ਹਿੰਦ-ਪਾਕਿ ਪ੍ਰਮਾਣੂ ਜੰਗ ਦਾ ਅਸਲੀ ਖਤਰਾ

ਕੁਝ ਮਹੀਨੇ ਪਹਿਲਾਂ ਜਦੋਂ ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਸੰਘ ਪਰਿਵਾਰ ਦੇ ਸਿਧਾਂਤਕਾਰ ਸੁਬਰਾਮਨੀਅਨ ਸਵਾਮੀ ਨੇ ਆਪਣੇ ਇਕ ਟਵੀਟ ਵਿਚ ਇਹ ਲਿਖਿਆ ਸੀ, ਕਿ ਪਾਕਿਸਤਾਨ ਨਾਲ ਹੋਣ ਵਾਲੀ ਪ੍ਰਮਾਣੂ ਜੰਗ ਵਿਚ 5-7 ਕਰੋੜ ਲੋਕਾਂ ਦੇ ਮਰਨ ਤੋਂ ਡਰਨ ਦੀ ਕੋਈ ਲੋੜ ਨਹੀਂ, ਕਿਉਂਕਿ ਜੇ ਇਹ ਜੰਗ ਹੋਈ ਤਾਂ ਇਸ ਜੰਗ ਵਿਚ ਪਾਕਿਸਤਾਨ ਹਮੇਸ਼ਾਂ ਲਈ ਤਬਾਹ ਹੋ ਜਾਏਗਾ। ਉਦੋਂ ਇਸ ਟਵੀਟ ਨੂੰ ਪੜ੍ਹ ਕੇ ਲਗਦਾ ਸੀ ਕਿ ਸ਼ਾਇਦ ਇਹ ਧਮਕੀ ਕਿਸੇ ਸਿਰਫਿਰੇ ਜਨੂੰਨੀ ਬੰਦੇ ਦੀ ਮਾਨਸਿਕ ਭੜਾਸ ਹੈ। ਪਰ ਬਾਅਦ ਵਿਚ ਵਾਪਰੀਆ ਘਟਨਾਵਾਂ ਨੇ ਇਹ ਵਿਖਾਇਆ ਹੈ, ਕਿ ਇਹ ਧਮਕੀ ਕਿਸੇ ਸਿਰਫਿਰੇ ਜਨੂੰਨੀ ਬੰਦੇ ਦੀ ਪਾਕਿਸਤਾਨ ਵਿਰੋਧੀ ਮਾਨਸਿਕ ਭੜਾਸ ਨਹੀਂ, ਬਲਕਿ ਮੋਦੀ ਸਰਕਾਰ ਦੀ ਸੋਚੀ-ਸਮਝੀ ਫੌਜੀ ਯੁਧਨੀਤੀ ਦਾ ਇਕ ਅਹਿਮ ਹਿਸਾ ਹੈ। ਬਾਲਾਕੋਟ, ਸਰਜੀਕਲ ਸਟਰਾਈਕ, ਫੌਜੀ ਜਰਨੈਲਾਂ ਵਲੋਂ ਪਾਕਿਸਤਾਨ ਨੂੰ ਤਬਾਹ ਕਰ ਦੇਣ ਦੀਆਂ ਧਮਕੀਆਂ, ਸਭ ਇਸੇ ਯੁਧਨੀਤੀ ਅਧੀਨ ਹੋ ਰਿਹਾ ਹੈ। ਕਸ਼ਮੀਰ ਦੀ ਖੁਦਮੁਖਤਿਆਰੀ ਨਾਲ ਸਬੰਧਤ ਧਾਰਾ 370 ਨੂੰ ਖਤਮ ਕਰਨ ਦਾ ਐਲਾਨ ਕਰਦਿਆਂ, ਅਮਿਤ ਸ਼ਾਹ ਦਾ ਪਾਰਲੀਮੈਂਟ ਵਿਚ ਇਹ ਕਹਿਣਾ ਕਿ ਸਾਡਾ ਅਗਲਾ ਕਦਮ ਪਾਕਿਸਤਾਨ ਦੇ ਕਬਜੇ ਹੇਠਲੇ ਕਸ਼ਮੀਰ ਤੇ ਚੀਨ ਦੇ ਕਬਜੇ ਹੇਠਲੇ ਅਕਸਾਈਚਿੰਨ ਖੇਤਰ ਨੂੰ ਆਜਾਦ ਕਰਵਾਉਣਾ ਹੈ, ਵੀ ਇਸੇ ਯੁਧਨੀਤੀ ਦਾ ਹਿਸਾ ਜਾਪਦਾ ਹੈ। ਪਾਕਿਸਤਾਨ ਨੂੰ ਇਹਨਾਂ ਧਮਕੀਆਂ ਰਾਹੀਂ ਮਾਨਸਿਕ ਤੌਰ ਉਤੇ ਪ੍ਰਮਾਣੂ ਜੰਗ ਲੜਨ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ ਤੇ ਇਸਦੇ ਨਾਲ ਹੀ ਇਸ ਖੇਤਰ ਵਿਚ ਪ੍ਰਮਾਣੂ ਜੰਗ ਲਈ ਮਾਹੌਲ ਸਿਰਜਿਆ ਜਾ ਰਿਹਾ ਹੈ। ਰਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਕਹਿ ਕੇ ਇਸ ਯੁਧਨੀਤੀ ਦੀ ਪੁਸ਼ਟੀ ਕਰ ਦਿਤੀ ਹੈ, ਕਿ ਭਾਰਤ ਪਹਿਲਾਂ ਪ੍ਰਮਾਣੂ ਬੰਬ ਨਾ ਵਰਤਣ ਦੇ ਆਪਣੇ ਫੈਸਲੇ ਨੂੰ ਭਵਿਖ ਵਿਚ ਬਦਲ ਵੀ ਸਕਦਾ ਹੈ। ਸੁਬਰਾਮਨੀਅਨ ਸਵਾਮੀ ਨੇ ਰਾਜਨਾਥ ਸਿੰਘ ਦੀ ਇਸ ਚੇਤਾਵਨੀ ਨੂੰ ਸਹੀ ਠਹਿਰਾਉਂਦਿਆਂ ਲਿਖਿਆ ਹੈ, ਕਿ ਹੁਣ ਦੀ ਪਾਕਿਸਤਾਨੀ ਲੀਡਰਸ਼ਿਪ 1998 ਨਾਲੋਂ ਜਿਆਦਾ ‘ਪਾਗਲ’ ਹੈ, ਇਸ ਲਈ ਪ੍ਰਮਾਣੂ ਬੰਬ ਦੀ ਅਗਾਊਂ ਵਰਤੋਂ ਹੁਣ ਲੋੜੀਂਦੀ ਬਣ ਗਈ ਹੈ। ਸਵਾਮੀ ਦੇ ਲਿਖਣ ਅਨੁਸਾਰ, ਜਦੋਂ ਹੀ ਇਹ ਯਕੀਨ ਹੋ ਜਾਏ ਕਿ (ਭਾਰਤੀ ਫੌਜਾਂ ਹਥੋਂ ਰਵਾਇਤੀ ਜੰਗ ਵਿਚ ਹਾਰ ਕੇ) ਅਪਮਾਨਤ ਹੋਇਆ ਪਾਕਿਸਤਾਨ ਪ੍ਰਮਾਣੂ ਹਮਲਾ ਕਰ ਸਕਦਾ ਹੈ, ਉਦੋਂ ਹੀ ਉਸ ਉਤੇ ਪ੍ਰਮਾਣੂ ਹਮਲਾ ਕਰ ਦੇਣਾ ਚਾਹੀਦਾ ਹੈ। ਭਾਵ ਹੁਣ ਪ੍ਰਮਾਣੂ ਬੰਬਾਂ ਦੀ ਵਰਤੋਂ ਕਿਆਫਿਆਂ ਦੇ ਆਧਾਰ ਉਤੇ ਵੀ ਕੀਤੀ ਜਾ ਸਕਦੀ ਹੈ।
ਪਾਠਕਾਂ ਦੇ ਮਨ ਵਿਚ ਇਹ ਸੁਆਲ ਪੈਦਾ ਹੋ ਸਕਦਾ ਹੈ ਕਿ ਆਪਣੀ ਇਸ ਚਰਚਾ ਲਈ, ਅਸੀਂ ਸੁਬਰਾਮਨੀਅਨ ਸਵਾਮੀ ਦੇ ਕਥਨਾਂ ਨੂੰ ਹੀ ਕਿਉਂ ਆਧਾਰ ਬਣਾ ਰਹੇ ਹਾਂ? ਇਸਦਾ ਕਾਰਨ ਇਹ ਹੈ ਕਿ 2013 ਦੇ ਅਖੀਰ ਵਿਚ 2014 ਦੀਆਂ ਪਾਰਲੀਮੈਂਟ ਚੋਣਾਂ ਲਈ ਭਾਜਪਾ ਦੀ ਚੋਣ ਰਣਨੀਤੀ ਦਾ ਐਲਾਨ ਸਭ ਤੋਂ ਪਹਿਲਾਂ ਇਸੇ ਸਵਾਮੀ ਨੇ ਕੀਤਾ ਸੀ। ਇਹ ਗੱਲ ਸਵਾਮੀ ਨੇ ਹੀ ਕਹੀ ਸੀ ਕਿ ਵੋਟਾਂ ਸਿਰਫ ਆਰਥਿਕ ਵਿਕਾਸ ਦੇ ਨਾਂ ਉਤੇ ਹੀ ਨਹੀਂ ਮਿਲਦੀਆ, ਬਲਕਿ ਧਰਮ ਦੇ ਆਧਾਰ ਉਤੇ ਵੀ ਲਈਆ ਜਾ ਸਕਦੀਆ ਹਨ। ਇਹ ਗੱਲ ਵੀ ਸੁਬਰਾਮਨੀਅਨ ਸਵਾਮੀ ਨੇ ਹੀ ਕਹੀ ਸੀ ਕਿ ਯੂਨਾਈਟਡ ਹਿੰਦੂਜ, ਡਿਵਾਈਡ ਮਿਨਿਓਰਟੀਜ। ਭਾਵ ਹਿੰਦੂਆਂ ਨੂੰ ਇਕਮੁਠ ਕਰੋਂ ਤੇ ਘਟਗਿਣਤੀਆਂ ਦੀ ਵੋਟ ਨੂੰ ਆਪਸ ਵਿਚ ਪਾੜ ਕੇ ਰਖੋ। ਇਸੇ ਚੋਣ ਰਣਨੀਤੀ ਅਧੀਨ ਭਾਜਪਾ ਨੇ 2014 ਤੇ 2019 ਦੀਆਂ ਪਾਰਲੀਮੈਂਟ ਚੋਣਾਂ ਜਿਤੀਆ ਹਨ।
ਇਸ ਫੌਜੀ ਯੁਧਨੀਤੀ ਨੂੰ ਅਮਲੀ ਰੂਪ ਕਿਵੇਂ ਦਿਤਾ ਜਾਏ, ਇਸ ਲਈ 15 ਅਗਸਤ ਨੂੰ ਸੁਬਰਾਮਨੀਅਨ ਸਵਾਮੀ ਨੇ ਹੀ ਇਕ ਹੋਰ ਟਵੀਟ ਲਿਖਿਆ ਹੈ ”ਕਸ਼ਮੀਰ ਵਿਚ ਫੌਰੀ ਐਕਟ ਕਰਨ ਲਈ ਮੋਦੀ ਅਤੇ ਉਸਦੇ ਗ੍ਰਹਿ ਮੰਤਰੀ ਨੂੰ ਵਧਾਈ। ਪਰ ਪਾਕਿਸਤਾਨੀ ਕਸ਼ਮੀਰ ਲੈਣ ਤੋਂ ਬਿਨਾਂ ਕਸ਼ਮੀਰ ਸਮਸਿਆ ਬਣੀ ਰਹੇਗੀ। ਪਾਕਿਸਤਾਨੀ ਕਸ਼ਮੀਰ ਲੈਣ ਲਈ ਸਾਨੂੰ ਇਕੋ ਵੇਲੇ ਪਾਕਿਸਤਾਨ ਨੂੰ ਚਾਰ ਟੁਕੜਿਆਂ ਵਿਚ ਵੰਡ ਦੇਣਾ ਚਾਹੀਦਾ ਹੈ। ਜੇ ਅਮਰੀਕਾ ਨੇ 28 ਸਤੰਬਰ ਨੂੰ ਅਫਗਾਨਿਸਤਾਨ ਵਿਚ ਚੋਣਾਂ ਦੀ ਸਹਿਮਤੀ ਦੇ ਦਿਤੀ, ਤਾਂ ਅਫਗਾਨਿਸਤਾਨ ਭਾਰਤ ਦਾ ਸੰਗੀ ਹੋਵੇਗਾ। ਜੇ ਇਰਾਨ ਨਿਰਪਖ ਰਿਹਾ ਅਤੇ ਚੀਨ ਨੂੰ ਚੰਗੀ ਤਰ੍ਹਾਂ ਸਮਝਾ ਦਿਤਾ ਗਿਆ, ਤਾਂ ਇਹ ਕੰਮ ਹੋਰ ਵੀ ਸੌਖਾ ਹੋ ਜਾਏਗਾ।”
ਲਗਪਗ ਇਹੀ ਗੱਲ ਬੜੇ ਰੋਸ ਨਾਲ ਭਰੇ ਮਨ ਨਾਲ ਇਮਰਾਨ ਖਾਨ ਨੇੇ ਪਾਕਿਸਤਾਨੀ ਕਸ਼ਮੀਰ ਦੀ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਕਹੀ ਹੈ। ਉਸਨੇ ਕਿਹਾ ਹੈ ਕਿ ਮੋਦੀ ਸਰਕਾਰ ਵਲੋਂ ਪਾਕਿਸਤਾਨੀ ਕਸ਼ਮੀਰ ਵਿਚ ਫੌਜੀ ਕਾਰਵਾਈ ਕਰਨ ਦੀ ਸਾਡੇ ਕੋਲ ਪੁਖਤਾ ਜਾਣਕਾਰੀ ਹੈ ਅਤੇ ਆਰ ਐਸ ਐਸ ਦੀ ਹਿਟਲਰੀ ਨੀਤੀ ਉਤੇ ਚਲ ਕੇ, ਮੋਦੀ ਸਰਕਾਰ ਦੇਸ ਵਿਚੋ ਮੁਸਲਮਾਨਾਂ ਸਮੇਤ ਸਾਰੀਆਂ ਧਾਰਮਕਿ ਘਟ ਗਿਣਤੀਆਂ ਨੂੰ ਰਾਜਸੀ ਗੁਲਾਮੀ ਵੱਲ ਧਕਣਾ ਚਾਹੁੰਦੀ ਹੈ। ਉਹ ਦੋਹਾਂ ਦੇਸਾਂ ਵਿਚਕਾਰ ਜੰਗੀ ਮਾਹੌਲ ਸਿਰਜ ਕੇ ਪਾਕਿਸਤਾਨ ਨਾਲ ਰਵਾਇਤੀ ਜੰਗ ਲਾਉਣੀ ਚਾਹੁੰਦੀ ਹੈ, ਜਿਸ ਦਾ ਸੁਭਾਵਿਕ ਸਿਟਾ ਦੋ ਦੇਸਾਂ ਦਰਮਿਆਨ ਪ੍ਰਮਾਣੂ ਜੰਗ ਵਿਚ ਨਿਕਲੇਗਾ। ਖਾਨ ਨੇ ਆਲਮੀ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਹੈ, ਕਿ ਜੇ ਦੋਵਾਂ ਦੇਸਾਂ ਦਰਮਿਆਨ ਜੰਗ ਲਗੀ ਤਾਂ ਇਸਦਾ ਜਿੰਮੇਵਾਰ ਆਲਮੀ ਭਾਈਚਾਰਾ ਹੋਵੇਗਾ, ਜਿਹੜਾ ਮੋਦੀ ਸਰਕਾਰ ਵਲੋਂ ਕਸ਼ਮੀਰੀਆਂ ਨੂੰ ਫੌਜੀ ਬੂਟਾਂ ਹੇਠ ਦਰੜ ਦੇਣ ਦੀਆਂ ਨੀਤੀਆ ਬਾਰੇ ਚੁਪ ਵਟੀ ਬੈਠਾ ਹੈ।
ਦਰਅਸਲ ਇਮਰਾਨ ਖਾਨ ਦੇ ਇਸ ਰੋਸ ਦਾ ਕਾਰਨ ਉਸਦੀਆਂ ਇਸ ਖੇਤਰ ਵਿਚ ਸਦੀਵੀ ਅਮਨ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਦਾ ਅਸਫਲ ਹੋਣਾ ਵੀ ਹੈ। ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਸੱਦਾ ਭੇਜਣ ਤੋਂ ਪਹਿਲਾਂ ਯੂਨਾਈਟਡ ਨੇਸ਼ਨਜ ਦੇ ਸਕਤਰ ਜਨਰਲ, ਰੂਸੀ ਫੌਜ ਦੇ ਮੁਖੀ ਅਤੇ ਚੀਨ ਦੇ ਰਾਜਦੂਤ ਦਾ ਦਰਬਾਰ ਸਾਹਿਬ ਮਥਾ ਟੇਕਣ ਲਈ ਆਉਣਾ, ਪੰਜਾਬ ਦੇ ਲੋਕਾਂ ਨੂੰ ਮਿਲਣਾ, ਵਾਹਗਾ ਬਾਰਡਰ ਉਤੇ ਜਾ ਕੇ ਆਉਣਾ ਅਤੇ ਪਤਰਕਾਰਾਂ ਦੇ ਪੁਛਣ ਉਤੇ ਇਹ ਕਹਿਣਾ, ਕਿ ਚੀਨ ਇਹ ਬਾਰਡਰ ਖੋਲ੍ਹਣ ਦੇ ਹਕ ਵਿਚ ਹੈ, ਸਪਸ਼ਟ ਇਸ਼ਾਰਾ ਕਰਦਾ ਹੈ ਕਿ ਇਮਰਾਨ ਖਾਨ ਵਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਦਿਤਾ ਗਿਆ ਸੱਦਾ ਯੂਨਾਈਟਡ ਨੇਸ਼ਨਜ, ਰੂਸ ਅਤੇ ਚੀਨ ਦੀ ਸਲਾਹ ਨਾਲ ਦਿਤਾ ਗਿਆ ਸੀ। ਇਸ ਸੱਦੇ ਵਾਸਤੇ ਪਾਕਿਸਤਾਨੀ ਫੌਜ ਦੀ ਸਹਿਮਤੀ ਵੀ ਲਈ ਗਈ ਸੀ। ਇਸੇ ਕਰਕੇ ਨਵਜੋਤ ਸਿੰਘ ਸਿਧੂ ਨੂੰ ਇਹ ਸੱਦਾ ਪਾਕਸਤਾਨੀ ਫੌਜ ਦੇ ਮੁਖੀ ਬਾਜਵਾ ਰਾਹੀਂ ਦਿਤਾ ਗਿਆ ਸੀ। ਇਸ ਮਸਲੇ ਨਾਲ ਸਬੰਧਤ ਉਸ ਵੇਲੇ ਹੋਈ ਸਾਰੀ ਹਲਚਲ ਤੋਂ ਸੰਕੇਤ ਮਿਲਦੇ ਸਨ, ਕਿ ਚੀਨ, ਰੂਸ ਤੇ ਪਾਕਿਸਤਾਨੀ ਹੁਕਮਰਾਨ ਜਮਾਤ ਨਾਲ ਸਲਾਹ ਕਰਕੇ ਹੀ, ਇਮਰਾਨ ਖਾਨ ਨੇ ਇਹ ਸੱਦਾ ਦਿਤਾ ਹੈ, ਤਾਂ ਕਿ ਭਾਰਤੀ ਸਾਮਰਾਜੀਆਂ ਨੂੰ ਏਧਰਲੀ ਖੁਲ੍ਹੀ ਸਰਹਦ ਰਾਹੀਂ ਪਾਕਿਸਤਾਨ ਅਤੇ ਅਫਗਾਸਿਤਾਨ ਸਮੇਤ ਨਾਲ ਲਗਦੇ ਦੇਸਾਂ ਦੀ ਮੰਡੀ ਦਾ ਲਾਲਚ ਦੇ ਕੇ, ਸ਼ਾਇਦ ਇਸ ਖੇਤਰ ਵਿਚ ਸਦੀਵੀ ਅਮਨ ਕਾਇਮ ਕੀਤਾ ਜਾ ਸਕੇ। ਉਦੋਂ ਜਾਪਦਾ ਸੀ ਕਿ ਪਾਕਿਸਤਾਨ ਦੀ ਕਮਜੋਰ ਆਰਥਿਕ ਹਾਲਤ ਅਤੇ ਬੜੀ ਤੇਜੀ ਨਾਲ ਬਦਲ ਰਹੀ ਆਲਮੀ ਰਾਜਨੀਤੀ ਨੇ ਵੀ ਇਮਰਾਨ ਖਾਨ ਨੂੰ ਇਉਂ ਕਰਨ ਲਈ ਮਜਬੂਰ ਕੀਤਾ ਹੈ। ਚੀਨ ਤੇ ਰੂਸ ਦਾ ਇਸ ਅਮਨ ਵਿਚ ਆਪਣਾ ਸੁਆਰਥ ਸੀ, ਕਿ ਇਉਂ ਕੀਤਿਆ ਸ਼ਾਇਦ ਇਹ ਖੇਤਰ ਹਮੇਸ਼ਾਂ ਲਈ ਅਮਰੀਕੀ ਸਾਮਰਾਜੀਆਂ ਦੇ ਚੁੰਗਲ ਵਿਚੋਂ ਨਿਕਲ ਜਾਏ ਤੇ ਭਾਰਤੀ ਹਾਕਮਾਂ ਦੀ ਅਮਰੀਕਾ ਨਾਲ ਲਗੀ ਯੁਧਨੀਤਕ ਯਾਰੀ ਟੁਟ ਜਾਏ। ਪਰ ਮੁਸਲਿਮ ਦੁਸ਼ਮਣੀ ਨਾਲ ਗ੍ਰਸੀ ਆਰ ਐਸ ਐਸ ਤੇ ਭਾਜਪਾ ਨੂੰ ਇਹ ਅਮਨ ਦਾ ਸੱਦਾ ਸੂਲ ਵਾਂਗੂ ਚੁਭਿਆ। ਇਸੇ ਕਰਕੇ ਐਨ ਮੁਢ ਤੋਂ ਹੀ ਇਸ ਜੁੰਡਲੀ ਨੇ ਕਰਤਾਰਪੁਰ ਲਾਂਘੇ ਦੇ ਬਣਨ ਵਿਚ ਰੁਕਾਵਟਾਂ ਪਾਉਣੀਆ ਆਰੰਭ ਦਿਤੀਆ ਸਨ ਤੇ ਜੁੰਡਲੀ ਦੇ ਯਾਰ ਬਾਦਲ ਦਲ ਤੇ ਪੰਜਾਬ ਦਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਰੁਕਾਵਟਾਂ ਪਾਉਣ ਵਿਚ ਸਭ ਤੋਂ ਮੋਹਰੀ ਸਨ।
ਮੋਦੀ-ਸ਼ਾਹ-ਡੋਵਾਲ ਦੀ ਅਗਵਾਈ ਹੇਠ ਸੰਘ ਪਰਿਵਾਰ ਅੱਜ ਦੇਸ ਵਿਚ ਵਸਦੇ ਸਵਾ ਅਰਬ ਦੇ ਕਰੀਬ ਲੋਕਾਂ ਨੂੰ ਉਸ ਥਾਂ ਉਤੇ ਲੈ ਆਇਆ ਹੈ, ਜਿਥੇ ਉਨ੍ਹਾਂ ਦਾ ਭਵਿਖ ਅਜਿਹੀਆਂ ਅਣਦਿਸਦੀਆਂ ਸ਼ਕਤੀਆਂ ਦੇ ਹਥ-ਵਸ ਹੈ ਕਿ ਕਿਸੇ ਵੇਲੇ ਕੁਝ ਵੀ ਵਾਪਰ ਸਕਦਾ ਹੈ। ਕਸ਼ਮੀਰ ਦੀ ਸਮੁਚੀ ਮੁਸਲਿਮ ਆਬਾਦੀ ਨੂੰ ਫੌਜੀ ਬੂਟਾਂ ਹੇਠ ਦਰੜ ਕੇ ਮਾਨਸਿਕ ਤੌਰ ਉਤੇ ਗੁਲਾਮ ਬਣਾਉਣ ਦੇ ਕੀਤੇ ਜਾ ਰਹੇ ਯਤਨ ਅਤੇ ਇਸ ਧਕੇ ਵਿਰੁਧ ਬੋਲਣ ਵਾਲੀ ਹਰ ਆਵਾਜ ਨੂੰ ਕੁਚਲ ਕੇ ਚੁਪ ਕਰਵਾਉਣ ਦੀਆਂ ਕੋਸ਼ਿਸ਼ਾਂ ਨੇ, ਹਿੰਦ-ਪਾਕਿ ਪ੍ਰਮਾਣੂ ਜੰਗ ਦੀਆਂ ਹਕੀਕੀ ਸੰਭਾਵਨਾਵਾਂ ਪੈਦਾ ਕਰ ਦਿਤੀਆ ਹਨ। ਇਸ ਸਮੁਚੇ ਵਰਤਾਰੇ ਨੂੰ ਜੇ ਆਲਮੀ ਪ੍ਰਸੰਗ ਵਿਚ ਰਖ ਕੇ ਵੇਖੀਏ, ਤਾਂ ਜਾਪਦਾ ਹੈ ਕਿ ਸੰਘ ਪਰਿਵਾਰ ਨੇ ਆਤਮਘਾਤ ਕਰਨ ਦਾ ਫੈਸਲਾ ਕਰ ਲਿਆ ਹੈ। ਇਹ ਗਲ ਹੁਣ ਬਿਲਕੁਲ ਸਪਸ਼ਟ ਹੋ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਚੋਣਾਂ ਵਿਚ ਹੋਈ ਜਿਤ ਤੇ ਵਿਰੋਧੀ ਧਿਰਾਂ ਦੇ ਖਤਮ ਹੋ ਜਾਣ ਨੇ, ਸੰਘ ਪਰਿਵਾਰ ਦਾ ਮਾਨਸਿਕ ਸਤੁੰਲਨ ਵਿਗਾੜ ਦਿਤਾ ਹੈ। ਉਹ ਆਪਣੀ ਹਕੂਮਤ ਨੂੰ ਸਦੀਵੀ ਬਣਾਉਣ ਵਾਸਤੇ ਕਿਸੇ ਵੀ ਹਦ ਤਕ ਜਾਣ ਲਈ ਤਿਆਰ ਹੋ ਗਿਆ ਹੈ। ਦੋ ਮੁਲਕਾਂ ਨੂੰ ਪ੍ਰਮਾਣੂ ਜੰਗ ਦੀ ਭਠੀ ਵਿਚ ਝੋਕਣ ਲਈ ਮਾਨਸਿਕ ਤਿਆਰੀ ਕੀਤੀ ਜਾ ਰਹੀ ਹੈ।
ਜਗਬਾਣੀ ਵਰਗੀਆ ਅਖਬਾਰਾਂ ਅਤੇ ਇੰਡੀਆ ਟੂਡੇ ਵਰਗੇ ਰਸਾਲਿਆ ਰਾਹੀਂ, ਸੰਘ ਪਰਿਵਾਰ ਤੇ ਉਸਦੇ ਪੈਰੋਕਾਰ ਬੁਧੀਜੀਵੀਆਂ ਦਾ ਅਜਿਹਾ ਤਰਕ ਸਿਰਜਣ ਉਤੇ ਪੂਰਾ ਜ਼ੋਰ ਲਗਾ ਹੋਇਆ ਹੈ, ਕਿ ਪ੍ਰਮਾਣੂ ਜੰਗ ਦੇ ਖਤਰੇ ਨੂੰ ਘਟਾ ਕੇ ਵਿਖਾਇਆ ਜਾਏ ਅਤੇ ਜੇ ਇਹ ਖਤਰਾ ਵਿਖਾਉਣਾ ਵੀ ਪਵੇ ਤਾਂ ਉਸਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਏ ਕਿ ਪ੍ਰਮਾਣੂ ਜੰਗ ਵਿਚ, ਜੇ ਭਾਰਤ ਦੇ ਪੰਜ ਦਸ ਲਖ ਲੋਕ ਮਰ ਵੀ ਗਏ ਤਾਂ ਇਹ ਕੋਈ ਵਡੀ ਕੀਮਤ ਨਹੀਂ ਹੋਵੇਗੀ, ਕਿਉਂਕਿ ਇਸ ਜੰਗ ਵਿਚ ਪਾਕਿਸਤਾਨ ਉਕਾ ਹੀ ਤਬਾਹ ਹੋ ਜਾਵੇਗਾ। ਤਰਕ ਇਹ ਦਿਤਾ ਜਾ ਰਿਹਾ ਹੈ, ਕਿ ਪਾਕਿਸਤਾਨ ਦੀ ਪ੍ਰਮਾਣੂ ਧਮਕੀ ਤੋਂ ਕਿਉਂ ਡਰੀਏ, ਤਿਲ ਤਿਲ ਕਰਕੇ ਮਰਨ ਨਾਲੋਂ ਇਕੋ ਵਾਰ ਮਰਨਾ ਚੰਗਾ ਹੈ। ਦੇਸ ਦੀ ਆਜ਼ਾਦੀ ਸਮੇਂ ਭਾਰਤੀ ਦੀ ਅਬਾਦੀ 33 ਕਰੋੜ ਸੀ, ਜੋ ਅੱਜ ਵਧ ਕੇ ਸਵਾ ਅਰਬ ਤੋਂ ਟਪ ਗਈ ਹੈ। ਅਬਾਦੀ ਅਤੇ ਖੇਤਰਫਲ ਦੇ ਲਿਹਾਜ਼ ਨਾਲ ਭਾਰਤ ਪਾਕਿਸਤਾਨ ਨਾਲੋਂ ਬਹੁਤ ਵਡਾ ਹੈ। ਜੇ ਪਾਕਿਸਤਾਨ ਪ੍ਰਮਾਣੂ ਬੰਬ ਦੀ ਵਰਤੋਂ ਕਰਦਾ ਹੈੈ, ਤਾਂ ਉਸ ਨਾਲ ਸਾਡੇ ਕੁਝ ਹਜ਼ਾਰ, ਕੁਝ ਲਖ ਲੋਕਾਂ ਦੀ ਜੀਵਨ ਲੀਲਾ ਖਤਮ ਹੋ ਸਕਦੀ ਹੈ, ਪਰ ਭਾਰਤ ਵਲੋਂ ਜਦੋਂ ਇਸ ਪ੍ਰਮਾਣੂ ਹਮਲੇ ਦਾ ਜੁਆਬ ਦਿਤਾ ਜਾਏੇਗਾ, ਤਾਂ ਪਾਕਿਸਤਾਨ ਦਾ ਕੁਝ ਵੀ ਨਹੀਂ ਬਚੇਗਾ। ਇਸ ਲਈ ਭਾਰਤ ਵਾਸੀਆਂ ਨੂੰ ਪ੍ਰਮਾਣੂ ਹਮਲੇ ਤੋਂ ਘਬਰਾਉਣ ਦੀ ਬਜਾਏ ਮਜ਼ਬੂਤੀ ਨਾਲ ਇਸ ਦਾ ਸਾਹਮਣਾ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਜਪਾਨ ਦਾ ਹੀਰੋਸ਼ੀਮਾ ਪ੍ਰਮਾਣੂ ਬੰਬ ਦੀ ਮਾਰ ਝਲਣ ਤੋਂ ਬਾਅਦ ਮੁੜ ਇਕ ਹਰਿਆ ਭਰਿਆ ਅਤੇ ਚਹਿਲ ਪਹਿਲ ਵਾਲਾ ਸ਼ਹਿਰ ਬਣ ਗਿਆ ਹੈ, ਇਸ ਲਈ ਤਿਲ ਤਿਲ ਕਰ ਕੇ ਰੋਜ਼ ਮਰਨ ਤੋਂ ਬੇਹਤਰ ਹੈ ਕਿ ਦੇਸ ਦੀ ਰਾਖੀ ਲਈ ਦੋ ਦੋ ਹਥ ਕਰਕੇ ਮਰਨਾ।
ਤਰਕ ਦਾ ਇਹ ਪਧਰ ਸਿਰਫ ਕਿਸੇ ਆਮ ਬ੍ਰਾਹਮਣ-ਬਾਣੀਏ ਦਾ ਹੀ ਨਹੀਂ, ਸਗੋਂ ਇਸ ਸੋਚ ਦੇ ਤਰਜਮਾਨ ਤੇ ਸਭ ਤੋਂ ਵਧ ਛਪਦੇ ਹਫਤਾਵਰੀ ਰਸਾਲੇ ‘ਇੰਡੀਆ ਟੂਡੇ’ ਦਾ ਵੀ ਹੈ। ਇਸ ਦੀਆਂ ਲਿਖਤਾਂ ਵੀ ਇਸੇ ਸੋਚ ਦਾ ਪ੍ਰਗਟਾਵਾ ਕਰ ਰਹੀਆ ਹਨ। ਇਸ ਪਰਚੇ ਵਿਚ ਦੋਹਾਂ ਦੇਸਾਂ ਵਿਚਕਾਰ ਹੋਣ ਵਾਲੀ ਪ੍ਰਮਾਣੂ ਜੰਗ ਦਾ ਜੋ ਦ੍ਰਿਸ਼ ਦਿਖਾਇਆ ਜਾ ਰਿਹਾ ਹੈ, ਉਸ ਅਨੁਸਾਰ ਜੇ ਪਾਕਿਸਤਾਨ ਭਾਰਤ ਦੇ ਕਿਸੇ ਸ਼ਹਿਰ (ਦਿਲੀ ਜਾਂ ਬੰਬਈ) ਉਤੇ ਪ੍ਰਮਾਣੂ ਬੰਬ ਸੁਟਦਾ ਹੈ, ਤਾਂ 5 ਲਖ ਦੇ ਕਰੀਬ ਲੋਕ ਮਰ ਸਕਦੇ ਹਨ। ਪਰ ਇਸਦੇ ਜੁਆਬ ਵਿਚ ਭਾਰਤੀ ਪ੍ਰਮਾਣੂ ਹਮਲੇ ਨਾਲ ਪਾਕਿਸਤਾਨ ਦੇ ਸਾਰੇ ਸ਼ਹਿਰ ਤਬਾਹ ਹੋ ਜਾਣਗੇ। ਸੁਬਰਾਮਨੀਅਨ ਸਵਾਮੀ ਦੇ ਟਵੀਟ ਅਨੁਸਾਰ ਤਾਂ ਭਾਰਤ ਦੇ ਜੁਆਬੀ ਹਮਲੇ ਨਾਲ ਪਾਕਿਸਤਾਨ ਦਾ ਵਜੂਦ ਹੀ ਖਤਮ ਹੋ ਜਾਏੇਗਾ। ਇਸ ਪਾਗਲਪਣ ਦਾ ਕੋਈ ਵੀ ਸਿਆਣਾ ਅਤੇ ਸਵੇਦਨਸ਼ੀਲ ਮਨੁਖ ਜੁਆਬ ਨਹੀਂ ਦੇ ਸਕਦਾ। ਕਿਉਂਕਿ ਦੁਨੀਆਂ ਭਰ ਦੇ ਸਿਆਣੇ ਲੋਕਾਂ ਦਾ ਹੁਣ ਤਕ ਇਹੀ ਤਰਕ ਰਿਹਾ ਹੈ, ਕਿ ਪ੍ਰਮਾਣੂ ਜੰਗ ਵਿਚੋਂ ਕੋਈ ਜੇਤੂ ਨਹੀਂ ਨਿਕਲ ਸਕਦਾ, ਸਿਰਫ ਤਬਾਹੀ ਹੀ ਤਬਾਹੀ ਹੈ। ਸਭ ਨੂੰ ਪਤਾ ਹੈ ਕਿ ਇਹਨਾਂ ਦੇ ਪੁਰਖੇ ਕੌਰਵਾਂ ਨੇ ਸ੍ਰੀ ਕ੍ਰਿਸ਼ਨ ਜੀ ਦੇ ਕਹਿਣ ਦੇ ਬਾਵਜੂਦ, ਪਾਂਡਵਾਂ ਨੂੰ ਪੰਜ ਪਿੰਡ ਨਹੀਂ ਸਨ ਦਿਤੇ, ਪਰ ਮਹਾਂਭਾਰਤ ਦੀ ਜੰਗ ਵਿਚ 16 ਖੂਹਣੀਆਂ ਲੋਕ ਮਰਵਾ ਲਏ ਸਨ। ਇਹ ਅਜੋਕੇ ਕੌਰਵ ਕਸ਼ਮੀਰ ਦੇ 80 ਲਖ ਲੋਕਾਂ ਦੀ ਕੀਮਤ ਉਤੇ ਆਪਣਾ ਰਾਜ ਕਾਇਮ ਰਖਣ ਲਈ ਬਜਿਦ ਹਨ। ਇਹ ਕੌਰਵ ਅਜੇ ਸਿਰਫ ਪੌਣੀ ਸਦੀ ਪਹਿਲਾਂ ਹਿਟਲਰ ਦੇ ਹੋਏ ਹਸ਼ਰ ਨੂੰ ਵੀ ਭੁੱਲ ਗਏ ਹਨ। ਇਸ ਹਾਲਤ ਵਿਚ ਇਸ ਖੇਤਰ ਦੇ ਲੋਕਾਂ ਦਾ ਅਕਾਲ ਪੁਰਖ ਆਪ ਹੀ ਰਾਖਾ ਹੈ।

(ਗੁਰਬਚਨ ਸਿੰਘ)

  • 94
  •  
  •  
  •  
  •