ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਹੋਵੇਗਾ 28 ਮਾਰਚ ਨੂੰ

ਪੰਜਾਬ, ਹਰਿਆਣਾ, ਹਿਮਾਚਲ ਤੇ ਯੂ.ਟੀ. ਚੰਡੀਗੜ੍ਹ ਵਿਚ ਪੈਂਦੇ ਸੈਂਕੜੇ ਗੁਰਦੁਆਰਿਆਂ ਦੀ ਸੈਕਸ਼ਨ 85 ਤੇ 87 ਮੁਤਾਬਕ ਇਨ੍ਹਾਂ ਦੀ ਸਾਂਭ-ਸੰਭਾਲ, ਜਾਇਦਾਦਾਂ ਦਾ ਕੰਟਰੋਲ, ਖ਼ਰਚੇ ਵੇਰਵੇ ਬਾਰੇ ਸਾਲਾਨਾ ਬਜਟ ਇਜਲਾਸ 28 ਮਾਰਚ ਸਿਰਫ 2 ਘੰਟਿਆਂ ਵਾਸਤੇ ਹੋਵੇਗਾ ਜਿਸ ਵਿਚ ਨਾ ਤਾਂ ਕੋਈ ਬਹਿਸ ਜਾਂ ਚਰਚਾ ਹੋਵੇਗੀ ਅਤੇ ਨਾ ਹੀ ਵਿਧਾਨ ਸਭਾਵਾਂ ਜਾਂ ਲੋਕ ਸਭਾ ਵਾਂਗ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦਿਤੇ ਜਾਣਗੇ। ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਸੂਤਰਾਂ ਨੇ ਦੱਸਿਆ ਕਿ ਪਿਛਲੇ ਸਾਲ ਮਾਰਚ ਵਿਚ ਪਾਸ ਕੀਤੇ 1206 ਕਰੋੜ ਦੇ ਬਜਟ ਪ੍ਰਸਤਾਵਾਂ ਨਾਲੋਂ ਇਸ ਸਾਲ 7 ਤੋਂ 8 ਫ਼ੀਸਦੀ ਅੰਕੜੇ ਵੱਧ ਹੋਣਗੇ ਅਤੇ ਇਸ ਵਾਰ ਸ਼ਤਾਬਦੀ ਗੁਰਪੁਰਬਾਂ ਵਾਸਤੇ ਵਾਧੂ ਬਜਟ ਰਖਿਆ ਜਾ ਰਿਹਾ ਹੈ। ਇਨ੍ਹਾਂ ਸ਼ਤਾਬਦੀ ਗੁਰਪੁਰਬਾਂ ਵਿਚ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਗੁਰੂ ਤੇਗ਼ ਬਹਾਦਰ ਜੀ ਦਾ ਸ਼ਤਾਬਦੀ ਉਤਸਵ ਅਤੇ ਹੋਰ ਗੁਰੂ ਸਾਹਿਬਾਨ ਦੇ ਆਉਣ ਵਾਲੇ ਪੁਰਬ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਸਾਲ 2017-18 ਵਾਸਤੇ ਬਜਟ ਪ੍ਰਸਤਾਵ 11,06,59,00,000 ਤੋਂ ਵੱਧ ਜਨਰਲ ਹਾਊਸ ਵਲੋਂ ਪਾਸ ਕੀਤੇ ਗਏ ਸਨ ਅਤੇ ਪਿਛਲੇ ਸਾਲ 2018-19 ਵਾਸਤੇ 1200 ਕਰੋੜ ਤੋਂ ਵੱਧ ਦੇ ਅੰਕੜੇ ਮੰਜ਼ੂਰ ਕੀਤੇ ਗਏ ਸਨ। ਸੈਕਸ਼ਨ 85 ਅਧੀਨ 79 ਗੁਰਦੁਆਰੇ ਆਉਂਦੇ ਹਨ ਅਤੇ ਗੁਰਦੁਆਰਾ ਐਕਟ ਦੀ ਧਾਰਾ 87 ਹੇਠ, 25 ਲੱਖ ਤਕ ਆਮਦਨ ਵਾਲੇ ਗੁਰਦੁਆਰੇ ਆਉਂਦੇ ਹਨ, ਜਿਨ੍ਹਾਂ ਦੇ ਪ੍ਰਬੰਧਕਾਂ ਵਲੋਂ ਦਸੰਬਰ 2019 ਤਕ ਦੀ ਆਮਦਨ ਤੇ ਖ਼ਰਚੇ ਦੇ ਵੇਰਵਿਆਂ ਦੀ ਰਿਪੋਰਟ ਅੱਜਕਲ੍ਹ ਪ੍ਰਾਪਤ ਹੋ ਰਹੀ ਹੈ ਜਿਸ ਦੇ ਆਧਾਰ ‘ਤੇ ਮੌਜੂਦਾ ਪ੍ਰਸਤਾਵ ਪਾਸ ਕੀਤੇ ਜਾਣਗੇ। ਸ਼੍ਰੋਮਣੀ ਕਮੇਟੀ ਦਾ ਬਜਟ ਬਣਾਉਣ ਤੋਂ ਪਹਿਲਾਂ ਅੱਜਕਲ੍ਹ ਸੈਕਸ਼ਨ 85 ਦੇ 79 ਗੁਰਦੁਆਰਿਆਂ ਦੇ ਮੈਨੇਜਰਾਂ ਨਾਲ ਤਿਆਰ ਕੀਤੀਆਂ ਤਜਵੀਜ਼ਾਂ ‘ ਤੇ ਚਰਚਾ ਹੁੰਦੀ ਹੈ ਜਿਸ ਵਿਚ ਉਨ੍ਹਾਂ ਦੀ ਕੁਲ ਆਮਦਨ ਵਿਚੋਂ ਕਰੀਬ 70 ਫ਼ੀਸਦੀ ਖ਼ਰਚੇ ਕੱਢ ਕੇ ਬਾਕੀ 30 ਫ਼ੀਸਦੀ ਹਿੱਸੇ ਦੀ ਰਕਮ ਸ਼੍ਰੋਮਣੀ ਕਮੇਟੀ ਦੇ ਬਜਟ ਵਿਚ ਦਿਖਾਈ ਜਾਂਦੀ ਹੈ।

  • 239
  •  
  •  
  •  
  •