ਇਟਲੀ ‘ਚ ਕਰੋਨਾਵਾਇਰਸ ਦਾ ਕਹਿਰ ਜਾਰੀ, ਇੱਕ ਦਿਨ ‘ਚ ਰਿਕਾਰਡ 475 ਮੌਤਾਂ

ਕੋਰੋਨਾ ਵਾਇਰਸ ਨੇ ਬੁੱਧਵਾਰ ਨੂੰ ਇਟਲੀ ‘ਚ ਤਬਾਹੀ ਮਚਾਈ ਅਤੇ ਇੱਕੋ ਦਿਨ ਵਿੱਚ ਲਗਭਗ 475 ਲੋਕਾਂ ਦੀ ਜਾਨ ਲੈ ਲਈ। ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ ਇਟਲੀ ‘ਚ ਕੋਰੋਨਾ ਵਾਇਰਸ ਕਾਰਨ ਇੱਕ ਦਿਨ ‘ਚ 475 ਲੋਕਾਂ ਦੀ ਮੌਤ ਹੋ ਗਈ, ਜੋ ਕਿਸੇ ਦੇਸ਼ ‘ਚ ਕੋਰੋਨਾ ਤੋਂ ਇੱਕ ਦਿਨ ‘ਚ ਹੋਈਆਂ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਦਿਨ ‘ਚ ਰਿਕਾਰਡ ਮੌਤਾਂ ਇਟਲੀ ‘ਚ ਹੀ ਹੋਈਆਂ ਸਨ। ਪਿਛਲੇ ਦਿਨੀਂ ਕੋਰੋਨਾ ਵਾਇਰਸ ਕਾਰਨ ਇਟਲੀ ‘ਚ ਇੱਕ ਦਿਨ ‘ਚ 368 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਸੀ।
ਇਟਲੀ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਤਕ ਲਗਭਗ 2,978 ਹੋ ਗਈ ਹੈ। ਚੀਨ ‘ਚ ਮਰਨ ਵਾਲਿਆਂ ਦੀ ਗਿਣਤੀ 3237 ਹੈ। ਪੂਰੀ ਦੁਨੀਆ ‘ਚ ਹੁਣ ਤਕ ਕੋਰੋਨਾ ਦੇ 2,19,033 ਮਾਮਲੇ ਪਾਜੀਟਿਵ ਪਾਏ ਗਏ ਹਨ। ਇਨ੍ਹਾਂ ‘ਚੋਂ 8953 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ‘ਚ ਕੋਰੋਨਾ ਵਾਇਰਸ ਦੇ 169 ਮਾਮਲੇ ਸਾਹਮਣੇ ਆ ਚੁੱਕੇ ਹਨ।


ਅਮਰੀਕਾ ਜਿਹੇ ਵਿਕਸਿਤ ਦੇਸ਼ ‘ਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 105 ਹੋ ਗਈ ਹੈ ਅਤੇ ਇਹ ਵਾਇਰਸ 50 ਸੂਬਿਆਂ ‘ਚ ਫੈਲ ਚੁੱਕਾ ਹੈ। ਆਸਟ੍ਰੇਲੀਆ ‘ਚ ਵੀ 450 ਤੋਂ ਵੱਧ ਲੋਕ ਵਾਇਰਸ ਨਾਲ ਪੀੜਤ ਪਾਏ ਗਏ ਹਨ। ਦੱਖਣੀ ਅਫਰੀਕਾ ‘ਚ ਬੁੱਧਵਾਰ ਨੂੰ ਇੱਕ ਦਿਨ ‘ਚ ਕੋਰੋਨਾ ਵਾਇਰਸ ਦੇ 31 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਦੇਸ਼ ‘ਚ ਪੀੜਤਾਂ ਦੀ ਗਿਣਤੀ 116 ਹੋ ਗਈ। ਦੱਖਣੀ ਅਫਰੀਕਾ ‘ਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ 5 ਮਾਰਚ ਨੂੰ ਸਾਹਮਣੇ ਆਇਆ ਸੀ।
ਈਰਾਨ ‘ਚ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ 1135 ਪਹੁੰਚ ਗਈ ਹੈ ਅਤੇ 17,361 ਲੋਕ ਪਾਜੀਟਿਵ ਹੋਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਗੈਰ-ਜ਼ਰੂਰੀ ਟ੍ਰੈਫਿਕ ਨੂੰ ਰੋਕਣ ਲਈ ਕੈਨੇਡਾ ਦੀ ਸਰਹੱਦ ਨੂੰ ਆਰਜ਼ੀ ਤੌਰ ‘ਤੇ ਬੰਦ ਕਰਨ ਦਾ ਐਲਾਨ ਕੀਤਾ ਹੈ।

  •  
  •  
  •  
  •  
  •