ਭਾਈ ਢੱਡਰੀਆਂ ਵਾਲੇ ਦੇ ਦੀਵਾਨਾਂ ਨੂੰ ਰੋਕਣ ਦੀਆਂ ਧਮਕੀਆਂ ਸਿੱਖ ਸਿਧਾਂਤਾਂ ਦੀ ਅਵੱਗਿਆ

ਚੰਡੀਗੜ੍ਹ, 4 ਮਾਰਚ (2020): ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ੳਸਦੇ ਹੈਡ ਕੁਆਟਰ, ਗੁਰਦੁਆਰਾ ਪ੍ਰਮੇਸ਼ਰ ਦੁਆਰ ਅੰਦਰ ਦੀਵਾਨ ਸਜਾਉਣ ਵਿਰੁੱਧ ਧਮਕੀਆਂ ਦੇਣਾ ਸਿੱਖੀ ਸਿਧਾਂਤ ਦੀ ਨੰਗੀ-ਚਿੱਟੀ ਅਵੱਗਿਆ ਹੈ, ਜਿਸਦੀ ਸਿੱਖ ਵਿਚਾਰ ਮੰਚ ਚੰਡੀਗੜ੍ਹ ਪੁਰਜ਼ੋਰ ਨਿਖੇਧੀ ਕਰਦਾ ਹੈ। ਮੰਚ ਨਾਲ ਜੁੜੇ ਸਿੱਖ ਬੁੱਧੀਜੀਵੀਆਂ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਹਰ ਧਾਰਮਿਕ ਮਸਲੇ ਉਤੇ ਗੋਸ਼ਟੀ ਕਰਨਾ, ਵਿਚਾਰ-ਵਟਾਂਦਰਾ ਕਰਨਾ ਸਿੱਖੀ ਦਾ ਮੁੱਢਲਾ ਸਿਧਾਂਤ ਬਾਬੇ ਨਾਨਕ ਜੀ ਨੇ ਖੁਦ ਅਮਲ ਵਿਚ ਲਿਆਂਦਾ, ਜਿਹੜਾ ਬਾਅਦ ਦੇ ਗੁਰੂ ਕਾਲ ਵਿਚ ਸਿੱਖ ਫਲਸਫੇੇ/ਸਹੀ ਪ੍ਰੰਪਰਾ ਦਾ ਅਨਿੱਖੜਵਾਂ ਹਿੱਸਾ ਬਣ ਗਿਆ। ਜੇ ਭਾਈ ਢੱਡਰੀਆਂ ਵਾਲੇ ਵੱਲੋਂ ਸੂਰਜ ਪ੍ਰਕਾਸ਼ ਆਦਿ ਦੀ ਵਿਆਖਿਆ ਨਾਲ ਦੂਸਰੇ ਕਥਾਵਾਚਕ ਜਾਂ ਡੇਰਾਧਾਰੀ ਸਹਿਮਤ ਨਹੀਂ ਤਾਂ ਉਨ੍ਹਾਂ ਵਿਸ਼ਿਆਂ ਉਤੇ ਉਸ ਨਾਲ ਜਨਤਕ ਤੌਰ ‘ਤੇ ਲਾਈਵ ਵਿਚਾਰ-ਵਟਾਂਦਰਾ ਕਰ ਲੈਣ। ਜਿਸ ਦੇ ਫਲਸਰੂਪ ਮਸਲੇ ਦੇ ਹੱਲ ਵੱਲ ਵਧਿਆ ਜਾ ਸਕਦਾ ਹੈ। ਪਰ ਗੋਸ਼ਟੀ ਤੋਂ ਆਨੀ-ਬਹਾਨੀ ਭੱਜ ਕੇ, ਮਨੋਕਲਪਤ ਦੋਸ਼ ਆਇਦ ਕਰ ਕੇ ਅਤੇ ਕਈ ਅਦਿੱਖ ਸ਼ਕਤੀਆਂ ਦੀ ਮੱਦਦ ਲੈ ਕੇ ਧੱਕੇ ਨਾਲ ਮੂੰਹ ਬੰਦ ਕਰਾਉਣਾ ਅਤੇ ਧਰਮ ਪ੍ਰਚਾਰ ਰੋਕਣਾ ਕਦੇ ਵੀ ਸਿੱਖੀ ਪ੍ਰੰਪਰਾ ਦਾ ਹਿੱਸਾ ਨਹੀਂ ਰਿਹਾ। ਸਾਡਾ ਸਪਸ਼ਟ ਮੱਤ ਹੈ ਕਿ ਬਹੁਤੇ ਪੁਰਾਤਨ ਗ੍ਰੰਥ ਸਿੱਖੀ ਦੇ ਪ੍ਰਮਾਣਿਕ ਸ੍ਰੋਤ ਨਹੀਂ ਹਨ, ਕਿਉਂਕਿ ਇਨ੍ਹਾਂ ਵਿਚ ਸਨਾਤਨੀ ਤੱਤਾਂ ਦੀ ਭਰਮਾਰ ਹੈ। ਇਹ ਗੁਰਮਤਿ ਦੀ ਕਸਵੱਟੀ ਉਤੇ ਪੂਰੇ ਨਹੀਂ ਉਤਰਦੇ। ਇਨ੍ਹਾਂ ਨੂੰ ਆਧਾਰ ਬਣਾ ਕੇ ਸਿੱਖੀ ਪ੍ਰਚਾਰ ਰੋਕਣਾ ਅਤੇ ਸਿੱਖ ਭਾਈਚਾਰੇ ਅੰਦਰ ਦੁਫਾੜ ਪਾਉਣਾ ਸਿੱਖ ਪੰਥ ਦੇ ਅੰਦਰਲਿਆਂ ਵੱਲੋਂ ਹੀ ਨੁਕਸਾਨ ਕਰਨਾ ਹੈ। ਅਸੀਂ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਤਾਰਬੰਦੀ ਤੋਂ ਉਪਰ ਉਠ ਕੇ ਆਪਸੀ ਸੰਵਾਦ ਰਾਹੀਂ ਉਪਰੋਕਤ ਮਸਲਿਆਂ ਦਾ ਸਥਾਈ ਹੱਲ ਲੱਭਣ। ਇਸ ਮੌਕੇ ਗੁਰਤੇਜ ਸਿੰਘ ਆਈ ਏ ਐਸ, ਪ੍ਰੋ. ਮਨਜੀਤ ਸਿੰਘ, ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਗੁਰਪ੍ਰੀਤ ਸਿੰਘ ਪ੍ਰਧਾਨ, ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਕਰਮਜੀਤ ਸਿੰਘ, ਜਸਪਾਲ ਸਿੰਘ ਸਿੱਧੂ, ਗੁਰਬਚਨ ਸਿੰਘ ਜਲੰਧਰ, ਪ੍ਰੋ. ਸ਼ਾਮ ਸਿੰਘ, ਅਮਰਜੀਤ ਸਿੰਘ ਧਵਨ, ਸੁਖਦੇਵ ਸਿੰਘ ਸਿੱਧੂ, ਡਾ. ਖੁਸ਼ਹਾਲ ਸਿੰਘ ਨੇ ਸਾਂਝਾ ਬਿਆਨ ਦਿੱਤਾ।

  •  
  •  
  •  
  •  
  •