ਹੁਣ ਵਾਸ਼ਿੰਗਟਨ ਸਟੇਟ ਦੇ ਸਕੂਲਾਂ ‘ਚ ਪੜਾਇਆ ਜਾਵੇਗਾ ਸਿੱਖ ਇਤਿਹਾਸ

ਸਿਆਟਲ, 4 ਮਾਰਚ- ਅੱਜ ਵਾਸ਼ਿੰਗਟਨ ਸਟੇਟ ਦੇ ਸਿੱਖਾਂ ਲਈ ਬਹੁਤ ਮਾਣ ਵਾਲਾ ਦਿਨ ਰਿਹਾ, ਕਿਉਂਕਿ ਬੀਤੇ ਸਮੇਂ ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ ਦੀ ਅਗਵਾਈ ਵਿਚ ਸਿੱਖਾਂ ਨੇ ਵਾਸ਼ਿੰਗਟਨ ਸਟੇਟ ਦੀ ਸੈਨੇਟਰ ਮਨਕਾ ਢੀਂਗਰਾ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਇਥੇ ਸਕੂਲ ਸਿਲੇਬਸ ਵਿਚ ਸਿੱਖ ਇਤਿਹਾਸ ਨੂੰ ਵੀ ਸ਼ਾਮਿਲ ਕੀਤਾ ਜਾਵੇ | ਮਨਕਾ ਢੀਂਗਰਾ ਨੇ ਇਹ ਮਾਮਲਾ ਸਟੇਟ ਹਾਊਸ ਵਿਚ ਉਠਾਇਆ ਤੇ ਬਾਕੀ ਮੈਂਬਰਾਂ ਦੀ ਸਹਿਮਤੀ ਨਾਲ ਬੀਤੇ ਦਿਨ ਇਸ ਨੂੰ ਪਾਸ ਕਰਵਾ ਲਿਆ |
ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ ਦੀ ਅਗਵਾਈ ਵਿਚ ਅੱਜ ਇਕ ਵਫ਼ਦ ਜਿਸ ਵਿਚ ਹੀਰਾ ਸਿੰਘ ਭੁੱਲਰ ਤੇ ਕਮਿਊਨਿਟੀ ਡਿਵੈੱਲਪਮੈਂਟ ਰੂਚਾ ਕੌਰ ਨੇ ਵਾਸ਼ਿੰਗਟਨ ਸਟੇਟ ਦੀ ਰਾਜਧਾਨੀ ਉਲੰਪੀਆ ਵਿਖੇ ਸਟੇਟ ਸੈਨੇਟਰ ਮਨਕਾ ਢੀਂਗਰਾ ਨਾਲ ਮੁਲਾਕਾਤ ਕੀਤੀ | ਉਸ ਵੇਲੇ ਮਨਕਾ ਨੇ ਦੱਸਿਆ ਕਿ ਤੁਹਾਡੀ ਮੰਗ ਪ੍ਰਵਾਨ ਹੋ ਗਈ ਹੈ ਤੇ ਹੁਣ 20-21 ਤਰੀਕ ਤੋਂ ਪ੍ਰਾਇਮਰੀ ਸਕੂਲ ਦੇ ਸਿਲੇਬਸ ਵਿਚ ਸਿੱਖ ਇਤਿਹਾਸ ਦਾ ਕੁਝ ਹਿੱਸਾ ਵੀ ਸ਼ਾਮਿਲ ਹੋ ਜਾਵੇਗਾ ਤਾਂ ਜੋ ਇਥੋਂ ਦੇ ਬੱਚਿਆਂ ਨੂੰ ਸਿੱਖ ਧਰਮ ਬਾਰੇ ਪਤਾ ਲੱਗ ਸਕੇ | ਮਨਕਾ ਢੀਂਗਰਾ ਨੇ ਕਿਹਾ ਕਿ ਉਨ੍ਹਾਂ ਦਾ ਯਤਨ ਹੈ ਕਿ ਇਹ ਸਿਲੇਬਸ ਮਿਡਲ ਕਲਾਸ ਵਿਚ ਵੀ ਸ਼ਾਮਿਲ ਹੋ ਸਕੇ ਤੇ ਇਸ ਦੇ ਲਈ ਉਹ ਯਤਨ ਕਰੇਗੀ | ਸਤਪਾਲ ਸਿੰਘ ਪੁਰੇਵਾਲ ਨੇ ਕਿਹਾ ਕਿ ਸਾਡੇ ਲਈ ਅੱਜ ਦਾ ਦਿਨ ਇਤਿਹਾਸਕ ਹੈ ਤੇ ਅਸੀਂ ਮਨਕਾ ਢੀਂਗਰਾ ਦਾ ਪੂਰੇ ਸਿੱਖ ਭਾਈਚਾਰੇ ਵਲੋਂ ਧੰਨਵਾਦ ਕਰਦੇ ਹਾਂ | ਉਹਨਾਂ ਕਿਹਾ ਕਿ ਅਸੀਂ ਮਨਕਾ ਢੀਂਗਰਾ ਨੂੰ ਇਕ ਹੋਰ ਬੇਨਤੀ ਕੀਤੀ ਹੈ ਕਿ ਸਾਡੀ ਸਟੇਟ ਵਿਚ ਰੈੱਡ ਕਰਾਸ ਦੇ ਬਾਨੀ ਭਾਈ ਘਨੱਈਆ ਜੀ ਜਾਂ ਗੁਰੂ ਤੇਗ਼ ਬਹਾਦਰ ਜੀ ਦੇ ਜਨਮ ਦਿਹਾੜੇ ਦੀ ਸਰਕਾਰੀ ਛੁੱਟੀ ਵੀ ਕਰਵਾਈ ਜਾਵੇ ਤਾਂ ਜੋ ਦੁਨੀਆ ਨੂੰ ਸਿੱਖ ਕੌਮ ਦੇ ਇਨ੍ਹਾਂ ਮਹਾਨ ਯੋਧਿਆਂ ਬਾਰੇ ਪਤਾ ਲੱਗ ਸਕੇ | ਉਨ੍ਹਾਂ ਕਿਹਾ ਕਿ ਮਨਕਾ ਢੀਂਗਰਾ ਨੇ ਯਕੀਨ ਦਿਵਾਇਆ ਕਿ ਉਹ ਯਤਨ ਕਰੇਗੀ ਕਿ ਉਨ੍ਹਾਂ ਦੀ ਇਹ ਮੰਗ ਵੀ ਪ੍ਰਵਾਨ ਹੋ ਸਕੇ।

  • 12.7K
  •  
  •  
  •  
  •