​​​​​​ਕੇਵਲ ਲੁਧਿਆਣਾ ’ਚ ਹੜ੍ਹਾਂ ਦੌਰਾਨ ਗਈਆਂ 5 ਜਾਨਾਂ, 119 ਮਕਾਨ ਢਹੇ, 21.4 ਕਰੋੜ ਦਾ ਮਾਲੀ ਨੁਕਸਾਨ

ਹਾਲੀਆ ਹੜ੍ਹਾਂ ਦੌਰਾਨ ਜਿੱਥੇ ਲੁਧਿਆਣਾ ਜ਼ਿਲ੍ਹੇ ’ਚ ਪੰਜ ਵਿਅਕਤੀਆਂ ਦੀ ਜਾਨ ਚਲੀ ਗਈ ਸੀ; ਉੱਥੇ 21.4 ਕਰੋੜ ਦਾ ਮਾਲੀ ਨੁਕਸਾਨ ਵੀ ਹੋ ਗਿਆ ਹੈ।
ਉਸ ਰਿਪੋਰਟ ਦੀ ਕਾਪੀ ‘ਹਿੰਦੁਸਤਾਨ ਟਾਈਮਜ਼’ ਕੋਲ ਹੈ, ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਇਕੱਲੇ ਲੁਧਿਆਣਾ ਜ਼ਿਲ੍ਹੇ ’ਚ ਹੜ੍ਹਾਂ ਕਾਰਨ 17,200 ਏਕੜ ਫ਼ਸਲ ਬਰਬਾਦ ਹੋ ਗਈ ਹੈ। ਇਸ ਤੋਂ ਇਲਾਵਾ ਪੋਲਟਰੀ ਫ਼ਾਰਮਾਂ ਦੇ 5,200 ਪੰਛੀ ਤੇ 14 ਮੱਝਾਂ ਦੀ ਜਾਨ ਵੀ ਗਈ ਹੈ। ਇਹ ਵੇਰਵੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੁਕਸਾਨ ਦੀ ਜਾਇਜ਼ਾ ਰਿਪੋਰਟ ਦੇ ਹਨ। ਇਹੋ ਰਿਪੋਰਟ ਪੰਜਾਬ ਸਰਕਾਰ ਕੋਲ ਵੀ ਭੇਜੀ ਗਈ ਹੈ

ਇਹ ਸਾਰਾ ਨੁਕਸਾਨ ਲੁਧਿਆਣਾ ਜ਼ਿਲ੍ਹੇ ’ਚੋਂ ਲੰਘਦੇ ਸਤਲੁਜ ਦਰਿਆ ’ਚ ਕਈ ਥਾਵਾਂ ਉੱਤੇ ਪਾੜ ਕਾਰਨ ਹੋਇਆ ਸੀ।
ਕੁੱਲ 119 ਮਕਾਨ ਜਾਂ ਤਾਂ ਢਹਿ ਗਏ ਹਨ ਤੇ ਜਾਂ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਨ। ਵੱਖੋ–ਵੱਖਰੇ ਇਲਾਕਿਆਂ ਦੇ SDMs ਵੱਲੋਂ ਪੇਸ਼ ਕੀਤੀਆਂ ਕਰਵਾਈਆਂ ਰਿਪੋਰਟਾਂ ਮੁਤਾਬਕ  ਨਸ਼ਟ ਹੋਏ ਮਕਾਨਾਂ ਦੀ ਮੁੜ–ਉਸਾਰੀ ਤੇ ਮੁਰੰਮਤ ਉੱਤੇ 70.8 ਲੱਖ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ।
ਵਿਭਾਗ ਨੇ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ 20 ਲੱਖ ਰੁਪਏ ਮੰਗੇ ਹਨ; ਜਿਨ੍ਹਾਂ ਦੀ ਮੌਤ ਬੀਤੀ 19 ਅਗਸਤ ਨੂੰ ਭਾਰੀ ਮੀਂਹ ਦੌਰਾਨ ਹੋ ਗਈ ਸੀ।

ਉਸ ਮੀਂਹ ਨੇ ਲੁਧਿਆਣਾ ਸ਼ਹਿਰ ਦਾ ਵੀ ਬਹੁਤ ਬੁਰਾ ਹਾਲ ਕੀਤਾ ਸੀ। ਸਭ ਤੋਂ ਵੱਧ ਨੁਕਸਾਨ ਭੋਲੇਵਾਲ ਕਦੀਮ ਪਿੰਡ ਦੇ ਨਾਗਰਿਕਾਂ ਦਾ ਹੋਇਆ ਸੀ। ਉਸ ਪਿੰਡ ਦੇ 150 ਨਿਵਾਸੀਆਂ ਨੂੰ ਸਤਲੁਜ ਦਰਿਆ ਦੇ ਕੰਢੇ ਤੋਂ ਹਟਾ ਕੇ ਸੁਰੱਖਿਅਤ ਟਿਕਾਣਿਆਂ ਤੱਕ ਪਹੁੰਚਾਇਆ ਗਿਆ ਸੀ। ਜਗਰਾਓਂ ਤਹਿਸੀਲ ਵਿੱਚ ਵੀ 50 ਵਿਅਕਤੀਆਂ ਨੂੰ ਬਚਾਇਆ ਗਿਆ ਸੀ
ਇਸ ਰਿਪੋਰਟ ਵਿੱਚ ਫ਼ੌਜ, ਨੈਸ਼ਨਲ ਡਿਜ਼ਾਸਟਰ ਰੈਸਪੌਂਸ ਫ਼ੋਰਸ (NDRF) ਅਤੇ ਸਟੇਟ ਡਿਜ਼ਾਸਟਰ ਰੈਸਪੌਂਸ ਫ਼ੋਰਸ (SDRF) ਦੀਆਂ ਟੀਮਾਂ ਦੀ ਸ਼ਲਾਘਾ ਵੀ ਕੀਤੀ ਗਈ ਹੈ; ਜਿਨ੍ਹਾਂ ਦੀਆਂ ਟੀਮਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੜ੍ਹ–ਪ੍ਰਭਾਵਿਤ ਇਲਾਕਿਆਂ ਵਿੱਚ ਫਸੇ ਆਮ ਲੋਕਾਂ ਨੂੰ ਬਚਾਇਆ
ਵਿਭਾਗ ਨੇ ਮਰੀਆਂ ਮੱਝਾਂ ਤੇ ਪੋਲਟਰੀ ਫ਼ਾਰਮਾਂ ਦੇ ਪੰਛੀਆਂ ਲਈ 19.2 ਲੱਖ ਰੁਪਏ ਮੁਆਵਜ਼ੇ ਵਜੋਂ ਮੰਗੇ ਹਨ
ਜ਼ਿਲ੍ਹਾ ਪ੍ਰਸ਼ਾਸਨ ਦੀ ਰਿਪੋਰਟ ਮੁਤਾਬਕ ਰਾਹਤ ਕਾਰਜਾਂ ਵਿੱਚ ਲੱਗੇ ਸਰਕਾਰੀ ਵਾਹਨਾਂ ਨੂੰ ਚਲਾਉਣ ਲਈ 4.5 ਲੱਖ ਰੁਪਏ ਦਾ ਪੈਟਰੋਲ ਤੇ ਡੀਜ਼ਲ ਲੱਗ ਗਿਆ।

  •  
  •  
  •  
  •  
  •