ਆਮ ਆਦਮੀ ਪਾਰਟੀ ਦਾ ਕਾਟੋ ਕਲੇਸ਼ ਫਿਰ ਭਖਿਆ

ਆਮ ਆਦਮੀ ਪਾਰਟੀ (AAP) ਦਾ ਆਪਣਾ ਅੰਦਰੂਨੀ ਕਾਟੋ–ਕਲੇਸ਼ ਜਾਰੀ ਹੈ। ਪਾਰਟੀ ਵੱਲੋਂ ਆਪਣੇ ਵਿਧਾਇਕ ਅਮਨ ਅਰੋੜਾ ਬਾਰੇ ਟਿੱਪਣੀਆਂ ਕਰਨ ਵਾਲੇ ਸਾਬਕਾ IAS ਅਧਿਕਾਰੀ ਜਸਬੀਰ ਸਿੰਘ ਬੀਰ ਨੂੰ ਅੱਜ ‘ਕਾਰਨ ਦੱਸੋ’ ਨੋਟਿਸ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਸੋਮਵਾਰ ਨੂੰ ਪਾਰਟੀ ਹੈੱਡਕੁਆਰਟਰਜ਼ ਵੱਲੋਂ ਜਾਰੀ ਬਿਆਨ ਵਿੱਚ ਪਾਰਟੀ ਦੇ ਮੁੱਖ ਬੁਲਾਰੇ ਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕ ਜਸਬੀਰ ਸਿੰਘ ਬੀਰ ਦੇ ਹਵਾਲੇ ਨਾਲ ਪਾਰਟੀ ਦੇ ਸੀਨੀਅਰ ਆਗੂ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜ ਬਾਰੇ ਕੀਤੀਆਂ ਟਿੱਪਣੀਆਂ ਦਾ ਰਾਜ ਦੀ ਕੋਰ ਕਮੇਟੀ ਨੇ ਗੰਭੀਰ ਨੋਟਿਸ ਲੈਂਦਿਆਂ ਜਸਬੀਰ ਸਿੰਘ ਬੀਰ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ।
ਸੋਮਵਾਰ ਸਵੇਰੇ ਫ਼ੋਨ ’ਤੇ ਹੋਈ ਕਾਨਫ਼ਰੰਸ ਕਾੱਲ ਦੌਰਾਨ ਰਾਜ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਬਾਕੀ ਮੈਂਬਰਾਂ ਨੇ ਅਮਨ ਅਰੋੜਾ ਬਾਰੇ ਪ੍ਰਕਾਸ਼ਿਤ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਜਸਬੀਰ ਸਿੰਘ ਬੀਰ ਨਾ ਤਾਂ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹਨ ਤੇ ਨਾ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਵਿੱਚ ਸਰਗਰਮ ਹਨ। ਤਦ ਬੀਰ ਹੁਰਾਂ ਨੇ ਕਿਸ ਹੈਸੀਅਤ ਨਾਲ ਅਮਨ ਅਰੋੜਾ ਨੂੰ ਲੈ ਕੇ ਅਨੁਸ਼ਾਸਨੀ ਕਮੇਟੀ ਦੀ 6 ਸਤੰਬਰ ਨੂੰ ਮੀਟਿੰਗ ਸੱਦਣ ਦਾ ਫ਼ੈਸਲਾ ਲਿਆ। ਇਸ ਬਾਰੇ ਜਸਬੀਰ ਸਿੰਘ ਬੀਰ ਨੂੰ ਪਾਰਟੀ ਦੇ ਸਬੰਧਤ ਪਲੇਟਫ਼ਾਰਮ ਉੱਤੇ ਸਪੱਸ਼ਟੀਕਰਣ ਦੇਣਾ ਪਵੇਗਾ।
ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਪਿੱਛੇ ਪਾਰਟੀ–ਵਿਰੋਧੀ ਤਾਕਤਾਂ ਨਜ਼ਰ ਆ ਰਹੀਆਂ ਹਨ ਤੇ ਉਹ ਠੀਕ ਉਸ ਵੇਲੇ ਇੱਕ ਸਾਜ਼ਿਸ਼ ਅਧੀਨ ਕੋਈ ਨਾ ਕੋਈ ਅਜਿਹੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ; ਜਦੋਂ ਆਮ ਆਦਮੀ ਪਾਰਟੀ ਪੰਜਾਬ ਦੀ ਰਾਜਨੀਤੀ ਦਾ ਕੇਂਦਰ–ਬਿੰਦੂ ਬਣਦੀ ਹੈ ਅਤੇ ਕੈਪਟਨ, ਮੋਦੀ ਤੇ ਬਾਦਲਾਂ ਦੀਆਂ ‘ਲੋਕ–ਵਿਰੋਧੀ ਸਰਕਾਰਾਂ’ ਤੋਂ ਬਹੁਤ ਪਰੇਸ਼ਾਨ ਲੋਕ ‘ਆਪ’ ਵੱਲ ਝੁਕਣ ਲੱਗਦੇ ਹਨ।

  •  
  •  
  •  
  •  
  •