ਜੰਮੂ ਕਸ਼ਮੀਰ ਦਾ ਅਗਲਾ ਮੁੱਖ ਮੰਤਰੀ ਭਾਜਪਾ ਦਾ ਹੋਵੇਗਾ: ਅਵਿਨਾਸ਼ ਰਾਏ ਖੰਨਾ

ਅਵਿਨਾਸ਼ ਰਾਏ ਖੰਨਾ ਨੇ ਦਾਅਵਾ ਕੀਤਾ ਹੈ ਕਿ ਜੰਮੂ–ਕਸ਼ਮੀਰ ਦਾ ਅਗਲਾ ਮੁੱਖ ਮੰਤਰੀ ਭਾਜਪਾ ਦਾ ਹੋਵੇਗਾ। ਉਨ੍ਹਾਂ ਕਿਹਾ – ‘ਪਿਛਲੇ ਸਾਲ, ਅਸੀਂ ਜੰਮੂ–ਕਸ਼ਮੀਰ ਵਿੱਚ ਇੱਕ ਅਧੂਰੀ ਸਰਕਾਰ ਬਣਾਈ ਸੀ। ਇਸ ਵਾਰ ਅਸੀਂ ਇੱਥੇ ਪੂਰੀ ਸਰਕਾਰ ਬਣਾਵਾਂਗੇ
ਸ੍ਰੀ ਖੰਨਾ ਨੇ ਚੰਡੀਗੜ੍ਹ ਚ ਮੀਡੀਏ ਨਾਲ ਗੱਲਬਾਤ ਕਰਦੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜੰਮੂ–ਕਸ਼ਮੀਰ ਵਿੱਚ ਛੇਤੀ ਚੋਣਾਂ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਇੱਕੋ–ਇੱਕ ਵੱਡੀ ਪਾਰਟੀ ਵਜੋਂ ਉੱਭਰੇਗੀ।
ਧਾਰਾ 370 ਖ਼ਤਮ ਕੀਤੇ ਜਾਣ ਬਾਰੇ ਸ੍ਰੀ ਖੰਨਾ ਨੇ ਕਿਹਾ ਕਿ – ‘ਇਹ ਦੇਸ਼ ਦੀ ਇੱਛਾ ਸੀ। ਪੱਛਮੀ ਪਾਕਿਸਤਾਨ ਤੋਂ ਆਏ ਸ਼ਰਨਾਰਥੀ ਬਹੁਤ ਲੰਮੇ ਸਮੇਂ ਤੋਂ ਇਹ ਸਭ ਝੱਲ ਰਹੇ ਸਨ ਪਰ ਹੁਣ ਉਹ ਵੋਟ ਕਰਨ ਦੇ ਯੋਗ ਹੋ ਸਕਣਗੇ ਤੇ ਉਹ ਸਰਕਾਰੀ ਨੀਤੀਆਂ ਦੇ ਨਤੀਜਿਆਂ ਦਾ ਆਨੰਦ ਮਾਣ ਸਕਣਗੇ

ਸ੍ਰੀ ਖੰਨਾ ਨੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਧਾਰਾ–370 ਦੇ ਮੁੱਦੇ ਉੱਤੇ ਵਿਰੋਧੀ ਧਿਰ ਨੂੰ ਭਰੋਸੇ ’ਚ ਲੈਣ ਦਾ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ ਕਿਉਂਕਿ ਇਸ ਧਾਰਾ ਦਾ ਖ਼ਾਤਮਾ ਤਾਂ ਪਹਿਲਾਂ ਹੀ ਭਾਜਪਾ ਦੇ ਏਜੰਡੇ ’ਤੇ ਸੀ। ‘ਅਸੀਂ ਪਹਿਲਾਂ ਹੀ ਆਖ ਦਿੱਤਾ ਸੀ ਕਿ ਸੱਤਾ ’ਚ ਆਉਣ ’ਤੇ ਅਸੀਂ ਧਾਰਾ–370 ਖ਼ਤਮ ਕਰਾਂਗੇ ਤੇ ਅਸੀਂ ਇਹ ਕਰ ਵਿਖਾਇਆ।’
ਕਸ਼ਮੀਰ ਵਾਦੀ ਦੇ ਸਿਆਸੀ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਰੱਖਣ ਦੇ ਮੁੱਦੇ ਉੱਤੇ ਪੁੱਛੇ ਸੁਆਲ ਦਾ ਜੁਆਬ ਦਿੰਦਿਆਂ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ – ‘ਇਹ ਮੰਦਭਾਗੀ ਗੱਲ ਹੈ ਕਿ ਕਸ਼ਮੀਰ ਦੇ ਸਿਆਸੀ ਆਗੂ ਆਪ ਤਾਂ ਸਕਿਓਰਿਟੀ ਗਾਰਡ ਲੈ ਕੇ ਚੱਲ ਰਹੇ ਹਨ ਤੇ ਫਿਰ ਖ਼ੁਦ ਵੱਖਵਾਦੀਆਂ ਦੀ ਹਮਾਇਤ ਵੀ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਕਸ਼ਮੀਰ ਵਿੱਚ ਕਿਸੇ ਨੂੰ ਸੁਰੱਖਿਆ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਇਨ੍ਹਾਂ ਲੀਡਰਾਂ ਨੂੰ ਅੱਤਵਾਦੀਆਂ ਤੋਂ ਕੋਈ ਖ਼ਤਰਾ ਨਹੀਂ ਹੈ। ਜਿਹੜੇ ਵੀ ਲੀਡਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਹਰੇਕ ਕਾਰਵਾਈ ਸਬੂਤਾਂ ਦੇ ਆਧਾਰ ਉੱਤੇ ਕੀਤੀ ਗਈ ਹੈ।’

  • 73
  •  
  •  
  •  
  •