ਕਰੋਨਾ ਵਾਇਰਸ: ਦੁਨੀਆ ਭਰ ‘ਚ 3595 ਮੌਤਾਂ-1 ਲੱਖ ਤੋਂ ਵੱਧ ਲੋਕ ਪੀੜਤ

ਪੈਰਿਸ, 8 ਮਾਰਚ (ਏਜੰਸੀ)- ਚੀਨ ਤੋਂ ਬਾਹਰ ਦੁਨੀਆ ਦੇ ਕਰੀਬ 95 ਦੇਸ਼ਾਂ ‘ਚ ਫੈਲ ਚੁੱਕੇ ਕੋਰੋਨਾ ਵਾਇਰਸ ਨਾਲ ਅੱਜ ਤੱਕ 3595 ਮੌਤਾਂ ਹੋ ਚੁੱਕੀਆਂ ਹਨ, ਜਦਕਿ 105836 ਲੋਕ ਇਸ ਵਾਇਰਸ ਤੋਂ ਪੀੜਤ ਹਨ | ਸਨਿਚਰਵਾਰ ਦੇਰ ਰਾਤ ਕੋਰੋਨਾ ਵਾਇਰਸ ਨਾਲ ਦੁਨੀਆ ਭਰ ‘ਚ 933 ਨਵੇਂ ਮਾਮਲੇ ਸਾਹਮਣੇ ਆਏ, ਜਦਕਿ 39 ਨਵੇਂ ਮਰੀਜ਼ਾਂ ਦੀ ਮੌਤ ਹੋਈ ਹੈ |
ਚੀਨ ‘ਚ 3097 ਮੌਤਾਂ
ਬੀਜਿੰਗ-ਕੋਰੋਨਾ ਵਾਇਰਸ ਨਾਲ ਚੀਨ ‘ਚ ਐਤਵਾਰ ਨੂੰ 27 ਨਵੀਆਂ ਮੌਤਾਂ ਹੋਣ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 3097 ਹੋ ਗਈ ਹੈ | ਜਨਵਰੀ ‘ਚ ਚੀਨ ਦੇ ਹੁਬੇਈ ‘ਚ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਇਸ ਵਾਇਰਸ ਨਾਲ ਪੀੜਤਾਂ ਦੀ ਗਿਣਤੀ 50 ਤੋਂ ਹੇਠਾਂ ਆਈ ਹੈ | ਇਸ ਸਬੰਧੀ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਸਾਰੀਆਂ 27 ਮੌਤਾਂ ਵਾਇਰਸ ਪ੍ਰਭਾਵਿਤ ਕੇਂਦਰੀ ਸੂਬੇ ਹੁਬੇਈ ‘ਚ ਹੋਈਆਂ ਹਨ |
ਈਰਾਨ ‘ਚ ਫਸੇ 22 ਭਾਰਤੀਆਂ ਵਲੋਂ ਸਰਕਾਰ ਨੂੰ ਅਪੀਲ
ਨਵੀਂ ਦਿੱਲੀ (ਏਜੰਸੀ)- ਈਰਾਨ ‘ਚ ਫਸੇ 22 ਭਾਰਤੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਇਥੋਂ ਜਲਦ ਕੱਢਣ ਲਈ ਕਦਮ ਚੁੱਕੇ ਜਾਣ | ਰਿਪੋਰਟ ਅਨੁਸਾਰ ਇਹ ਸਾਰੇ ਭਾਰਤੀ ਈਰਾਨ ਦੇ ਬੁਸ਼ਰ ਹੋਟਲ ‘ਚ ਫਸੇ ਹੋਏ ਹਨ ਤੇ ਇਕ ਸ਼ਿੰਪਿੰਗ ਕੰਪਨੀ ‘ਚ ਕੰਮ ਕਰਦੇ ਹਨ | ਇਹ ਸਾਰੇ ਜੰਮੂ-ਕਸ਼ਮਰੀ, ਕੇਰਲ ਤੇ ਤਾਮਿਲਨਾਡੂ ਨਾਲ ਸਬੰਧਿਤ ਹਨ | ਇਸ ਸਬੰਧੀ ਉਨ੍ਹਾਂ ਭਾਰਤ ਸਰਕਾਰ ਨੂੰ ਲਿਖਿਆ ਕਿ ਅਸੀਂ ਸਾਰੇ ਈਰਾਨ ਦੇ ਬੁਸ਼ਰ ਹੋਟਲ ‘ਚ ਫਸੇ ਹੋਏ ਹਾਂ | ਕ੍ਰਿਪਾ ਕਰਕੇ ਸਾਨੂੰ ਬਚਾਇਆ ਜਾਵੇ | ਉਨ੍ਹਾਂ ਲਿਖਿਆ ਕਿ ਉਡਾਣਾਂ ਰੱਦ ਹੋ ਜਾਣ ਕਾਰਨ ਅਸੀਂ ਭਾਰਤ ਆਉਣ ‘ਚ ਅਸਮਰੱਥ ਹਾਂ | ਉਨ੍ਹਾਂ ਲਿਖਿਆ ਕਿ ਅਸੀਂ ਭਾਰਤੀ ਦੂਤਘਰ ਨਾਲ ਵੀ ਸੰਪਰਕ ਕੀਤਾ, ਪਰ ਸਾਨੂੰ ਉਨ੍ਹਾਂ ਵਲੋਂ ਕੋਈ ਮਦਦ ਨਹੀਂ ਮਿਲੀ |
ਚੀਨ ‘ਚ ਮਰੀਜ਼ਾਂ ਦੇ ਇਲਾਜ ਲਈ ਵਰਤੇ ਜਾ ਰਹੇ ਹੋਟਲ ਦੀ ਇਮਾਰਤ ਡਿਗੀ-10 ਮੌਤਾਂ
ਬੀਜਿੰਗ-ਚੀਨ ਦੇ ਫੁਜੀਆਨ ਸੂਬੇ ‘ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੇ ਇਲਾਜ਼ ਲਈ ਵਰਤੇ ਜਾ ਰਹੇ ਹੋਟਲ ਦੀ ਇਮਾਰਤ ਡਿੱਗਣ ਨਾਲ 10 ਲੋਕਾਂ ਦੀ ਮੌਤ ਹੋ ਗਈ ਹੈ | ਫੁਜੀਆਨ ਦੇ ਕੁਆਨਝੌ ਸ਼ਹਿਰ ‘ਚ ਸਨਿੱਚਰਵਾਰ ਨੂੰ ਹਾਦਸਾਗ੍ਰਸਤ ਹੋਏ ਹੋਟਲ ਦੀ ਇਮਾਰਤ ‘ਚ ਕਰੀਬ 71 ਲੋਕ ਫਸੇ ਹੋਏ ਸਨ | ਹੋਟਲ ਨੂੰ ਕੋਰੋਨਾ ਵਾਇਰਸ ਦੇ ਸੰਪਰਕ ‘ਚ ਆਏ ਲੋਕਾਂ ਦੇ ਇਲਾਜ਼ ਤੇ ਨਿਗਰਾਨੀ ਲਈ ਵਰਤਿਆ ਜਾ ਰਿਹਾ ਸੀ | ਇਸ ਸਬੰਧੀ ਸਰਕਾਰੀ ਅਖਬਾਰ ਨੇ ਦੱਸਿਆ ਕਿ ਬਾਕੀ ਫਸੇ 23 ਲੋਕਾਂ ਨੂੰ ਕੱਢਣ ਲਈ ਰਾਹਤ ਕਾਰਜ ਜਾਰੀ ਹਨ ਜਦਕਿ ਹੁਣ ਤੱਕ ਮਰਨ ਵਾਲੇ ਲੋਕਾਂ ਦੀ ਗਿਣਤੀ 10 ਹੋ ਗਈ ਹੈ | ਅਖਬਾਰ ਨੇ ਦੱਸਿਆ ਕਿ ਫਿਲਹਾਲ ਫਸੇ ਲੋਕ ਮੁੱਢਲੇ ਟੈਸਟ ‘ਚ ਨੈਗਾਟਿਵ ਪਾਏ ਗਏ ਹਨ |

  • 96
  •  
  •  
  •  
  •