ਹਫ਼ਤੇ ਤੱਕ ਸਰਕਾਰ ਦੱਸੇ ਉਮਰ ਅਬਦੁੱਲਾ ਨੂੰ ਰਿਹਾਅ ਕਰਨਾ ਕਿ ਨਹੀਂ- ਸੁਪਰੀਮ ਕੋਰਟ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਕੇਂਦਰ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਪੁੱਛਿਆ ਕਿ ਉਹ ਅਗਲੇ ਹਫਤੇ ਤੱਕ ਦੱਸਣ ਕਿ ਪਿਛਲੇ ਸਾਲ ਅਗਸਤ ਤੋਂ ਧਾਰਾ 370 ਖਤਮ ਕੀਤੇ ਜਾਣ ਵੇਲੇ ਤੋਂ ਨਜ਼ਰਬੰਦ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਛੱਡ ਰਹੇ ਹਨ ਕਿ ਨਹੀਂ। ਜਸਟਿਸ ਅਰੁਣ ਮਿਸ਼ਰਾ ਤੇ ਜਸਟਿਸ ਐੱਮ ਆਰ ਸ਼ਾਹ ਦੀ ਬੈਂਚ ਨੇ ਅਬਦੁੱਲਾ ਦੀ ਭੈਣ ਸਾਰਾ ਅਬਦੁੱਲਾ ਪਾਇਲਟ ਦੇ ਵਕੀਲ ਨੂੰ ਦੱਸਿਆ ਕਿ ਜੇ ਉਮਰ ਨੂੰ ਛੇਤੀ ਨਾ ਛੱਡਿਆ ਗਿਆ ਤਾਂ ਉਹ ਸਾਰਾ ਦੀ ਪਟੀਸ਼ਨ ਨੂੰ ਮੈਰਿਟ ਦੇ ਆਧਾਰ ‘ਤੇ ਸੁਣਨਗੇ। ਬੈਂਚ ਨੇ ਇਹ ਟਿੱਪਣੀ ਉਦੋਂ ਕੀਤੀ, ਜਦੋਂ ਇਹ ਦੱਸਿਆ ਗਿਆ ਕਿ ਸਰਕਾਰ ਵੱਲੋਂ ਪੇਸ਼ ਹੋਣ ਵਾਲੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਦੂਜੀ ਅਦਾਲਤ ਵਿਚ ਬਹਿਸ ਕਰ ਰਹੇ ਹਨ। ਸਾਰਾ ਦੇ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਕੋਰਟ ਨੂੰ ਸੁਣਵਾਈ ਦੀ ਤਰੀਕ ਛੇਤੀ ਪਾਉਣੀ ਚਾਹੀਦੀ ਹੈ। ਇਸ ‘ਤੇ ਬੈਂਚ ਨੇ ਕਿਹਾ ਕਿ ਸਿਰਫ ਛੇ ਬੈਂਚਾਂ ਕੰਮ ਕਰ ਰਹੀਆਂ ਹਨ ਅਤੇ ਪਤਾ ਨਹੀਂ ਅਗਲੀ ਵਾਰੀ ਕਦੋਂ ਆਵੇ, ਤਾਂ ਵੀ ਅਸੀਂ ਅਗਲੇ ਹਫਤੇ ਬੈਠ ਰਹੇ ਹਾਂ ਤੇ ਉਦੋਂ ਮਾਮਲਾ ਵਿਚਾਰਿਆ ਜਾਵੇਗਾ।

  •  
  •  
  •  
  •  
  •