ਸਰਕਾਰ ਨੇ ਕਾਲੀ ਸੂਚੀ ‘ਚੋਂ ਹਟਾਏ 312 ਸਿੱਖਾਂ ਦੇ ਨਾਮ

ਭਾਰਤ ਸਰਕਾਰ ਨੇ ਵਿਦੇਸ਼ਾਂ ‘ਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ, ਖ਼ਾਸ ਕਰ ਕੇ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਦਰਅਸਲ ‘ਚ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਅੱਜ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ 312 ਸਿੱਖ ਵਿਦੇਸ਼ੀ ਨਾਗਰਿਕਾਂ ਦੇ ਨਾਮ ਨੂੰ ਕਾਲੀ ਸੂਚੀ ਵਿਚੋਂ ਹਟਾ ਦਿੱਤਾ ਹੈ ਅਤੇ ਇਸ ਸੂਚੀ ਵਿਚ ਸਿਰਫ ਦੋ ਵਿਅਕਤੀ ਸ਼ਾਮਲ ਹਨ।

ਇਹ ਫੈਸਲਾ ਵੱਖ-ਵੱਖ ਸੁਰੱਖਿਆ ਏਜੰਸੀਆਂ ਦੁਆਰਾ ਕੀਤੀ ਗਈ ਸਮੀਖਿਆ ਜਾਂ ਤਿਆਰ ਕੀਤੀ ਸੂਚੀ ਤੋਂ ਬਾਅਦ ਲਿਆ ਗਿਆ ਹੈ। ਇਸ ਦੌਰਾਨ ਸਾਲ 2016 ਵਿੱਚ ਵੱਖ-ਵੱਖ ਪੱਧਰ ‘ਤੇ ਸੁਰੱਖਿਆ ਏਜੰਸੀਆਂ ਨੇ 314 ਸਿੱਖਾਂ ਦੀ ਇਹ ਸੂਚੀ ਤਿਆਰ ਕੀਤੀ ਸੀ। ਹੁਣ 2 ਵਿਅਕਤੀਆਂ ਦੇ ਨਾਂ ਬਾਕੀ ਹਨ ਅਤੇ ਪੜ੍ਹਾਅ ਵਾਰ ਤਰੀਕੇ ਨਾਲ ਇਨ੍ਹਾਂ ਨਾਵਾਂ ਨੂੰ ਵੀ ਹਟਾਏ ਜਾਣ ਦੀ ਸੰਭਾਵਨਾ ਹੈ।

ਦੱਸ ਦੇਈਏ ਕਿ ਭਾਰਤੀ ਮੂਲ ਦੇ ਉਹ ਵਿਅਕਤੀ ਜੋ ਦੇਸ਼ ਵਿਰੋਧੀ ਕਾਰਵਾਈਆਂ ਵਿਚ ਲੱਗੇ ਹੋਏ ਸਨ ਦੇ ਨਾਂ ਇਸ ਕਾਲੀ ਸੂਚੀ ਵਿਚ ਸ਼ਾਮਿਲ ਕੀਤੇ ਗਏ ਸਨ ਤੇ ਇਨ੍ਹਾਂ ਸਿੱਖਾਂ ਦੇ ਭਾਰਤ ਆਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹੁਣ ਸੂਚੀ ਵਿਚੋਂ ਹਟਾਏ ਗਏ ਲੋਕ ਭਾਰਤ ਵਿਚ ਪਰਿਵਾਰ ਨੂੰ ਮਿਲਣ ਆ ਸਕਦੇ ਹਨ ਅਤੇ ਉਨ੍ਹਾਂ ਨੂੰ ਵੀਜ਼ਾ ਮਿਲ ਜਾਵੇਗਾ।

  •  
  •  
  •  
  •  
  •