ਇਟਲੀ ‘ਚ ਕਰੋਨਾ ਦਾ ਕਹਿਰ, ਸ਼ਨੀਵਾਰ ਨੂੰ ਹੋਈਆਂ 793 ਮੌਤਾਂ
ਕੋਰੋਨਾਵਾਇਰਸ ਦੀ ਕਰੋਪੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਇਟਲੀ ’ਚ ਕੱਲ੍ਹ ਸਨਿੱਚਰਵਾਰ ਨੂੰ ਇੱਕ ਦਿਨ ਵਿੱਚ ਰਿਕਾਰਡ 793 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਇਸ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਉਂਝ ਵੀ ਇਟਲੀ ਜਿੰਨੀਆਂ ਮੌਤਾਂ ਪੂਰੀ ਦੁਨੀਆਂ ’ਚ ਇਸ ਵਾਇਰਸ ਕਰਕੇ ਹੋਰ ਕਿਤੇ ਵੀ ਨਹੀਂ ਹੋਈਆਂ। ਇਟਲੀ ’ਚ ਹੁਣ ਤੱਕ ਇਸ ਵਾਇਰਸ ਕਾਰਨ 4,825 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।
ਪੂਰੀ ਦੁਨੀਆ ’ਚ ਹੁਣ ਤੱਕ ਕੋਰੋਨਾ ਵਾਇਰਸ 13,000 ਤੋਂ ਵੱਧ ਜਾਨਾਂ ਲੈ ਚੁੱਕਾ ਹੈ ਤੇ ਤਿੰਨ ਲੱਖ ਤੋਂ ਵੀ ਵੱਧ ਵਿਅਕਤੀ ਇਸ ਦੀ ਲਪੇਟ ’ਚ ਆ ਕੇ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਹਨ।
ਕੋਰੋਨਾ ਵਾਇਰਸ ਦਾ ਕਹਿਰ ਚੀਨ ਤੋਂ ਸ਼ੁਰੂ ਹੋਇਆ ਸੀ ਪਰ ਚੀਨ ਨੇ ਇਸ ਵਾਇਰਸ ਉੱਤੇ ਕਾਬੂ ਪਾ ਲਿਆ ਹੈ। ਪਿਛਲੇ ਤਿੰਨ ਦਿਨਾਂ ਤੋਂ ਉੱਥੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਇੱਕ ਵੀ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ।
ਉੱਧਰ ਈਰਾਨ ’ਚ ਕੱਲ੍ਹ ਕੋਰੋਨਾ ਵਾਇਰਸ ਕਾਰਨ 123 ਹੋਰ ਵਿਅਕਤੀਆਂ ਦੀ ਮੌਤ ਹੋ ਗਈ; ਇੰਝ ਉੱਥੇ ਇਸ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਕੇ 1,556 ਹੋ ਗਈ ਹੈ। ਇਸ ਤੋਂ ਇਲਾਵਾ ਈਰਾਨ. ’ਚ ਹੁਣ ਤੱਕ ਕੋਰੋਨਾ ਦੇ ਕੁੱਲ 20,610 ਮਾਮਲੇ ਸਾਹਮਣੇ ਆ ਚੁੱਕੇ ਹਨ।