‘ਵੰਡਿਆ ਹੋਇਆ ਭਾਰਤ ਯਕੀਨੀ ਟੁਟੇਗਾ’ ਮੁਰਲੀ ਮਨੋਹਰ ਜੋਸ਼ੀ

(ਬ੍ਰਹਮਵਾਦ ਅਤੇ ਬ੍ਰਾਹਮਣਵਾਦ ਵਿਚਕਾਰ ਨਿਖੇੜਾ)

ਕਸ਼ਮੀਰ ਵਿਚ ਵਾਪਰੀਆ ਤਾਜਾ ਘਟਨਾਵਾਂ ਤੋਂ ਕੁਝ ਮਹੀਨੇ ਪਹਿਲਾਂ ਪਾਰਲੀਮੈਂਟ ਦੀਆਂ ਚੋਣਾਂ ਦੌਰਾਨ, ਮੋਦੀ-ਸ਼ਾਹ ਜੋੜੀ ਦੀ ਨਫਰਤ ਭਰੀ ਚੋਣ ਮੁਹਿੰਮ ਤੋਂ ਖਿਝ ਕੇ, ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਸੀਨੀਅਰ ਆਗੂਆਂ ਵਿਚੋਂ ਇਕ, ਮੁਰਲੀ ਮਨੋਹਰ ਜੋਸ਼ੀ ਨੇ ਆਪਣੇ ‘ਫੇਸ ਬੁਕ’ ਸਫੇ ਉਤੇ ਲਿਖਿਆ ਸੀ
”ਯਕੀਨਨ ਹੀ ਇਥੇ ਇਹ ਨੋਟ ਕਰਨਾ ਬਹੁਤ ਦਿਲਚਸਪ ਹੋਵੇਗਾ, ਕਿ ਮਹਾਂਭਾਰਤ ਦੇ ਸ਼ਾਤੀ ਪਰਵ ਅਧਿਆਇ ਦੇ 107 ਵੇਂ ਕਾਂਡ ਵਿਚ, ਗਣਰਾਜ ਬਾਰੇ ਯੁਧਿਸ਼ਟਰ ਅਤੇ ਭੀਸ਼ਮ ਪਿਤਾਮਾ ਵਿਚਕਾਰ ਹੋਇਆ ਇਕ ਸੰਵਾਦ ਦਰਜ ਹੈ, ਕਿ ਗਣਰਾਜ ਕਿਵੇਂ ਲਗਾਤਾਰ ਇਕਜੁਟ, ਖੁਸ਼ਹਾਲ ਅਤੇ ਸ਼ਾਤਮਈ ਰਖਿਆ ਜਾ ਸਕਦਾ ਹੈ। ਭੀਸ਼ਮ ਪਿਤਾਮਾ ਦੇ ਕਥਨ ਅਨੁਸਾਰ, ‘ਗਣਰਾਜ ਦੇ ਮੈਂਬਰ ਸੂਝਵਾਨ ਹੋਣ, ਗਿਆਨ ਦੀਆਂ ਵਖ-ਵਖ ਸ਼ਾਖਾਵਾਂ ਦੇ ਚੰਗੇ ਜਾਣਕਾਰ ਹੋਣ ਅਤੇ ਉਹ ਆਪਸੀ ਭਰੋਸੇ ਅਤੇ ਵਿਸ਼ਵਾਸ ਨਾਲ ਲੋਕਾਂ ਦੀ ਸੇਵਾ ਕਰਨ। ਇਸ ਤਰ੍ਹਾਂ ਉਹ ਵਿਕਾਸ ਕਰਨਗੇ।’
ਗਣਰਾਜ ਦੀ ਬਣਤਰ (ਵਿਧਾਨ) ਬਾਰੇ ਗੱਲ ਕਰਦਿਆਂ ਮਹਾਂਭਾਰਤ ਵਿਚ ਇਹ ਜਾਣਕਾਰੀ ਵੀ ਦਿਤੀ ਗਈ ਹੈ, ਕਿ ਇਕ ਗਣਰਾਜ ਦਾ ਪਤਨ ਕਿਵੇਂ ਹੁੰਦਾ ਹੈ। ਭੀਸ਼ਮ ਪਿਤਾਮਾ ਦੇ ਕਹਿਣ ਅਨੁਸਾਰ, ‘ਜਿਥੇ ਭਰੋਸਾ ਖਤਮ ਹੋ ਜਾਏ, ਉਥੇ ਸਾਰਾ ਕੁਝ ਖਤਮ ਹੋ ਜਾਂਦਾ ਹੈ। ਜਿਆਦਾਤਰ ਗਣਰਾਜ ਇਕ-ਦੂਜੇ ਭਾਈਚਾਰੇ ਵਿਚ ਵਿਰੋਧ ਪੈਦਾ ਹੋਣ ਕਾਰਨ ਤਬਾਹ ਹੋ ਗਏ। ਇਕ ‘ਗਣਰਾਜ ਵਿਚ, ਇਕ ਪਰਿਵਾਰ ਵਿਚ ਅਤੇ ਇਕ ਰਾਜ ਅਤੇ ਦੂਜੇ ਰਾਜ ਵਿਚਕਾਰ ਦੁਸ਼ਮਣੀ ਦੀ ਅਗ ਭੜਕਾਉਣ ਵਾਲੇ ਸਭ ਤੋਂ ਅਹਿਮ ਦੋ ਪਖ ਲਾਲਚ ਅਤੇ ਹੰਕਾਰ ਹਨ। ਆਮ ਤੌਰ ਉਤੇ ਇਕ ਗਣਰਾਜ ਖੁਸ਼ਹਾਲ ਸਥਾਨ ਹੈ। ਸਿਆਣੇ ਲੋਗ ਗਣਰਾਜ ਦੇ ਨਾਗਰਿਕਾਂ ਦੀ ਪ੍ਰਸੰਸਾਂ ਕਰਦੇ ਹਨ। ਏਕਤਾ ਦੀ ਭਾਵਨਾ ਵਿਚ ਬਝੇ ਹੋਏ ਉਹ ਇਕ-ਦੂਜੇ ਨਾਲ ਧੋਖਾ ਨਹੀਂ ਕਰਦੇ, ਬਲਕਿ ਇਕ-ਦੂਜੇ ਦੀ ਸੇਵਾ ਕਰਕੇ ਉਹ ਖੁਸ਼ਹਾਲ ਸਮਾਜ ਸਿਰਜਦੇ ਹਨ।’ ਇਸਦੀ ਹੋਰ ਵਿਆਖਿਆ ਕਰਦਿਆਂ ਭੀਸ਼ਮ ਪਿਤਾਮਾ ਦਸਦਾ ਹੈ, ‘ਇਸ ਤੋਂ ਪਹਿਲਾ ਕਿ ਰਾਜ ਲੋਕਾਂ ਨੂੰ ਸੁਰਖਿਆ ਦੇ ਸਕੇ, ਰਾਜ ਦਾ ਲੋਕਾਂ ਨੂੰ ਇਕ-ਦੂਜੇ ਦੇ ਡਰ ਤੋਂ ਸੁਰਖਿਅਤ ਕਰਨਾ ਜਰੂਰੀ ਹੈ, ਜਿਹੜਾ ਡਰ ਇਕ-ਦੂਜੇ ਪ੍ਰਤੀ ਬੇਭਰੋਸਗੀ ਵਿਚੋਂ ਪੈਦਾ ਹੁੰਦਾ ਹੈ। ਇਸ ਲਈ ਰਾਜ ਨੂੰ ਲੋਕਾਂ ਵਿਚਲੇ ਆਪਸੀ ਡਰ ਅਤੇ ਬੇਭਰੋਸਗੀ ਦੇ ਕਾਰਨਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਜੇ ਰਾਜ ਇਸ ਤਰ੍ਹਾਂ ਨਹੀਂ ਕਰਦਾ ਤਾਂ ਅੰਦਰੂਨੀ ਡਰ ਗਣਰਾਜ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ।’ ਭੀਸ਼ਮ ਪਿਤਾਮਾ ਆਪਣੀ ਗੱਲ ਇਹ ਕਹਿ ਕੇ ਖਤਮ ਕਰਦਾ ਹੈ, ‘ਜਦੋਂ ਕ੍ਰੋਧ, ਉਲਝਣਾਂ ਜਾਂ ਲਾਲਚ ਕਾਰਨ ਗਣਰਾਜ ਦੇ ਵਖ-ਵਖ ਭਾਈਚਾਰੇ ਆਪਸੀ ਸੰਵਾਦ ਖਤਮ ਕਰ ਲੈਂਦੇ ਹਨ, ਤਾਂ ਇਹ ਯਕੀਨੀ ਉਹਨਾਂ ਦੀ ਪਹਿਲਾ ਹੀ ਹੋ ਚੁਕੀ ਹਾਰ ਦੇ ਲਛਣ ਹਨ।’
ਮਹਾਂਭਾਰਤ ਅਨੁਸਾਰ ਇਕ ਗਣਰਾਜ ਦੀ ਜਿੰਦਗੀ ਅਤੇ ਨਰੋਈ ਸਿਹਤ ਲਈ ਸਮਾਜੀ-ਆਰਥਿਕ ਨੀਤੀਆਂ ਇਸ ਤਰ੍ਹਾਂ ਦੀਆਂ ਘੜੀਆ ਜਾਣੀਆ ਚਾਹੀਦੀਆ ਹਨ, ਕਿ ਆਪਸੀ ਭਰੋਸਾ ਪੈਦਾ ਹੋਵੇ, ਆਪਸੀ ਡਰ ਦੀ ਭਾਵਨਾ ਖਤਮ ਹੋਵੇ, ਆਪਸੀ ਤਾਲਮੇਲ ਅਤੇ ਸੰਚਾਰ ਬਣਿਆ ਰਹੇ ਅਤੇ ਸਮਾਜ ਵਿਚ ਹਿੰਸਾ, ਕ੍ਰੋਧ ਤੇ ਉਲਝਣਾਂ ਦੀ ਪੂਰਨ ਰੂਪ ਵਿਚ ਅਣਹੋਂਦ ਹੋਵੇ। ਅਜਿਹਾ ਇਕਜੁਟ ਅਤੇ ਸੰਯੁਕਤ ਗਣਰਾਜ ਚਿਰਸਥਾਈ ਹੋਵੇਗਾ।” ਅਖੀਰ ਵਿਚ ਮੁਰਲੀ ਮਨੋਹਰ ਜੋਸ਼ੀ ਦੀ ਆਪਣੀ ਟਿਪਣੀ ਹੈ, ”ਇਕਜੁਟ ਭਾਰਤੀ ਗਣਰਾਜ ਹਮੇਸ਼ਾਂ ਜਿਤੇਗਾ ਪਰ ਆਪਸੀ ਵੰਡਿਆ ਹੋਇਆ ਭਾਰਤ ਯਕੀਨੀ ਟੁਟੇਗਾ।”
ਮੁਰਲੀ ਮਨੋਹਰ ਜੋਸ਼ੀ ਦਾ ਇਹ ਲੰਬਾ ਹਵਾਲਾ ਦੇਣ ਦੀ ਲੋੜ ਇਸ ਕਰਕੇ ਪਈ ਹੈ, ਤਾਂ ਕਿ ਮੋਦੀ-ਸ਼ਾਹ ਸਰਕਾਰ ਬਾਰੇ ਬਣਿਆ ਇਹ ਭਰਮ ਤੋੜਿਆ ਜਾ ਸਕੇ ਕਿ ਇਹ ਸਾਰੇ ਹਿੰਦੂਆਂ ਦੀ ਪ੍ਰਤੀਨਿਧ ਸਰਕਾਰ ਹੈ। ਇਸ ਭਰਮ ਨੂੰ ਤੋੜੇ ਬਿਨਾਂ ਮੋਦੀ-ਸ਼ਾਹ-ਡੋਵਾਲ ਜੁੰਡਲੀ ਦੀ ਰਾਜਨੀਤੀ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਓਨ ਲਾਈਨ ਨਿਕਲਦੇ ਪਰਚੇ ‘ਕਾਰਵਾਂ’ ਵਿਚ ਛਪੀ ਆਪਣੀ ਇਕ ਲੰਬੀ ਲਿਖਤ ਅੰਦਰ, ਪਰਚੇ ਦੇ ਰਾਜਨੀਤਕ ਸੰਪਾਦਕ ਹਰਤੋਸ਼ ਸਿੰਘ ਬਲ ਨੇ ਮੋਦੀ-ਸ਼ਾਹ ਵਰਤਾਰੇ ਦੀ ਐਨ ਸਹੀ ਪੁਣਛਾਣ ਕੀਤੀ ਹੈ। ਉਸਦੀ ਲਿਖਤ ਅਨੁਸਾਰ, ਦੇਸ ਦੀ ਕੁਲ ਵਸੋਂ ਦੇ 20 ਫੀਸਦੀ ਦੇ ਕਰੀਬ ਬਣਦੇ ਬ੍ਰਾਹਮਣ-ਬਾਣੀਆ ਜਾਤੀ ਦੇ ਗਠਜੋੜ ਨੇ ਦੇਸ ਦੀ ਬਾਕੀ 80 ਫੀਸਦੀ ਆਬਾਦੀ ਨੂੰ ਉਸਦੇ ਰਾਜਸੀ ਅਧਿਕਾਰਾਂ ਤੋਂ ਵਾਂਝੇ ਰਖਣ ਲਈ, ਨਫਰਤ ਭਰਿਆ (ਨਕਲੀ) ਹਿੰਦੂਵਾਦੀ ਜਨੂੰਨ ਭੜਕਾ ਕੇ ਦੇਸ ਦੀ ਸਮੁਚੀ ਰਾਜਸੀ ਤਾਕਤ ਉਤੇ ਕਬਜਾ ਕਰ ਲਿਆ ਹੈ।
ਇਸ ਨਫਰਤ ਭਰੀ ਰਾਜਨੀਤੀ ਦੀ ਸ਼ੁਰੂਆਤ ਇੰਦਰਾ ਗਾਂਧੀ ਨੇ ਕੀਤੀ ਸੀ। ਉਸਨੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਵਿਢੇ ਅਕਾਲੀ ਦਲ ਦੇ ਸੰਘਰਸ਼ ਨੂੰ ਆਪਣੇ ਰਾਜਸੀ ਮਨਸੂਬਿਆਂ ਨੂੰ ਪੂਰਾ ਕਰਨ ਲਈ ਹਿੰਦੂ-ਸਿਖ ਮਸਲਾ ਬਣਾ ਕੇ, ਉਚ ਜਾਤੀ ਹਿੰਦੂਆਂ ਦੇ ਮਨਾਂ ਵਿਚ ਸਿਖ ਵਿਰੋਧੀ ਨਫਰਤ ਭਰਨ ਲਈ ਵਰਤਿਆ। ਰਾਜੀਵ ਗਾਂਧੀ ਨੂੰ ਇਸ ਸਿਖ ਵਿਰੋਧੀ ਭੜਕਾਈ ਨਫਰਤ ਦਾ ਰਾਜਸੀ ਫਾਇਦਾ ਦਸੰਬਰ 1984 ਦੀਆਂ ਪਾਰਲੀਮੈਂਟ ਚੋਣਾਂ ਵਿਚ ਮਿਲਿਆ। ਉਸਨੇ 404 ਪਾਰਲੀਮੈਂਟ ਹਲਕਿਆਂ ਵਿਚ ਜਿਤ ਪ੍ਰਾਪਤ ਕਰਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ। ਬਾਬਰੀ ਮਸਜਿਦ ਦਾ ਏਜੰਡਾ ਬਣਾ ਕੇ ਸੰਘ ਪਰਿਵਾਰ ਨੇ ਇਸ ਸਿਖ ਵਿਰੋਧੀ ਨਫਰਤ ਨੂੰ ਮੁਸਲਮਾਨਾਂ ਤਕ ਵਿਸਥਾਰ ਦਿਤਾ। ਬਹੁਜਨ ਸਮਾਜ ਪਾਰਟੀ ਦੇ ਬਾਨੀ ਪ੍ਰਧਾਨ ਕਾਂਸ਼ੀ ਰਾਮ ਨੇ ਬ੍ਰਾਹਮਣ-ਬਾਣੀਆ ਗਠਜੋੜ ਨੂੰ ਮੁਖ ਨਿਸ਼ਾਨਾ ਬਣਾ ਕੇ ਅਤੇ ਹੇਠਲੀਆ ਸਾਰੀਆਂ ਜਾਤੀਆਂ ਤੇ ਧਾਰਮਿਕ ਘਟ-ਗਿਣਤੀਆਂ ਨੂੰ ਇਕਮੁਠ ਕਰਕੇ, ਇਸ ਉਚ ਜਾਤੀ ਗਠਜੋੜ ਨੂੰ ਵੰਗਾਰਿਆ। ਜਿਸ ਕਾਰਨ ਇਹ ਨਫਰਤੀ ਰਾਜਨੀਤੀ ਕੁਝ ਚਿਰ ਲਈ ਦਿਲੀ ਤੋਂ ਦੂਰ ਰਹੀ। ਪਰ ਉਸਦੀ ਵਾਰਿਸ ਬਣੀ ਮਾਇਆਵਤੀ ਨੇ ਬਹੁਜਨ ਸਮਾਜ ਨੂੰ ਉਤਰ ਪ੍ਰਦੇਸ਼ ਵਿਚ ਜਾਟਵ ਰਾਜਨੀਤੀ ਤਕ ਸੁੰਗੇੜ ਕੇ, ਇਸ ਨਫਰਤੀ ਰਾਜਨੀਤੀ ਵਿਚ ਫਿਰ ਜਾਨ ਪਾ ਦਿਤੀ।
ਹਰ ਹੀਲਾ-ਵਸੀਲਾ ਵਰਤ ਕੇ ਬੇਸ਼ਕ ਇਸ ਜੁੰਡਲੀ ਨੇ ਸਰਕਾਰ ਉਤੇ ਕਬਜਾ ਕਰ ਲਿਆ ਹੈ, ਪਰ ਇਸਦੇ ਬਾਵਜੂਦ ਇਹ ਸਰਕਾਰ ਸਿਰਫ 15-20 ਫੀ ਸਦੀ ਬ੍ਰਾਹਮਣ-ਬਾਣੀਆ ਗਠਜੋੜ ਦੀ ਪ੍ਰਤੀਨਿਧਤਾ ਹੀ ਕਰਦੀ ਹੈ। ਇਸਦੇ ਸਾਰੇ ਨੀਤੀ ਫੈਸਲੇ ਅਤੇ ਆਰਥਿਕ ਨੀਤੀਆਂ ਇਸ ਸਚਾਈ ਦੀ ਪੁਸ਼ਟੀ ਕਰਦੀਆਂ ਹਨ। ਇਥੇ ਇਹ ਗੱਲ ਸਾਰਿਆ ਨੂੰ ਸਪਸਟ ਹੋਣੀ ਚਾਹੀਦੀ ਹੈ ਕਿ ਬ੍ਰਾਹਮਣ-ਬਾਣੀਆ ਗਠਜੋੜ ਹਿੰਦੂ ਫਿਲਾਸਫੀ ਦੀ ਮੁਖ ਧਾਰਾ (ਵੇਦਾਂਤ) ਦੀ ਪ੍ਰਤੀਨਿਧਤਾ ਨਹੀਂ ਕਰਦਾ, ਬਲਕਿ ਇਹ ਵੇਦਾਂਤ ਤੋਂ ਕੁਰਾਹੇ ਪਈ ਹੋਈ ਉਸਦੀ ਇਕ ਸ਼ਾਖ ਹੈ, ਜਿਹੜੀ ਹਕੀਕਤ ਦੀ ਬਜਾਏ ਮਾਨਸਿਕ ਕਲਪਨਾ ਵਿਚ ਜਿਉਂਦੀ ਹੈ ਅਤੇ ਜਿਸਨੇ ਅਜੋਕੇ ਸਾਮਰਾਜੀ ਦੌਰ ਵਿਚ ਆ ਕੇ ਹਿੰਦੂ ਭਾਈਚਾਰੇ ਸਮੇਤ ਸਮੁਚੇ ਦੇਸ ਨੂੰ ਹੀ ਤਬਾਹੀ ਦੇ ਕੰਢੇ ਲੈ ਆਈ ਹੈ।
ਯੂਰਪ ਵਾਂਗ ਸਾਡੇ ਦੇਸ ਵਿਚ ਵੀ ਐਨ ਮੁਢ ਤੋਂ ਹੀ ਆਤਮਿਕ ਗਿਆਨ (ਫਿਲਾਸਫੀ) ਦੀਆਂ ਦੋ ਧਾਰਾਵਾਂ ਇਕ-ਦੂਜੇ ਦੇ ਨਾਲ ਖਹਿ ਕੇ ਅਤੇ ਇਕ-ਦੂਜੇ ਨਾਲ ਨਿਰੰਤਰ ਭਿੜਦੀਆਂ ਹੋਈਆ ਵਿਕਸਿਤ ਹੋਈਆ ਹਨ। ਗਿਆਨ ਦੀ ਇਕ ਧਾਰਾ ਹਕੀਕੀ ਯਥਾਰਥ ਭਾਵ ਬ੍ਰਹਮ ਉਤੇ ਟੇਕ ਰਖ ਕੇ ਵਿਕਸਿਤ ਹੋਈ ਹੈ। ਗਿਆਨ ਦੀ ਇਹ ਧਾਰਾ ਭੌਤਿਕਵਾਦੀ ਹੈ। ਗਿਆਨ ਦੀ ਦੂਜੀ ਧਾਰਾ ਮਨੁਖ ਦੀ ਮਾਨਸਿਕ ਕਲਪਨਾ ਉਤੇ ਆਧਾਰਿਤ ਹੈ, ਜਿਹੜੀ ਬ੍ਰਹਮ ਦੇ ਮਨ-ਕਲਪਿਤ ਵਿਅਕਤੀ ਰੂਪ ਬ੍ਰਹਮਾ ਉਤੇ ਟੇਕ ਰਖ ਕੇ ਵਿਕਸਿਤ ਹੋਈ ਹੈ। ਇਹੀ ਕਲਪਿਤ ਬ੍ਰਹਮਾ ਆਪਣੇ ਸਿਰ ਵਿਚੋਂ ਬ੍ਰਾਹਮਣ ਤੇ ਪੈਰਾਂ ਵਿਚੋਂ ਸ਼ੂਦਰ ਪੈਦਾ ਕਰਨ ਦੀ ਸੋਚ ਦਾ ਜਨਕ ਹੈ। ਗਿਆਨ ਦੀ ਇਹ ਬ੍ਰਾਹਮਣਵਾਦੀ ਧਾਰਾ ਹਿੰਦੂ ਧਰਮ ਵਿਚ ਆਈਆ ਸਾਰੀਆ ਜਾਤਪਾਤੀ ਬੁਰਾਈਆਂ ਅਅਤੇ ਮੂਰਤੀਪੂਜ ਕਰਮਕਾਂਡ ਦੀ ਜਨਨੀ ਹੈ। ਇਹ ਧਾਰਾ ਹਿੰਦੂ ਧਰਮ ਦੀ ਮਹਾਨ ਫਿਲਾਸਫੀ ਨੂੰ ਨਹੀਂ ਸਗੋਂ ਉਸਦੇ ਬਾਹਰੀ ਰੂਪ ਕਰਮਕਾਂਡ ਦੀ ਵਿਆਖਿਆ ਕਰਦੀ ਹੈ।
ਸਾਡੇ ਦੇਸ ਅੰਦਰ ਜਮਹੂਰੀਅਤ ਵਿਕਸਿਤ ਕਿਉਂ ਨਹੀਂ ਹੋਈ, ਇਸਦੀ ਖੋਜ ਕਰਦਿਆਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਹਿੰਦੂ ਧਰਮ ਬਾਰੇ ਇਕ ਬੜੀ ਦਿਲਚਸਪ ਜਾਣਕਾਰੀ ਦਿਤੀ ਹੈ। ਬਾਬਾ ਸਾਹਿਬ ਦਾ ਕਹਿਣਾ ਹੈ, ”ਇਸ ਸੁਆਲ ਦਾ ਜੁਆਬ ਬੜਾ ਸਾਦਾ ਹੈ ਕਿ ਹਿੰਦੂ ਧਰਮ ਭਾਈਚਾਰੇ ਦੀ ਭਾਵਨਾ ਨਹੀਂ ਭਰਦਾ, ਸਗੋਂ ਇਹ ਸਮਾਜ ਨੂੰ ਜਾਤਾਂ ਅਤੇ ਵਰਣਾਂ ਵਿਚ ਵੰਡਦਾ ਹੈ ਅਤੇ ਇਸ ਵੰਡ ਨੂੰ ਜਮਾਤੀ ਚੇਤਨਾ ਵਿਚ ਪਕਿਆ ਕਰਦਾ ਹੈ। ਅਜਿਹੇ ਸਮਾਜੀ ਪ੍ਰਬੰਧ ਵਿਚ ਜਮਹੂਰੀਅਤ ਲਈ ਕੋਈ ਥਾਂ ਨਹੀਂ ਬਣ ਸਕਦੀ। … ਜਦੋਂ ਕਿ ਹਿੰਦੂ ਧਰਮ ਅਤੇ ਹਿੰਦੂ ਫਿਲਾਸਫੀ ਦੀ ਸੋਚ ਨੇ ਇਕ ਅਜਿਹੇ ਸੰਕਲਪ ਨੂੰ ਜਨਮ ਦਿਤਾ ਹੈ, ਜਿਸ ਦੀਆ ਸਮਾਜੀ ਜਮਹੂਰੀਅਤ ਲਈ ਭਾਈਚਾਰੇ ਦੇ ਸਿਧਾਂਤ ਨਾਲੋ ਵੀ ਕਿਤੇ ਵਧੇਰੇ ਸੰਭਾਵਨਾਵਾਂ ਹਨ। ਇਹ ਸੰਕਲਪ ਬ੍ਰਹਮਵਾਦ ਦਾ ਸਿਧਾਂਤ ਹੈ। ਇਹ ਮੰਨਣਾ ਅਤੇ ਅਹਿਸਾਸ ਕਰਨਾ ਕਿ ਤੁਸੀਂ ਅਤੇ ਮੈਂ ਸਾਰੇ ਇਕੋ ਹੀ ਬ੍ਰਹਮ (ਬ੍ਰਹਿਮੰਡ) ਦਾ ਅੰਸ਼ ਹਾਂ, ਇਹ ਜਮਹੂਰੀਅਤ ਤੋਂ ਸਿਵਾਏ ਕਿਸੇ ਹੋਰ ਸਿਧਾਂਤ ਵਾਸਤੇ ਕੋਈ ਥਾਂ ਹੀ ਨਹੀਂ ਛਡਦਾ।”
ਪਛਮੀ ਤਰਜ ਦੀ ਜਮਹੂਰੀਅਤ ਦੀ ਪੜਚੋਲ ਕਰਦਿਆਂ ਬਾਬਾ ਸਾਹਿਬ ਨੇ ਲਿਖਿਆ ਹੈ, ”ਪਛਮੀ ਤਰਜ ਦੀ ਜਮਹੂਰੀਅਤ ਦਾ ਆਧਾਰ ਇਹ ਹੈ, ਕਿ ਅਸੀਂ ਸਾਰੇ ਪਰਮਾਤਮਾ (7od) ਦੇ ਬਚੇ ਹਾਂ। ਇਹ ਵਿਚਾਰ ਜਮਹੂਰੀਅਤ ਦੀ ਬੜੀ ਕਮਜ਼ੋਰ ਬੁਨਿਆਦ ਹੈ। ਇਹੀ ਕਾਰਨ ਹੈ ਕਿ ਜਿਥੇ ਕਿਤੇ ਵੀ (ਪਛਮੀ ਤਰਜ ਦੀ) ਜਮਹੂਰੀਅਤ ਦੀ ਸਿਰਜਣਾ ਹੋਈ ਹੈ, ਉਥੇ ਹੀ ਇਹ ਇਸ ਕਮਜ਼ੋਰ ਬੁਨਿਆਦ ਉਤੇ ਖੜੀ ਹੈ। ਜਮਹੂਰੀਅਤ ਦੇ ਪਛਮੀ ਵਿਦਿਆਰਥੀਆਂ ਨੇ ਇਹ ਪ੍ਰਚਾਰਿਆ ਹੈ, ਕਿ ਜਮਹੂਰੀਅਤ ਦਾ ਮੂਲ ਆਧਾਰ ਇਸਾਈ ਧਰਮ ਜਾਂ ਪਲੈਟੋ ਦੀ ਫਿਲਾਸਫੀ ਹੈ ਅਤੇ ਜਮਹੂਰੀਅਤ ਦਾ ਹੋਰ ਕੋਈ ਸੋਮਾ ਨਹੀਂ। ਪਰ ਜੇ ਉਹ ਜਾਣਦੇ ਕਿ ਭਾਰਤ ਨੇ ਬ੍ਰਹਮਵਾਦ ਦਾ ਸਿਧਾਂਤ ਵਿਕਸਿਤ ਕੀਤਾ ਹੈ, ਜਿਹੜਾ ਜਮਹੂਰੀਅਤ ਦੀ ਸਭ ਤੋਂ ਵਧੀਆ ਬੁਨਿਆਦ ਬਣਦਾ ਹੈ, ਤਾਂ ਉਹ ਏਨੇ ਕਟੜਵਾਦੀ ਨਾ ਹੁੰਦੇ।”
ਫਿਰ ਬਾਬਾ ਸਾਹਿਬ ‘ਬ੍ਰਹਮਵਾਦ’ ਬਾਰੇ ਜਾਣਕਾਰੀ ਦੇਂਦੇ ਹਨ, ”ਜੇ ਕੋਈ ਪੁਛੇ ਕਿ ਇਹ ਬ੍ਰਹਮਵਾਦ ਕੀ ਹੈ, ਤਾਂ ਇਹ ਹੈਰਾਨੀਜਨਕ ਨਹੀਂ ਹੋਵੇਗਾ। ਕਿਉਂਕਿ ਹਿੰਦੂਆ ਲਈ ਵੀ ਇਹ ਨਵਾਂ ਸਿਧਾਂਤ ਹੈ। ਹਿੰਦੂ ਵੇਦਾਂਤ ਤੋਂ ਜਾਣੂ ਹਨ। ਉਹ ਬ੍ਰਾਹਮਣਵਾਦ ਤੋਂ ਜਾਣੂ ਹਨ। ਪਰ ਨਿਸਚਿਤ ਤੌਰ ਉਤੇ ਉਹ ਬ੍ਰਹਮਵਾਦ ਤੋਂ ਜਾਣੂ ਨਹੀਂ ਹਨ। ਪਰ ਇਸਦੇ ਬਾਵਜੂਦ ਬ੍ਰਹਮ ਦੇ ਸਿਧਾਂਤ ਦੀਆ ਸਮਾਜੀ ਅਰਥ ਸੰਭਾਵਨਾਵਾਂ ਹਨ, ਜਿਹੜੀਆ ਜਮਹੂਰੀਅਤ ਲਈ ਇਕ ਬੁਨਿਆਦ ਦੇ ਤੌਰ ਉਤੇ ਬੇਸ਼ਕੀਮਤੀ ਹਨ। ਜੇ ਸਾਰੇ ਮਨੁਖ ਬ੍ਰਹਮ ਦਾ ਅੰਸ਼ ਹਨ ਤਾਂ ਸਾਰੇ ਮਨੁਖ ਬਰਾਬਰ ਹਨ ਅਤੇ ਸਾਰੇ ਹੀ ਇਕੋ ਜਿਹੀ ਆਜਾਦੀ ਮਾਣਨ ਦੇ ਹਕਦਾਰ ਹਨ ਜਿਹੜਾ ਕਿ ਜਮਹੂਰੀਅਤ ਦਾ ਅਸਲੀ ਮਨੋਰਥ ਹੈ। ਇਸ ਦ੍ਰਿਸ਼ਟੀਕੋਣ ਤੋਂ ਵੇਖਿਆ ਬ੍ਰਹਮ ਭਾਵੇਂ ਅਗਮ ਹੈ, ਪਰ ਇਸ ਵਿਚ ਭੋਰਾ ਭਰ ਵੀ ਸ਼ਕ ਨਹੀਂ ਕਿ ਕੋਈ ਵੀ ਹੋਰ ਸਿਧਾਂਤ ਜਮਹੂਰੀਅਤ ਲਈ ਏਨੀ ਤਗੜੀ ਬੁਨਿਆਦ ਨਹੀਂ ਬਣ ਸਕਦਾ, ਜਿੰਨਾ ਬ੍ਰਹਮਵਾਦ ਦਾ ਸਿਧਾਂਤ ਬਣਦਾ ਹੈ।”
ਬਾਬਾ ਸਾਹਿਬ ਦੀ ਦਿਤੀ ਗਈ ਜਾਣਕਾਰੀ ਅਨੁਸਾਰ ਹਿੰਦੂਆਂ ਦੀ ਸਮੁਚੀ ਧਾਰਮਿਕ ਫਿਲਾਸਫੀ ਦੀਆਂ ਤਿੰਨ ਧਾਰਾਵਾਂ ਹਨ 1. ਬ੍ਰਹਮਵਾਦ, 2. ਵੇਦਾਂਤ, 3. ਬ੍ਰਾਹਮਣਵਾਦ।
ਬ੍ਰਹਮਵਾਦ ਦੇ ਤਤ ਨੂੰ ਇਕ ਧਾਰਨਾ ਵਿਚ ਪੇਸ਼ ਕੀਤਾ ਜਾ ਸਕਦਾ ਹੈ, ਪਰ ਇਸ ਦੀ ਵਿਆਖਿਆ ਤਿੰਨ ਤਰ੍ਹਾਂ ਹੋ ਸਕਦੀ ਹੈ 1. ਸਾਡੇ ਆਲੇਦੁਆਲੇ ਦਿਸ ਰਿਹਾ ਸਗਲ ਪਸਾਰਾ ਬ੍ਰਹਮ ਹੈ। 2. ਮੈਂ ਬ੍ਰਹਮ ਹਾਂ। ਆਤਮਾ ਵੀ ਓਹੀ ਹੈ, ਜੋ ਬ੍ਰਹਮ ਹੈ, ਇਸ ਲਈ ਮੈਂ ਬ੍ਰਹਮ ਹਾਂ। 3. ਕਿਉਂਕਿ ਆਤਮਾ ਹੀ ਬ੍ਰਹਮ ਹੈ, ਇਸ ਲਈ ਤੂੰ ਵੀ ਬ੍ਰਹਮ ਦਾ ਅੰਸ਼ ਹੈ। ਭਾਵ ਸਾਰੇ ਜੀਵਾਂ ਵਿਚ ਤਤ ਦੀ ਏਕਤਾ ਹੈ। ਇਨ੍ਹਾਂ ਸੂਤਰਾਂ ਨੂੰ ਮਹਾਂਵਾਕ ਕਿਹਾ ਜਾਂਦਾ ਹੈ। ਇਹ ਬ੍ਰਹਮਵਾਦ ਦਾ ਤਤਨਿਚੋੜ ਹਨ।
ਵੇਦਾਂਤ ਦੀਆਂ ਸਿਖਿਆਵਾਂ ਦਾ ਤਤਨਿਚੋੜ ਹੇਠ ਲਿਖੀਆਂ ਧਾਰਨਾਵਾਂ ਵਿਚ ਪ੍ਰਗਟ ਕੀਤਾ ਗਿਆ ਹੈ 1. ਸਿਰਫ ਬ੍ਰਹਮ ਸਚ ਹੈ। 2. ਸੰਸਾਰ ਮਾਇਆ ਹੈ। 3. ਜੀਵ ਅਤੇ ਬ੍ਰਹਮ ੳ) ਇਕ ਸੋਚ ਅਨੁਸਾਰ ਇਕੋ ਹਨ। ਅ) ਦੂਜੀ ਸੋਚ ਅਨੁਸਾਰ ਇਕੋ ਨਹੀਂ, ਸਗੋਂ ਉਸ ਦਾ ਤਤ ਹਨ, ਪਰ ਉਸ ਤੋਂ ਵਖਰੇ ਨਹੀਂ ਹਨ। ੲ) ਤੀਜੀ ਸੋਚ ਅਨੁਸਾਰ ਇਹ ਵਖਰੇ ਅਤੇ ਇਕ-ਦੂਜੇ ਤੋਂ ਨਿਵੇਕਲੇ ਹਨ।
ਬ੍ਰਾਹਮਣਵਾਦ ਦੇ ਸਿਧਾਂਤ ਨੂੰ ਹੇਠ ਲਿਖੀ ਧਾਰਨਾ ਵਿਚ ਪੇਸ਼ ਕੀਤਾ ਜਾ ਸਕਦਾ ਹੈ 1. ਚਾਰ ਵਰਣਾਂ ਵਿਚ ਯਕੀਨ। 2. ਵੇਦਾਂ ਦੀ ਪਵਿਤਰਤਾ ਅਤੇ ਉਹਨਾਂ ਦੇ ਅਨਾਦੀ ਹੋਣ ਵਿਚ ਯਕੀਨ। 3. ਮੁਕਤੀ ਦਾ ਇਕੋ ਇਕ ਸਾਧਨ ਦੇਵਤਿਆਂ ਨੂੰ ਬਲੀ ਦੇਣੀ।
ਬ੍ਰਹਮਵਾਦ ਅਤੇ ਵੇਦਾਂਤ ਦੋਵੇਂ ਇਹ ਮੰਨਦੇ ਹਨ ਕਿ ਆਤਮਾ ਵੀ ਓਹੀ ਹੈ, ਜੋ ਬ੍ਰਹਮ ਹੈ, ਪਰ ਦੋਵਾਂ ਵਿਚਕਾਰ ਨਿਖੇੜਾ ਇਹ ਹੈ, ਕਿ ਬ੍ਰਹਮਵਾਦ ਸੰਸਾਰ ਨੂੰ ਸਚਾਈ ਮੰਨਦਾ ਹੈ, ਜਦੋਂ ਕਿ ਵੇਦਾਂਤ ਸੰਸਾਰ ਨੂੰ ਮਾਇਆ (ਛਲਾਵਾ) ਕਹਿੰਦਾ ਹੈ। ਦੋਵਾਂ ਵਿਚਕਾਰ ਇਹੀ ਬੁਨਿਆਦੀ ਨਿਖੇੜਾ ਹੈ। ਇਹੀ ਮਾਰਕਸ ਦਾ ਭੌਤਿਕਵਾਦ (ਪਦਾਰਥਵਾਦ) ਹੈ।
ਏਂਗਲਜ ਨੇ ਲਿਖਿਆ ਹੈ, ”ਮਨੁਖੀ ਮਨ ਬੁਨਿਆਦੀ ਹੈ ਜਾਂ ਕੁਦਰਤ ਇਸ ਸੁਆਲ ਨੇ ਚਰਚ (ਮਜ਼੍ਹਬ) ਨੂੰ ਸੰਬੋਧਨ ਹੁੰਦਿਆਂ ਇਸ ਧਾਰਨਾ ਦਾ ਰੂਪ ਲਿਆ, ਕਿ ਕੀ ਸੰਸਾਰ ਦੀ ਰਚਨਾ ਰਬ ਨੇ ਬਣਾਈ ਹੈ ਜਾਂ ਅੰਤਹੀਣ ਆਦਿਕਾਲ ਤੋਂ ਸੰਸਾਰ ਇਵੇਂ ਹੀ ਹੋਂਦ ਰਖਦਾ ਆ ਰਿਹਾ ਹੈ। ਇਸ ਸੁਆਲ ਦਾ ਜੁਆਬ ਦੇਣ ਵਾਲੇ ਫਿਲਾਸਫਰ ਦੋ ਵਡੇ ਧੜਿਆਂ ਵਿਚ ਵੰਡੇ ਹੋਏ ਸਨ। ਜਿਹੜੇ ਕੁਦਰਤ ਨਾਲੋਂ ਮਨੁਖੀ ਮਨ ਨੂੰ ਸਿਰਮੌਰ ਮੰਨਦੇ ਸਨ ਅਤੇ ਅੰਤਿਮ ਤੌਰ ਉਤੇ ਕਿਸੇ ਵੀ ਤਰ੍ਹਾਂ ਸੰਸਾਰ ਦੀ ਰਚਨਾ ਹੋਈ ਮੰਨਦੇ ਸਨ ਉਹ ਆਦਰਸ਼ਵਾਦੀ ਧੜਾ ਬਣੇ ਅਤੇ ਦੂਜੇ ਜਿਹੜੇ ਕੁਦਰਤ ਨੂੰ ਸਿਰਮੌਰ ਮੰਨਦੇ ਸਨ ਉਹ ਸਾਰੇ ਭੌਤਿਕਵਾਦੀਆਂ ਦੀਆਂ ਅਡ-ਅਡ ਧਿਰਾਂ ਵਿਚ ਸ਼ੁਮਾਰ ਹੁੰਦੇ ਸਨ।” ਏਂਗਲਜ ਦੇ ਇਸ ਪੈਮਾਨੇ ਅਨੁਸਾਰ ਬ੍ਰਹਮ ਦੀ ਸਚਾਈ ਨੂੰ ਮੰਨਣ ਵਾਲੇ ਸਾਰੇ ਫਿਲਾਸਫਰ ਭੌਤਿਕਵਾਦੀਆਂ ਵਿਚ ਸ਼ਾਮਿਲ ਹੁੰਦੇ ਹਨ। ਬ੍ਰਹਮਵਾਦ ਦਾ ਤਤ ਇਹ ਹੈ ਕਿ ਸਾਡੇ ਆਲੇਦੁਆਲੇ ਚਾਰਚੁਫੇਰੇ ਪਸਰਿਆ ਦ੍ਰਿਸਟਮਾਨ ਸੰਸਾਰ ਸਚ ਹੈ ਅਤੇ ਇਹ ਸੰਸਾਰ ਅਸੀਮ-ਅਗਮ ਬ੍ਰਹਮ ਦਾ ਇਕ ਅੰਸ਼ ਹੈ। ਇਸ ਲਈ ਹਰੇਕ ਵਸਤੂ-ਵਰਤਾਰਾ ਬ੍ਰਹਮ ਦਾ ਅੰਸ਼ ਹੈ। ਫਰਕ ਸਿਰਫ ਏਨਾ ਹੈ ਕਿ ਮਾਰਕਸ ਨੇ ‘ਬ੍ਰਹਮ’ (ਬ੍ਰਹਿਮੰਡ) ਦੀ ਥਾਂ ਕੁਦਰਤ (ਨੇਚਰ) ਸ਼ਬਦ ਵਰਤਿਆ ਹੈ।
ਬਾਬਾ ਸਾਹਿਬ ਦੀ ਬ੍ਰਹਮਵਾਦ ਬਾਰੇ ਟਿਪਣੀ ਹੈ, ”ਮੈਂ ਬ੍ਰਹਮ ਹਾਂ’ ਕਹਿਣ ਨਾਲ ਆਪਣੀ ਅਸਲੀ ਮਨੁਖੀ ਹੋਂਦ ਦਾ ਅਹਿਸਾਸ ਹੁੰਦਾ ਹੈ। ਇਹ ਅਹਿਸਾਸ ਹੁੰਦਾ ਹੈ ਕਿ ਬਾਕੀ ਮਨੁਖਾਂ ਵਾਂਗ ਮੈਂ ਵੀ ਇਕ ਮਨੁਖ ਹਾਂ। ਇਕ ਅਜਿਹੇ ਸੰਸਾਰ ਵਿਚ ਜਿਥੇ ਹੀਣ ਭਾਵਨਾ ਨਾਲ ਗ੍ਰਸਤ ਮਨੁਖ ਜਾਤੀ ਏਨਾ ਦੁਖ ਹੰਢਾ ਰਹੀ ਹੈ, ਉਥੇ ਅਜਿਹਾ ਅਹਿਸਾਸ ਮਨੁਖ ਜਾਤੀ ਦੇ ਮਨ ਵਿਚ ਸਵੈਮਾਣ ਨਾਲ ਜਿਉਣ ਦੀ ਭਾਵਨਾ ਤੇ ਪ੍ਰੇਰਨਾ ਪੈਦਾ ਕਰੇੇਗਾ।”… ”ਜਮਹੂਰੀਅਤ ਦੀ ਮੰਗ ਹੈ ਕਿ ਹਰੇਕ ਵਿਅਕਤੀ ਨੂੰ ਆਪਣੀ ਯੋਗਤਾ ਨੂੰ ਪ੍ਰਗਟਾਉਣ ਦਾ ਹਰ ਸੰਭਵ ਮੌਕਾ ਮਿਲੇ। ਜਮਹੂਰੀਅਤ ਦੀ ਇਹ ਵੀ ਲੋੜ ਹੈ, ਕਿ ਹਰ ਵਿਅਕਤੀ ਚੇਤੰਨ ਰੂਪ ਵਿਚ ਇਹ ਜਾਣੇ ਕਿ ਉਹ ਵੀ ਬਾਕੀ ਮਨੁਖਾਂ ਵਾਂਗ ਹਰ ਪਖੋਂ ਯੋਗ ਹੈ। ਬ੍ਰਹਮਵਾਦ ਦਾ ਸਿਧਾਂਤ ਇਹ ਸਪਸ਼ਟ ਕਰ ਦੇਂਦਾ ਹੈ ਕਿ ਅਸੀਂ ਸਾਰੇ ਹੀ ਉਸ ਅਸੀਮ ਬ੍ਰਹਮ ਦਾ ਅੰਸ਼ ਹਾਂ।”
ਬਾਬਾ ਸਾਹਿਬ ਦੇ ਕਥਨ ਅਨੁਸਾਰ ਦੁਖਦਾਈ ਗੱਲ ਇਹ ਹੈ, ”ਕਿ ਬ੍ਰਹਮਵਾਦ ਦਾ ਕੋਈ ਸਮਾਜੀ ਪ੍ਰਭਾਵ ਨਾ ਪਿਆ। ਇਹ ਧਰਮ ਦਾ ਆਧਾਰ ਨਾ ਬਣਾਇਆ ਗਿਆ। ਜਦੋਂ ਇਹ ਪੁਛਿਆ ਜਾਂਦਾ ਹੈ ਕਿ ਇਹ ਕਿਉਂ ਵਾਪਰਿਆ? ਤਾਂ ਜੁਆਬ ਮਿਲਦਾ ਹੈ ਕਿ ਬ੍ਰਹਮਵਾਦ ਸਿਰਫ ਫਿਲਾਸਫੀ ਹੈ। ਜਦੋਂ ਕਿ ਫਿਲਾਸਫੀ ਸ਼ੁਧ ਸਿਧਾਂਤ ਦਾ ਮਸਲਾ ਨਹੀਂ ਬਲਕਿ ਮਨੁਖੀ ਜਿੰਦਗੀ ਵਿਚ ਫਿਲਾਸਫੀ ਦੀਆਂ ਅਮਲਯੋਗ ਸੰਭਾਵਨਾਵਾਂ ਹਨ। ਫਿਲਾਸਫੀ ਦੀਆਂ ਜੜ੍ਹਾਂ ਜ਼ਿੰਦਗੀ ਦੀਆਂ ਸਮਸਿਆਵਾਂ ਵਿਚ ਹੁੰਦੀਆਂ ਹਨ ਅਤੇ ਫਿਲਾਸਫੀ ਦੀਆਂ ਜਿਹੜੀਆਂ ਧਾਰਨਾਵਾਂ ਇਨ੍ਹਾਂ ਸਮਸਿਆਵਾਂ ਦਾ ਹੱਲ ਦਸਦੀਆਂ ਹਨ, ਉਹ ਸਮਾਜ ਦੀ ਮੁੜ ਸਿਰਜਣਾ ਲਈ ਸਮਾਜ ਦੇ ਸਿਧਾਂਤਕ ਹਥਿਆਰ ਵਜੋਂ ਕੰਮ ਆਉਣੀਆਂ ਚਾਹੀਦੀਆਂ ਹਨ। ਸਿਰਫ ਜਾਣਨਾ ਹੀ ਕਾਫੀ ਨਹੀਂ ਸਗੋਂ ਜਿਹੜੇ ਮਨੁਖ ਜਾਣਦੇ ਹਨ, ਉਹ ਫਿਲਾਸਫੀ ਦੀਆ ਇਨ੍ਹਾਂ ਧਾਰਨਾਵਾਂ ਨੂੰ ਅਮਲ ਵਿਚ ਲਾਗੂ ਕਰਨ ਦੇ ਯਤਨ ਵੀ ਕਰਨ।”
ਐਨ ਇਹੀ ਧਾਰਨਾ ਕਾਰਲ ਮਾਰਕਸ ਦੀ ਹੈ ਕਿ ਫਿਲਾਸਫਰਾਂ ਨੇ ਹੁਣ ਤਕ ਕਈ ਢੰਗਾਂ ਨਾਲ ਸੰਸਾਰ ਦੀ ਸਿਰਫ ਵਿਆਖਿਆ ਹੀ ਕੀਤੀ ਹੈ, ਜਦੋਂ ਕਿ ਮਸਲਾ ਫਿਲਾਸਫੀ ਦੀ ਵਿਚਾਰਧਾਰਾ ਅਨੁਸਾਰ ਮਨੁਖੀ ਸਮਾਜ ਨੂੰ ਮੁੜ ਤੋਂ ਜਥੇਬੰਦ ਕਰਨ ਦਾ ਹੈ। ਮਨੁਖੀ ਸਮਾਜ ਨੂੰ ਬਦਲਣ ਦਾ ਹੈ। ਫਿਲਾਸਫੀ ਵਿਚ ਪ੍ਰਗਟ ਹੁੰਦੀ ਵਿਚਾਰਧਾਰਾ ਦੇ ਅਧਾਰ ਉਤੇ ਮਨੁਖੀ ਸਮਾਜ ਨੂੰ ਮੁੜ ਤੋਂ ਕਿਵੇਂ ਜਥੇਬੰਦ ਕੀਤਾ ਜਾਏੇੇ, ਸਾਰਾ ਮਾਰਕਸਵਾਦ ਇਸਦੀ ਵਿਆਖਿਆ ਕਰਦਾ ਹੈ।
ਬਾਬਾ ਸਾਹਿਬ ਦੀ ਕਥਨ ਅਨੁਸਾਰ, ”ਇਹ ਗੱਲ ਨਹੀਂ ਕਿ ਬ੍ਰਾਹਮਣਾਂ ਨੇ ਬ੍ਰਹਮਵਾਦ ਦੇ ਸਿਧਾਂਤ ਨੂੰ ਪਛਾਣਿਆ ਨਹੀਂ। ਉਨ੍ਹਾਂ ਨੇ ਇਸ ਸਿਧਾਂਤ ਨੂੰ ਪਛਾਣਿਆ, ਪਰ ਉਨ੍ਹਾਂ ਨੇ ਆਪਣੇ ਆਪ ਨੂੰ ਇਹ ਸੁਆਲ ਕਦੇ ਨਾ ਪੁਛਿਆ ਕਿ ਇਸ ਸਿਧਾਂਤ ਦੇ ਹੁੰਦਿਆਂ, ਉਹ ਬ੍ਰਾਹਮਣ ਅਤੇ ਸ਼ੂਦਰ, ਔਰਤ ਅਤੇ ਮਰਦ, ਨੀਚ ਜਾਤ ਅਤੇ ਉਚੀ ਜਾਤ ਵਿਚਲੀ ਨਾਬਰਾਬਰੀ ਦੀ ਹਮਾਇਤ ਕਿਵੇਂ ਕਰ ਸਕਦੇ ਹਨ? ਜਿਸ ਦਾ ਸਿਟਾ ਇਹ ਨਿਕਲਿਆ ਕਿ ਇਕ ਪਾਸੇ ਅਸੀਂ ਬ੍ਰਹਮਵਾਦ ਦਾ ਸਭ ਤੋਂ ਵਧ ਜਮਹੂਰੀ ਸਿਧਾਂਤ ਲਈ ਫਿਰਦੇ ਹਾਂ ਅਤੇ ਦੂਜੇ ਪਾਸੇ ਇਕ ਸਮਾਜ ਹੈ, ਜਿਹੜਾ ਜਾਤ-ਪਾਤੀ ਕੋਹੜ, ਮੁਢਲੇ ਆਦਿਵਾਸੀ ਅਤੇ ਜਰਾਇਮ ਪੇਸ਼ਾ ਕਬੀਲਿਆਂ ਦੀ ਹੋਂਦ ਨਾਲ ਭ੍ਰਿਸ਼ਟਿਆ ਪਿਆ ਹੈ।” … ”ਇਸ ਤੋਂ ਵੀ ਵਧੇਰੇ ਬੇਹੂਦਾ ਗੱਲ ਮਹਾਨ ਸ਼ੰਕਰਾਚਾਰੀਆ ਦੀਆਂ ਸਿਖਿਆਵਾਂ ਹਨ। ਕਿਉਂਕਿ ਇਹ ਸ਼ੰਕਰਾਚਾਰੀਆ ਹੀ ਹੈ, ਜਿਸ ਨੇ ਇਹ ਗਿਆਨ ਦਿਤਾ ਕਿ ਬ੍ਰਹਮ ਦੀ ਹੋਂਦ ਹੈ, ਇਹ ਹੋਂਦ ਸਚ ਹੈ ਅਤੇ ਇਹ ਹੋਂਦ ਸਾਰਿਆਂ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ, ਪਰ ਨਾਲ ਹੀ ਉਸ ਨੇ ਬ੍ਰਾਹਮਣਵਾਦੀ ਸਮਾਜ ਦੀਆਂ ਸਾਰੀਆਂ ਨਾਬਰਾਬਰੀਆਂ ਨੂੰ ਵੀ ਬੁਲੰਦ ਕੀਤਾ। ਸਿਰਫ ਇਕ ਮਨੋਰੋਗੀ ਵਿਅਕਤੀ ਹੀ ਅਜਿਹੇ ਦੋ ਵਿਰੋਧੀ ਸਿਧਾਂਤਾਂ ਨੂੰ ਪੁਸ਼ਟ ਕਰਨ ਦੀ ਖੁਸ਼ੀ ਲੈ ਸਕਦਾ ਹੈ।”
ਹਿੰਦੂ ਪੁਨਰ ਸੁਰਜੀਤੀ ਦੇ ਮੋਢੀ ਮੰਨੇ ਜਾਂਦੇ ਆਦਿ ਸ਼ੰਕਰਾਚਾਰੀਆ ਦੀ ਫਿਲਾਸਫੀ ਵਿਚਲੇ ਇਹਨਾਂ ਇਕ-ਦੂਜੇ ਦੇ ਉਲਟ ਦੋ ਟਕਰਾਵੇਂ ਰੁਝਾਣਾਂ ਨੂੰ ਪ੍ਰਗਟ ਕਰਕੇ ਬਾਬਾ ਸਾਹਿਬ ਨੇ ਸੰਸਾਰ ਫਿਲਾਸਫੀ ਦੇ ਵਿਕਾਸ ਵਿਚ ਇਕ ਵਡੀ ਦੇਣ ਦਿਤੀ ਹੈ। ਇਕ ਦੂਜੇ ਦੇ ਐਨ ਉਲਟ ਦੋ ਟਕਰਾਵੇਂ ਰੁਝਾਣਾਂ ਬ੍ਰਹਮਵਾਦ ਤੇ ਬ੍ਰਾਹਮਣਵਾਦ ਨੂੰ ਰਲਗਡ ਕਰਕੇ ਸ਼ੰਕਰਾਚਾਰੀਆ ਨੇ ਵੈਦਿਕ ਫਿਲਾਸਫੀ ਨੂੰ ਇਕ ਗੰਭੀਰ ਉਲਝਣ ਵਿਚ ਫਸਾ ਦਿਤਾ ਹੈ। ਇਸੇ ਉਲਝਣ ਦਾ ਸਮਾਜੀ ਅਤੇ ਰਾਜਸੀ ਖਮਿਆਜਾ, ਅਜੋਕੇ ਹਿੰਦੂ ਭਾਈਚਾਰੇ ਦੇ ਨਾਲ ਨਾਲ ਕਰੋੜਾਂ ਨੀਚ ਕਹੇ ਜਾਂਦੇ ਦਲਿਤ ਅਤੇ ਘਟਗਿਣਤੀ ਭਾਈਚਾਰਿਆਂ ਨੂੰ ਭੁਗਤਣਾ ਪੈ ਰਿਹਾ ਹੈ। ਆਰ ਐਸ ਐਸ ਤੇ ਮੋਦੀ-ਸ਼ਾਹ ਦੀ ਰਾਜਨੀਤੀ ਨੂੰ ਖਦੇੜਨ ਲਈ ਬ੍ਰਹਮਵਾਦ ਤੇ ਬ੍ਰਾਹਮਣਵਾਦ ਵਿਚ ਸਿਧਾਂਤਕ ਨਿਖੇੜਾ ਕਰਨ ਦੀ ਲੋੜ ਹੈ। ਗੁਰਮਤਿ ਨੇ ਇਹ ਨਿਖੇੜਾ ਪਹਿਲਾਂ ਹੀ ਕੀਤਾ ਹੋਇਆ ਹੈ।
ਗੁਰਮਤਿ ਅਨੁਸਾਰ ਬ੍ਰਹਮ ਬਿੰਦ ਤੇ ਸਭ ਓਪਤਿ ਹੋਈ॥ (ਪੰਨਾ 1127)
ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥ (ਪੰਨਾ 846)
ਭਾਵ ਇਹ ਸਾਰੀ ਉਤਪਤੀ ਬ੍ਰਹਮ ਦੇ ਅੰਸ਼ ਤੋਂ ਹੋਈ ਹੈ। ਬ੍ਰਹਮ ਹੀ ਦਿਸਦਾ ਹੈ ਅਤੇ ਬ੍ਰਹਮ ਹੀ ਸੁਣੀਦਾ ਹੈ। ਇਸ ਬ੍ਰਹਮ ਦਾ ਵਖਿਆਨ ਏਕੋ ਦੇ ਰੂਪ ਵਿਚ ਕਰੀਦਾ ਹੈ। ਗੁਰਮਤਿ ਨੇ ‘ਬ੍ਰਹਮ’ ਅਤੇ ਬ੍ਰਾਹਮਣਵਾਦ ਵਿਚ ਵਰਤੇ ਜਾਂਦੇ ਅਖਰ ਬ੍ਰਹਮਾ ਵਿਚਕਾਰ ਵੀ ਸਪਸ਼ਟ ਨਿਖੇੜਾ ਕੀਤਾ ਹੈ। ਜਿਸ ਬ੍ਰਹਮਾ ਬਾਰੇ ਬ੍ਰਾਹਮਣਵਾਦ ਦੀ ਇਹ ਧਾਰਨਾ ਹੈ, ਕਿ ਇਸ ਬ੍ਰਹਮਾ ਨੇ ਆਪਣੇ ਮੂੰਹ ਵਿਚੋਂ ਬ੍ਰਾਹਮਣ, ਬਾਹਾਂ ਵਿਚੋਂ ਖਤਰੀ, ਪਟਾਂ ਵਿਚੋਂ ਵੈਸ਼ ਅਤੇ ਪੈਰਾਂ ਵਿਚੋਂ ਸ਼ੂਦਰ ਪੈਦਾ ਕੀਤੇ ਹਨ। ਹਿੰਦੂ ਮਤਿ ਵਿਚਲੀ ਵਰਣ ਵੰਡ ਦਾ ਇਸ ਨੂੰ ਜਨਕ ਕਿਹਾ ਜਾਂਦਾ ਹੈ। ਇਸ ਬ੍ਰਹਮਾ ਬਾਰੇ ਸੁਆਲ ਕਰਦਿਆਂ ਗੁਰਮਤਿ ਪੁਛਦੀ ਹੈ
ਬ੍ਰਹਮਾ ਬਡਾ ਕਿ ਜਾਸ ਉਪਾਇਆ॥ (ਪੰਨਾ 331)
ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ॥ (ਪੰਨਾ 559)
ਬ੍ਰਹਮੈ ਵਡਾ ਕਹਾਇ ਅੰਤ ਨ ਪਾਇਆ॥ (ਪੰਨਾ 1279)
ਬ੍ਰਹਮੈ ਇੰਦ੍ਰਿ ਮਹੇਸਿ ਨ ਜਾਨੀ॥ (1032)
ਭਾਵ ਬ੍ਰਹਮਾ ਵਡਾ ਹੈ ਜਾਂ ਬ੍ਰਹਮ ਵਡਾ ਹੈ, ਜਿਸ ਤੋਂ ਸਾਰਿਆਂ ਦੀ ਉਤਪਤੀ ਹੋਈ ਹੈ। ਫਿਰ ਗੁਰਮਤਿ ਇਹ ਜਾਣਕਾਰੀ ਵੀ ਦੇਂਦੀ ਹੈ, ਕਿ ਬ੍ਰਹਮਾ ਦੇ ਨਾਂ ਉਤੇ ਜਿਹੜਾ ਵੇਦਾਂ ਦਾ ਗਿਆਨ ਦਿਤਾ ਜਾ ਰਿਹਾ ਹੈ , ਇਹ ਸਾਰਾ ਮੋਹ ਮਾਇਆ ਦਾ ਪਸਾਰਾ ਭਾਵ ਮਨ-ਕਲਪਿਤ ਹੈ। ਗੁਰਮਤਿ ਇਹ ਵੀ ਦਸਦੀ ਹੈ ਕਿ ਬ੍ਰਹਮਾ ਆਪਣੇ-ਆਪ ਨੂੰ ਵਡਾ ਕਹਾਉਂਦਾ ਹੈ, ਪਰ ਖੁਦ ਆਪ ਉਹ ਬ੍ਰਹਮ ਦਾ ਅੰਤ ਨਹੀਂ ਪਾ ਸਕਿਆ। ਇੰਝ ਬ੍ਰਹਮਵਾਦ ਅਤੇ ਬ੍ਰਾਹਮਣਵਾਦ ਵਿਚਕਾਰ ਨਿਖੇੜਾ ਕਰਕੇ ਹੀ ਅਸੀਂ, ਮਹਾਂਭਾਰਤ ਵਿਚਲੀ ਜਮਹੂਰੀਅਤ ਅਤੇ ਮੋਦੀ ਮਾਰਕਾ ਤਾਨਾਸ਼ਾਹੀ ਵਿਚਲੇ ਫਰਕ ਬਾਰੇ ਸਪਸ਼ਟ ਹੋ ਸਕਾਂਗੇ।


ਗੁਰਬਚਨ ਸਿੰਘ, 9815698451
 

  •  
  •  
  •  
  •  
  •