ਅਕਾਲ ਤਖ਼ਤ ਸਾਹਿਬ ਕਿਸੇ ਧਿਰ ਦਾ ਨਹੀਂ, ਖ਼ਾਲਸਾ ਪੰਥ ਦਾ ਤਖ਼ਤ ਹੈ : ਜਥੇਦਾਰ

ਸ੍ਰੀ ਅਕਾਲ ਤਖ਼ਤ ਸਾਹਿਬ ਕਿਸੇ ਇਕ ਵਿਸ਼ੇਸ਼ ਜਥੇਬੰਦੀ ਜਾਂ ਧੜੇ ਦਾ ਨਹੀਂ, ਬਲਕਿ ਸਮੁੱਚੇ ਖਾਲਸਾ ਪੰਥ ਦਾ ਸਾਂਝਾ ਤਖ਼ਤ ਹੈ ਤੇ ਸਮੂਹ ਖਾਲਸਾ ਪੰਥ ਅੰਦਰ ਵਿਚਰ ਰਹੀਆਂ ਜਥੇਬੰਦੀਆਂ ਨੂੰ ਸ੍ਰੀ ਅਕਾਲ ਦੇ ਇਸ ਵਿਸ਼ੇਸ਼ ਤਖ਼ਤ ਸਾਹਿਬ ਨੂੰ ਕੇਂਦਰ ਬਿੰਦੂ ਮੰਨ ਕੇ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਤੇ ਪੰਥ ਦੀ ਚੜ੍ਹਦੀ ਕਲਾ ਲਈ ਉਪਰਾਲੇ ਕਰਨੇ ਚਾਹੀਦੇ ਹਨ।

ਅਕਾਲ ਤਖ਼ਤ ਸਾਹਿਬ

ਇਹ ਗੱਲਾਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ  ਗਿ. ਹਰਪ੍ਰੀਤ ਸਿੰਘ ਨੇ ਨਿਹੰਗ ਸਿੰਘ ਜਥੇਬੰਦੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਨ ਮੌਕੇ ਕਰ ਰਹੇ ਸਨ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬੁਲਾਈ ਗਈ ਇਕੱਤਰਤਾ ਵਿਚ ਸ਼ਮਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ, ਬਾਬਾ ਬਿੱਧੀ ਚੰਦ ਸੰਪਰਦਾ ਵਲੋਂ ਜਥੇਦਾਰ ਬਾਬਾ ਅਵਤਾਰ ਸਿੰਘ ਸੁਰ ਸਿੰਘ, ਬਾਬਾ ਗੱਜਣ ਸਿੰਘ , ਬਾਬਾ ਤਰਸੇਮ ਸਿੰਘ ਤੇ ਸਮੇਤ ਹੋਰ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਤੇ ਨੁਮਾਇੰਦਿਆਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕਰਦਿਆਂ ਪੰਥਕ ਚੁਣੌਤੀਆਂ ਦਾ ਮਿਲ ਕੇ ਹੱਲ ਕਰਨ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੋਂਦ ਹਸਤੀ ਮੁੜ ਬੁਲੰਦੀਆਂ ‘ਤੇ ਲਿਜਾਣ ਤੇ ਪੰਥ ਦੀ ਭਲਾਈ ਲਈ ਸਾਰਿਆਂ ਨੂੰ ਅਪਣੇ ਨਿੱਜੀ ਝਗੜੇ ਅਤੇ ਵਖਰੇਵੇਂ ਤਿਆਗ ਕੇ ਸ੍ਰੀ ਅਕਾਲ ਤਖਖ਼ ਸਾਹਿਬ ਦੇ ਸਿਧਾਂਤ ਤੇ ਫਲਸਫੇ ਨੂੰ ਅਪਨਾਉਣ ਦੀ ਲੋੜ ‘ਤੇ ਜ਼ੋਰ ਦਿਤਾ ਹੈ।

ਬਾਬਾ ਬਲਬੀਰ ਸਿੰਘ

ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇ. ਨੇ ਕਿਹਾ ਕਿ ਨਿਹੰਗ ਸਿੰਘਾਂ ਨੇ ਹੀ ਅਕਾਲ ਤਖ਼ਤ ਸਾਹਿਬ ਅਜਮਤ ਰਾਖੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿਤੀਆਂ ਹਨ। ਉਨ੍ਹਾਂ ਨੇ ਕਿਹਾ ਸਮੁੱਚਾ ਨਿਹੰਗ ਸਿੰਘ ਖਾਲਸਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ। ਕਿਸੇ ਨੂੰ ਵੀ ਇਸ ਦੀ ਆਨਸ਼ਾਨ ਵਿਰੁੱਧ ਬੋਲਣ ਦੀ ਆਗਿਆ ਨਹੀਂ ਦੇਵਾਂਗੇ।

ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹ ਨਿਹੰਗ ਸਿੰਘ ਮੁਖੀਆਂ ਨੇ ਸਮੂਹਕ ਪੰਥ ਦੀ ਚੜਦੀ ਕਲਾ ਲਈ ਅਰਦਾਸ ਕੀਤੀ। 

  •  
  •  
  •  
  •  
  •