਾਹ ਸ਼ਰਧਾ ਸੀ। ਇਹ ਸ਼ਰਧਾ ਕਿਸੇ ਅੰਧ ਵਿਸ਼ਵਾਸ ਕਾਰਨ ਨਹੀਂ ਸੀ ਬਣੀ, ਬਲਕਿ ਉਹਨਾ ਦੇ ਨਿਭਾਏ ਗਏ ਇਤਿਹਾਸਕ ਰੋਲ ਕਾਰਨ ਸੀ। ਉਸਦੀਆਂ ਬਾਕੀ ਸਾਧਾਂ ਬਾਰੇ ਲਿਖੀਆ ਲਿਖਤਾਂ ਤੋਂ ਵੀ ਇਸ ਕਥਨ ਦੀ ਪੁਸ਼ਟੀ ਹੁੰਦੀ ਹੈ। ਉਸਦੀ ਜੁਝਾਰੂ ਬਿਰਤੀ ਦਾ ਪਤਾ ਇਸ ਗੱਲ ਤੋ ਵੀ ਲਗਦਾ ਹੈ ਕਿ 19ਸੌ ਸਤਰਵਿਆਂ ਦੇ ਆਰੰਭ ਵਿਚ, ਜਦੋਂ ਨਕਸਲਬਾੜੀ ਲਹਿਰ ਦੇ ਆਗੂ ਚਾਰੂ ਮਾਜੂਮਦਾਰ ਪੰਜਾਬ ਵਿਚ ਆਏ ਤਾਂ ਉਹ ਉਹਨਾ ਨੂੰ ਮਿਲਣ ਤੇ ਵੇਖਣ ਲਈ ਜਲੰਧਰੋ ਸਾਈਕਲ ਉਤੇ ਨਕੋਦਰ ਗਿਆ। ਉਹ ਵੀ ਉਸ ਵੇਲੇ ਜਦੋਂ ਦੇਸ ਭਰ ਦੀ ਪੁਲਿਸ ਉਹਨਾ ਨੂੰ ਲਭਦੀ ਫਿਰ ਰਹੀ ਸੀ।
ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਤੋਂ ਬਾਅਦ ਸ੍ਰ. ਕੌੜਾ ਸਿਖ ਸੰਘਰਸ਼ ਦਾ ਇਕ ਅੰਗ ਬਣ ਕੇ ਵਿਚਰਿਆ। ਉਸਦੇ ਕੀਤੇ ਕੰਮ ਅੱਜ ਅਚੰਭਾਜਨਕ ਲਗ ਸਕਦੇ ਹਨ। ਉਸਨੇ ਖਾੜਕੂ ਸਿਖ ਸੰਘਰਸ਼ ਦੇ ਚੋਟੀ ਦੇ ਆਗੂਆਂ ਭਾਈ ਮਨਬੀਰ ਸਿੰਘ ਚਹੇੜੂ ਤੇ ਭਾਈ ਲਾਭ ਸਿੰਘ ਵਰਗਿਆ ਨਾਲ ਕੰਮ ਕਰਦਿਆਂ ਕਈ ਵਾਰ ਆਪਣੀ ਜਾਨ ਜੋਖਮ ਵਿਚ ਪਾਈ। ਉਸਨੇ ਪੈਸੇ ਪਖੋਂ ਆਪਣੀ ਅਮੀਰੀ ਅਤੇ ਜਿੰਦਗੀ ਦੇ ਸ਼ਾਹੀ ਠਾਠ-ਬਾਠ ਨੂੰ ਆਪਣੀ ਕਮਜੋਰੀ ਬਣਾਉਣ ਦੀ ਬਜਾਇ ਆਪਣੀ ਤਾਕਤ ਬਣਾ ਕੇ ਵਰਤਿਆ ਅਤੇ ਹਰ ਸੰਭਵ ਢੰਗ ਨਾਲ ਸਿਖ ਸੰਘਰਸ਼ ਦੀ ਮਦਦ ਕੀਤੀ। ਸਿਖ ਸੰਘਰਸ਼ ਦੌਰਾਨ ਤੇ ਉਹਨਾ ਦੇ ਜੇਲ੍ਹ ਵਿਚ ਹੁੰਦਿਆ ਹੀ ਸ੍ਰ. ਕੌੜਾ ਸਾਹਿਬ ਦੀ ਪਤਨੀ ਅਕਾਲ ਚਲਾਣਾ ਕਰ ਗਈ।
ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਤੋਂ ਫੌਰੀ ਬਾਅਦ ਚੌਂਕ ਮਹਿਤੇ ਜਾ ਕੇ ਦਮਦਮੀ ਟਕਸਾਲ ਦੇ ਡੇਰੇ ਦੀ ਸਾਂਭ ਸੰਭਾਲ ਕਰਵਾਉਣੀ, ਉਸ ਦੀ ਦਲੇਰੀ ਤੇ ਸਿਆਣਪ ਦਾ ਸਬੂਤ ਸੀ। ਜਦੋਂ ਪੱਤਾ-ਪੱਤਾ ਸਿੰਘਾਂ ਦਾ ਵੈਰੀ ਬਣਿਆ ਹੋਇਆ ਸੀ ਤੇ ਅਜੇ ਪੰਜਾਬ ਵਿਚ ਭਾਰਤੀ ਫੌਜ ਹਰਲ-ਹਰਲ ਕਰਦੀ ਫਿਰ ਰਹੀ ਸੀ, ਉਸ ਵੇਲੇ ਜਲੰਧਰ ਤੋਂ ਆਪਣੀ ਕਾਰ ਵਿਚ ਰੰਗ-ਰੋਗਨ ਭਰ ਕੇ ਤੇ ਮਜਦੂਰ ਲਿਜਾ ਕੇ ਚੌਂਕ ਮਹਿਤੇ ਦੇ ਗੁਰਦੁਆਰੇ ਦੀ ਕਲੀ ਕਰਵਾਉਣੀ ਤੇ ਸਫਾਈ ਕਰਵਾ ਕੇ ਉਥੇ ਲੰਗਰ ਚਲਦਾ ਕਰਨਾ, ਉਸ ਵੇਲੇ ਮਾਅਰਕੇਬਾਜੀ ਹੀ ਕਹੀ ਜਾ ਸਕਦੀ ਸੀ। ਇਸੇ ਦੌਰਾਨ ਸ੍ਰ. ਕੌੜਾ ਨੂੰ ਪਾਰਲੀਮੈਂਟ ਉਡਾਉਣ ਦੀ ਸਾਜਿਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਤੇ ਸੀ ਬੀ ਆਈ ਦੀ ਲੰਬੀ ਤੇ ਤਸੀਹੇ ਭਰੀ ਪੁਛ-ਪੜਤਾਲ ਤੋਂ ਬਾਅਦ ਉਸ ਨੂੰ ਤਿਹਾੜ ਜੇਲ੍ਹ ਵਿਚ ਨਜਰਬੰਦ ਰਖਿਆ ਗਿਆ। ਇਸੇ ਪੁਛ-ਪੜਤਾਲ ਤੇ ਤਿਹਾੜ ਜੇਲ੍ਹ ਵਿਚ ਬਿਤਾਏ ਆਪਣੇ ਦਿਨਾਂ ਨੂੰ ਉਸਨੇ ‘ਪਾਰਲੀਮੈਂਟ ਉਡਾਉਣ ਦੀ ਸਾਜਿਸ਼ ਤੇ ਸੀ ਬੀ ਆਈ’ ਵਿਚ ਜਿਉਂਦੇ ਕਰਨ ਦੀ ਕੋਸ਼ਿਸ਼ ਕੀਤੀ ਹੈ।
ਜਦੋਂ 1985 ਵਿਚ ਸਾਰੇ ਅਕਾਲੀ ਦਲ ਇਕੱਠੇ ਕਰ ਕੇ ਇਕ ਸਾਂਝਾ ਅਕਾਲੀ ਦਲ ਬਣਾਇਆ ਗਿਆ ਤਾਂ ਸ੍ਰ. ਕੌੜੇ ਨੂੰ ਜਲੰਧਰ ਜਿਲ੍ਹੇ ਦਾ ਪ੍ਰਧਾਨ ਬਣਾਇਆ ਗਿਆ। ਉਦੋਂ ਇਹ ਪ੍ਰਧਾਨਗੀ ਕੋਈ ਚੌਧਰ ਦਾ ਮੁਕਟ ਨਹੀਂ ਸੀ ਬਲਕਿ ਕੰਢਿਆਂ ਦੀ ਸੇਜ ਸੀ। ਇਕ ਪਾਸੇ ਸਿਖ ਪਰਿਵਾਰਾਂ ਉਤੇ ਵਹਿਸ਼ੀ ਜਬਰ ਢਾਹਿਆ ਜਾ ਰਿਹਾ ਸੀ ਤੇ ਦੂਜੇ ਪਾਸੇ ਸਰਕਾਰ ਵਲੋਂ ਲਗਾਤਾਰ ਇਹ ਕੋਸ਼ਿਸ਼ਾਂ ਕੀਤੀਆ ਜਾ ਰਹੀਆ ਸਨ ਕਿ ਇਸ ਜਬਰ ਵਿਰੁਧ ਰਤੀ ਭਰ ਵੀ ਆਵਾਜ ਨਾ ਉਠਣ ਦਿਤੀ ਜਾਵੇ। ਇਹਨਾਂ ਹਾਲਤਾਂ ਵਿਚ ਵੀ ਸ੍ਰ. ਕੌੜੇ ਨੇ ਆਪਣੀ ਜਿੰਮੇਵਾਰੀ ਪੂਰੀ ਤਰ੍ਹਾਂ ਨਿਭਾਈ। ਉਸਦੀ ਇਹ ਇਖਲਾਕੀ ਤਾਕਤ ਹੀ ਸੀ ਕਿ ਉਹਨਾਂ ਹਾਲਤਾਂ ਵਿਚ ਜਦੋਂ ਪੰਜਾਬ ਦੇ ਸਾਰੇ ਐਸ ਐਸ ਪੀ ਆਪਣੇ ਆਪ ਨੂੰ ਮੀਰ ਮੰਨੂ ਤੇ ਜਕਰੀਆ ਖਾਂ ਸਮਝਦੇ ਸਨ, ਉਦੋਂ ਵੀ ਉਹ ਅਜਿਹੇ ਕਈ ਐਸ ਐਸ ਪੀਆਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰਨ ਦੀ ਜੁਰਅਤ ਰਖਦਾ ਸੀ।
ਜਦੋਂ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਬਣਿਆ ਤਾਂ ਉਹ ਉਸਦੀ 11 ਮੈਂਬਰੀ ਕਮੇਟੀ ਦੇ ਇਕ ਅਹਿਮ ਮੈਂਬਰ ਅਤੇ ਅਹੁਦੇਦਾਰ ਸਨ। ਸਿਖ ਰਾਜਨੀਤੀ ਵਿਚੋਂ ਕੋਈ ਜਾਤੀ ਲਾਭ ਲੈਣ ਬਾਰੇ ਉਸਨੇ ਕਦੇ ਸੋਚਿਆ ਤਕ ਨਹੀਂ ਸੀ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ (ਮਾਨ) ਤੋਂ ਉਹਨਾ ਦਾ ਜਲਦੀ ਮੋਹ ਭੰਗ ਹੋ ਗਿਆ। ਖਾੜਕੂ ਸਿਖ ਸੰਘਰਸ਼ ਜਦੋਂ ਨਿਵਾਣ ਵੱਲ ਜਾ ਰਿਹਾ ਸੀ, ਤਾਂ ਸ੍ਰ. ਕੌੜਾ ਨੇ ਇਸ ਸੰਘਰਸ਼ ਵਿਚ ਮਿਲੀ ਪਛਾੜ ਦੇ ਕਾਰਨਾਂ ਬਾਰੇ ਡੂੰਘੀ ਸੋਚ ਵਿਚਾਰ ਕੀਤੀ। ਇਸੇ ਸੋਚ ਵਿਚਾਰ ਦਾ ਸਿਟਾ ਇਹ ਕਿਤਾਬ ਹੈ ‘….ਤੇ ਸਿਖ ਵੀ ਨਿਗਲਿਆ ਗਿਆ’। ਇਹ ਕੋਈ ਆਮ ਕਿਤਾਬ ਨਹੀਂ ਹੈ। ਇਹ ਸਿਖ ਪੰਥ ਦਾ ਇਕ ਅਹਿਮ ਦਸਤਾਵੇਜ ਹੈ। ਇਸੇ ਕਾਰਨ ਹੀ ਸਿਖ ਪੰਥ ਵਲੋਂ ਇਸ ਨੂੰ ਬਹੁਤ ਵਡਾ ਹੁੰਗਾਰਾ ਮਿਲਿਆ ਹੈ। ਸਿਖ ਸੰਘਰਸ਼ ਨੂੰ ਮਿਲੀ ਪਛਾੜ ਦੇ ਕਾਰਨਾਂ ਨੂੰ ਲਭਦਿਆਂ ਹੀ ਉਸਨੂੰ ਇਹ ਸਪਸ਼ਟ ਹੋਇਆ ਕਿ ਜਿਹੜੇ ਬਿਪਰਵਾਦ ਅਤੇ ਪੁਜਾਰੀਵਾਦ ਤੋਂ ਗੁਰੂ ਸਾਹਿਬ ਨੇ ਸਿਖਾਂ ਨੂੰ ਵਰਜਿਆ ਸੀ, ਓਹੀ ਬਿਪਰਵਾਦ ਅਤੇ ਪੁਜਾਰੀਵਾਦ ਅਜੋਕੇ ਸਿਖ ਪੰਥ ਦੀਆਂ ਰਗਾਂ ਵਿਚ ਕੈਂਸਰ ਬਣ ਕੇ ਵੜਿਆ ਹੋਇਆ ਹੈ। ਇਹ ਕਿਤਾਬ ਇਸੇ ਕੈਂਸਰ ਬਾਰੇ ਜਾਣਕਾਰੀ ਦੇਂਦੀ ਹੈ। ਇਸ ਕਿਤਾਬ ਦੀ ਮਕਬੂਲੀਅਤ ਦਾ ਕਾਰਨ ਵੀ ਇਹੀ ਹੈ।
ਇਸ ਕਿਤਾਬ ਵਿਚ ਸ੍ਰ. ਕੌੜਾ ਦੀਆਂ ਕੀਤੀਆ ਕੁਝ ਟਿਪਣੀਆਂ ਬੜੀਆ ਅਰਥ ਭਰਪੂਰ ਹਨ। ਜਿਵੇਂ ਕਿ ”ਬ੍ਰਾਹਮਣ ਨੇ ਪੰਜ ਹਜਾਰ ਸਾਲ ਤੋਂ ਦਲਿਤਾਂ ਨੂੰ ਆਪਣੇ ਗੁਲਾਮ ਬਣਾ ਕੇ ਰਖਿਆ ਹੈ ਅਤੇ ਅੱਜ ਵੀ ਉਸਨੂੰ ਉਠਣ ਨਹੀਂ ਦੇ ਰਿਹਾ, ਬਲਕਿ ਉਠਣ ਜੋਗਾ ਹੀ ਨਹੀਂ ਛਡਿਆ। … ਜੈਨੀ ਬੋਧੀ ਤੇ ਪਾਰਸੀ ਇਸ ਵਿਰਾਟ ਅਜਗਰ ਨੇ ਨਿਗਲ ਲਏ ਹਨ। ਸਿਖ ਇਸ ਦੇ ਵਲੇਵੇ ਵਿਚ ਆ ਚੁਕਾ ਹੈ ਅਤੇ ਹੁਣ ਇਸਦੇ ਨਿਗਲੇ ਜਾਣ ਤੋਂ ਬਚਣ ਦਾ ਕੋਈ ਰਾਹ ਨਹੀਂ।”
”ਅੱਜ ਜਿਹੜਾ ਸਿਖ ਇਹ ਸਮਝਦਾ ਹੈ ਕਿ ਉਹ ਆਜਾਦ ਹੈ, ਉਹ ਬੇਵਕੂਫ ਤਾਂ ਹੈ ਹੀ ਬਲਕਿ ਪਾਗਲ ਵੀ ਹੈ। ਕੋਈ ਸਿਖ ਜਿੰਨਾ ਮਰਜੀ ‘ਪੇਮੀ ਦਾ ਨਿਆਣਾ’ ਬਣੀ ਜਾਵੇ, ਪਰ ਭਾਰਤ ਦੀ ਸਰਕਾਰ ਭਾਵੇਂ ਉਹ ਕਿਸੇ ਵੀ ਪਾਰਟੀ ਦੀ ਹੋਵੇ, ਦੀ ਨਜਰ ਵਿਚ ਉਹ ਸ਼ਕੀ ਹੀ ਰਹੇਗਾ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਇਕ ਮੁਸਲਮਾਨ ਭਾਵੇਂ ਵੀਹ ਕੁਰਾਨ ਸਿਰ ਉਤੇ ਚੁਕ ਕੇ ਕਸਮ ਖਾਵੇ ਕਿ ਮੈਂ ਭਾਰਤ ਦਾ ਵਫਾਦਾਰ ਹਾਂ, ਪਰ ਭਾਰਤ ਦੇ ਹਿੰਦੂਆਂ ਲਈ ਉਹ ਕਤਈ ਮੰਨਣ ਯੋਗ ਗੱਲ ਨਹੀਂ।”
ਇਸਦੀ ਉਹ ਇਕ ਮਿਸਾਲ ਦੇਂਦੇ ਹਨ, ”ਜਦੋਂ ਅਸੀਂ ਪਾਰਲੀਮੈਂਟ ਉਡਾਉਣ ਵਾਲੇ ਕੇਸ ਵਿਚ ਬੰਦ ਸਾਂ ਤੇ ਸਾਨੂੰ ਪਟਿਆਲਾ ਹਾਊਸ ਵਿਚ ਸ੍ਰੀ ਭਾਰਤ ਭੂਸ਼ਣ ਦੀ ਅਦਾਲਤ ਵਿਚ, ਸ੍ਰ. ਗੁਰਚਰਣ ਸਿੰਘ ਟੋਹੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਲਣ ਲਈ ਆਏ, ਤਾਂ ਉਹਨਾ ਨੂੰ ਮੈਟਲ ਡਿਟੈਕਟਰ ਵਿਚੋਂ ਅਗੇ ਜਾਣ ਲਈ ਪੰਦਰਾਂ-ਵੀਹ ਮਿੰਟ ਤੋਂ ਵੀ ਵਧ ਸਮਾ ਲਗਾ। ਉਹਨਾ ਨੂੰ ਸਮੇਤ ਕਿਰਪਾਨ ਅੰਦਰ ਤਾਂ ਜਾ ਲੈਣ ਦਿਤਾ ਗਿਆ ਪਰ ਜਜ ਸਾਹਿਬ ਕੋਲੋ ਇਜਾਜਤ ਲੈ ਕੇ। ਜਦੋਂ ਕਿ ਕਿਰਪਾਨ ਪਾਉਣੀ ਅਤੇ ਕਿਤੇ ਵੀ ਨਾਲ ਲੈ ਕੇ ਜਾਣਾ ਹਰ ਸਿਖ ਦਾ ਵਿਧਾਨਕ ਹਕ ਹੈ। ਜਿੰਨਾ ਚਿਰ ਉਹ ਅੰਦਰ ਰਹੇ, ਦੋ ਸਿਪਾਹੀ ਉਹਨਾ ਦੇ ਸਜੇ-ਖਬੇ ਖੜੇ ਰਹੇ, ਭਾਵੇਂ ਕਿ ਕਿਰਪਾਨ ਉਹਨਾ ਨੇ ਗਾਤਰੇ ਪਾਈ ਹੋਈ ਸੀ।”
ਗੁਰਬਚਨ ਸਿੰਘ

  • 5
  •  
  •  
  •  
  •