​​​​​​​ਜੱਲ੍ਹਿਆਂਵਾਲਾ ਬਾਗ਼ ਦਾ ਕਤਲੇਆਮ ਬ੍ਰਿਟਿਸ਼ ਪੁਲਿਸ ਦਾ ਪਾਪ: ਕੈਂਟਰਬਰੀ ਆਰਚਬਿਸ਼ਪ

ਕੈਂਟਰਬਰੀ (ਇੰਗਲੈਂਡ) ਦੇ ਆਰਚਬਿਸ਼ਪ ਜਸਟਿਨ ਵੈਲਬੀ ਨੇ ਅੱਜ ਕਿਹਾ ਹੈ ਕਿ ਜੱਲ੍ਹਿਆਂਵਾਲਾ ਬਾਗ਼ ਦਾ ਕਤਲੇਆਮ ਬ੍ਰਿਟਿਸ਼ ਪੁਲਿਸ ਵੱਲੋਂ ਕੀਤਾ ਗਿਆ ਇੱਕ ਪਾਪ ਹੈ ਤੇ ਉਹ ਇਸ ਲਈ ਨਿਜੀ ਤੌਰ ’ਤੇ ਮਾਫ਼ੀ ਮੰਗਦੇ ਹਨ। ਸ੍ਰੀ ਵੈਲਬੀ ਦੀ ਉਡੀਕ ਪਿਛਲੇ ਕਈ ਦਿਨਾਂ ਤੋਂ ਕੀਤੀ ਜਾ ਰਹੀ ਸੀ।
ਦਰਅਸਲ, ਪਹਿਲਾਂ ਉਨ੍ਹਾਂ ਇੱਕ ਟਵੀਟ ਕੀਤਾ ਸੀ; ਜਿਸ ਵਿੱਚ ਉਨ੍ਹਾਂ ਜੱਲ੍ਹਿਆਂਵਾਲਾ ਬਾਗ਼ ਘਟਨਾ ’ਤੇ ਅਫ਼ਸੋਸ ਪ੍ਰਗਟਾਇਆ ਸੀ। ਇਸੇ ਲਈ ਪੰਜਾਬ ਦੇ ਮੀਡੀਆ ਵਿੱਚ ਇਹ ਖ਼ਬਰ ਉੱਡ ਗਈ ਸੀ ਕਿ ਆਰਚਬਿਸ਼ਪ ਅੰਮ੍ਰਿਤਸਰ ਪੁੱਜ ਕੇ ਆਪਣੇ ਦੇਸ਼ ਇੰਗਲੈ਼ਡ ਵੱਲੋਂ ਮਾਫ਼ੀ ਮੰਗਣਗੇ।

ਪਰ ਅੱਜ ਆਰਚਬਿਸ਼ਪ ਜਸਟਿਨ ਵੈਲਬੀ ਨੇ ਅੰਮ੍ਰਿਤਸਰ ਸਥਿਤ ਜੱਲ੍ਹਿਆਂਵਾਲਾ ਬਾਗ਼ ਪੁੱਜ ਕੇ ਆਖਿਆ ਕਿ ਉਹ ਕੋਈ ਸਿਆਸੀ ਆਗੂ ਨਹੀਂ, ਸਗੋਂ ਇੱਕ ਧਾਰਮਿਕ ਨੇਤਾ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਦੇਸ਼ ਇੰਗਲੈ਼ਡ ਦੀ ਸਰਕਾਰ ਵੱਲੋਂ ਤਾਂ ਇਸ ਵੱਡੇ ਦੁਖਾਂਤ ਲਈ ਮਾਫ਼ੀ ਨਹੀਂ ਮੰਗ ਸਕਦੇ ਪਰ ਉਹ ਇਸ ਮਾਮਲੇ ’ਚ ਨਿਜੀ ਮਾਫ਼ੀ ਜ਼ਰੂਰ ਮੰਗ ਸਕਦੇ ਹਨ।
ਆਰਚਬਿਸ਼ਪ ਜਸਟਿਨ ਵੈਲਬੀ ਨੇ ਧਰਤੀ ਉੱਤੇ ਉਲਟੇ ਲੇਟ ਕੇ ਜੱਲ੍ਹਿਆਵਾਲਾ ਬਾਗ਼ ਦੇ ਸ਼ਹੀਦਾਂ ਨੂੰ ਤਹਿ ਦਿਲੋਂ ਸ਼ਰਧਾਂਜਲੀ ਭੇਟ ਕੀਤੀ ।
ਇਸ ਤੋਂ ਪਹਿਲਾਂ ਆਰਚਬਿਸ਼ਪ ਜਸਟਿਨ ਵੈਲਬੀ ਅੱਜ ਅੰਮ੍ਰਿਤਸਰ ਪੁੱਜੇ। ਸਭ ਤੋਂ ਪਹਿਲਾਂ ਉਹ ਅੰਮ੍ਰਿਤਸਰ ਦੇ ਰਾਮ ਬਾਗ਼ ਸਥਿਤ ਕ੍ਰਾਈਸਟ ਚਰਚ ਗਏ। ਇਸ ਮੌਕੇ ਉਨ੍ਹਾਂ ਦੀ ਪਤਨੀ ਕੈਰੋਲੀਨ ਵੈਲਬੀ ਵੀ ਮੌਜੁਦ ਸਨ।

  •  
  •  
  •  
  •  
  •