ਕੋਰੋਨਾਵਾਇਰਸ ਦੇ ਡਰ ਕਾਰਨ ਪੰਜਾਬ ‘ਚ ਵੱਡੇ ਇਕੱਠਾਂ ‘ਤੇ ਲੱਗੀ ਰੋਕ

ਚੰਡੀਗੜ੍ਹ : ਕੋਰੋਨਾਵਾਇਰਸ ਦੇ ਵਧਦੇ ਦੇ ਖ਼ਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਮੁੱਖ ਮੰਤਰੀ ਵਲੋਂ ਗਠਤ ਕੀਤੀ ਗਈ ਮੰਤਰੀਆਂ ਦੀ ਕਮੇਟੀ ਦੀ ਮੀਟਿੰਗ ਅੱਜ ਇੱਥੇ ਹੋਈ। ਇਸ ‘ਚ ਮੰਤਰੀ ਓ.ਪੀ. ਸੋਨੀ, ਬਲਵੀਰ ਸਿੰਘ ਸਿੱਧੂ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਭਾਰਤ ਭੂਸ਼ਣ ਆਸ਼ੂ ਸ਼ਾਮਲ ਸਨ। ਮੀਟਿੰਗ ‘ਚ ਲਏ ਗਏ ਇਕ ਅਹਿਮ ਫ਼ੈਸਲੇ ‘ਚ ਰਾਜ ਅੰਦਰ ਹੋਣ ਵਾਲੇ ਵੱਡੇ ਇਕੱਠਾਂ ਉਤੇ ਰੋਕ ਲਾਈ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਵੀ ਜਾਰੀ ਕੀਤੇ ਗਏ ਹਨ।
ਕੋਰੋਨਾ ਵਾਇਰਸ ਦੇ ਸੰਭਾਵੀ ਖ਼ਤਰਿਆਂ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਅੱਜ ਇੱਥੇ ਮੰਤਰੀਆਂ ਦੇ ਸਮੂਹ ਵਲੋਂ ਰੀਵੀਊ ਕੀਤਾ ਗਿਆ। ਇਸ ਦੌਰਾਨ ਹਦਾਇਤ ਦਿਤੀ ਗਈ ਕਿ ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰੀ ਅਮਲੇ ਲਈ ਲੋੜੀਂਦੀਆਂ ਪੀ.ਪੀ.ਕਿੱਟਾਂ ਦੀ ਤੁਰੰਤ ਖ਼ਰੀਦ ਕਰਨ ਦੇ ਆਦੇਸ਼ ਦਿਤੇ ਗਏ। ਇਸ ਤੋਂ ਇਲਾਵਾ ਪੰਜਾਬ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿਤੇ ਕਿ ਉਹ ਅਪਣੇ-ਅਪਣੇ ਜ਼ਿਲ੍ਹੇ ਵਿਚ ਵੱਡੇ ਇੱਕਠ ਵਾਲੇ ਪ੍ਰੋਗਰਾਮ ਕਰਨ ਦੀ ਪ੍ਰਵਾਨਗੀ ਨਾ ਦੇਣ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜਿਹੜੇ ਵਿਅਕਤੀ ਹਾਈ ਰਿਸਕ ਦੇਸ਼ਾਂ ਤੋਂ ਆ ਰਹੇ ਹਨ, ਉਨ੍ਹਾਂ ਨੂੰ 14 ਦਿਨ ਲਈ ਆਇਸੋਲੇਸ਼ਨ ਵਾਰਡ ਵਿਚ ਲਾਜ਼ਮੀ ਤੌਰ ‘ਤੇ ਰੱਖਿਆ ਜਾਵੇਗਾ ਜਦ ਕਿ ਜਿਹੜੇ ਵਿਅਕਤੀ ਘੱਟ ਪ੍ਰਭਾਵਿਤ ਮੁਲਕਾਂ ਤੋਂ ਆ ਰਹੇ ਹਨ, ਉਨ੍ਹਾਂ ਤੋਂ ਅੰਡਰਟੇਕਿੰਗ ਲਈ ਜਾਵੇਗੀ ਕਿ ਉਹ ਅਗਾਮੀ 14 ਦਿਨ ਅਪਣੇ ਘਰ ਵਿਚ ਹੀ ਰਹਿਣਗੇ ਅਤੇ ਕਿਸੇ ਨਾਲ ਨਹੀਂ ਮਿਲਣਗੇ।


ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਰਾਜ ਵਿੱਚ ਜਲਦ ਹੀ ਕਰੋਨਾ ਵਾਈਰਸ ਨਾਲ ਟਾਕਰੇ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਮੋਕ ਡਰਿੱਲ ਵੀ ਕਰਨ ਜਾ ਰਹੇ ਹਨ। ਇਸ ਮੌਕੇ ਮੰਤਰੀਆਂ ਦੇ ਸਮੂਹ ਨੂੰ ਜਾਣਕਾਰੀ ਦਿੰਦਿਆਂ ਪ੍ਰਮੁੱਖ ਸਕੱਤਰ ਡਾਕਟਰੀ ਸਿੱਖਿਆ ਤੇ ਖੋਜ ਸ੍ਰੀ ਡੀ.ਕੇ.ਤਿਵਾੜੀ ਨੇ ਦੱਸਿਆ ਕਿ ਮੈਡੀਕਲ ਕਾਲਜ ਵਲੋਂ ਕਰੋਨਾ ਵਾਈਰਸ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧ ਕਰ ਲਏ ਹਨ।
ਇਸ ਦੇ ਤਹਿਤ ਸੂਬੇ ਦੇ ਤਿੰਨੇ ਸਰਕਾਰੀ ਮੈਡੀਕਲ ਕਾਲਜ ਤੇ ਸਟਾਫ ਨੂੰ ਇਸ ਸਬੰਧੀ ਟ੍ਰੇਨਿੰਗ ਵੀ ਦਿੱਤੀ ਜਾ ਚੁੱਕੀ ਹੈ ਅਤੇ ਪੰਜਾਬ ਰਾਜ ਦੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਵੀ ਟ੍ਰੇਨਿੰਗ ਦੇਣ ਦੀ ਤਿਆਰੀ ਕਰ ਲਈ ਗਈ ਹੈ। ਉਨ੍ਹਾਂ ਦਸਿਆ ਕਿ ਭਾਰਤ ਸਰਕਾਰ ਵਲੋਂ ਪੰਜਾਬ ਰਾਜ ਦੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ ਅਤੇ ਪੀ.ਜੀ.ਆਈ., ਚੰਡੀਗੜ੍ਹ ਵਿਚ ਕਰੋਨਾ ਵਾਈਰਸ ਸਬੰਧੀ ਮੁੱਢਲਾ ਟੈਸਟ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

  • 102
  •  
  •  
  •  
  •