ਭਗਤ ਸਿੰਘ ਬਾਰੇ ਕਮਿਊਨਿਸਟਾਂ ਦੀ ਥੋਥੀ ਪਹੁੰਚ

-ਗੁਰਤੇਜ ਸਿੰਘ

ਪੌਣੀ ਸਦੀ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਅਤੇ ਭਗਤ ਸਿੰਘ ਦੀਆਂ ਲਿਖਤਾਂ, ਜੋ ਸਨ ਅਤੇ ਜੋ ਨਹੀਂ ਵੀ ਹਨ, ਸਭ ਸਾਹਮਣੇ ਆ ਚੁੱਕੀਆਂ ਹਨ। ਕੁਝ ਲਿਖਤਾਂ ਬਾਰੇ ਤਾਂ ਸਪੱਸ਼ਟ ਹੀ ਹੈ ਕਿ ਉਸ ਦੇ ਨਾਮ ਨਾਲ ਖਾਹ-ਮਖਾਹ ਮੜ੍ਹੀਆਂ ਗਈਆਂ ਹਨ। ਕੁਝ ਏਨੀਆਂ ਸਵੈ-ਵਿਰੋਧੀ ਹਨ ਕਿ ਆਮ ਲੇਖਕ ਲਈ ਵੀ ਸ਼ੋਭਨੀਕ ਨਹੀਂ। ਮੂਲ ਸ੍ਰੋਤ ਤਾਂ ਨੱਬੇ ਪ੍ਰਤੀਸ਼ਤ ਦੇ ਨਹੀਂ ਦੱਸੇ ਗਏ। ਇਤਿਹਾਸਕ ਨਜ਼ਰੀਏ ਤੋਂ ਘੋਖਿਆਂ ਸ਼ਾਇਦ ਬਹੁਤ ਘੱਟ ਲਿਖਤਾਂ ਭਗਤ ਸਿੰਘ ਦੀਆਂ ਸਾਬਤ ਹੋ ਸਕਣ। ਅਸਲ ਲਿਖਤਾਂ ਨੂੰ ਪਹਿਲਾਂ ਨਿਰਧਾਰਤ ਕਰਕੇ, ਸਿਧਾਂਤਕ ਪੱਖੋਂ ਉਹਨਾਂ ਦਾ ਮੁਲਾਂਕਣ ਹੁਣ ਬਹੁਤ ਜ਼ਰੂਰੀ ਹੋ ਗਿਆ ਹੈ; ਕੀਤਾ ਜਾਣਾ ਜਾਇਜ਼ ਵੀ ਹੈ।
ਪਹਿਲੇ ਦਿਨ ਤੋਂ ਹੀ ਭਗਤ ਸਿੰਘ ਦੀ ਛਵੀ ਨੂੰ ਨੌਜਵਾਨ ਸਿੱਖਾਂ ਨੂੰ ਕੇਸ ਕਤਲ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਅਤੇ ਅਸਲ ਆਜ਼ਾਦੀ ਦੀ ਅਸਲ ਜੰਗ ਦੇ ਸੱਚੇ-ਸੁੱਚੇ ਨਾਇਕਾਂ ਦੀ ਭੂਮਿਕਾ ਨੂੰ ਅੱਖੋਂ ਪਰੋਖੇ ਕਰਨ ਲਈ ਵਰਤੀਂਦਾ ਰਿਹਾ ਹੈ। ਭਾਈ ਰਣਧੀਰ ਸਿੰਘ ਜੀ ਵਰਗੇ ਮਹਾਂਪੁਰਖਾਂ ਦੇ ਸਪੱਸ਼ਟ ਬਚਨਾਂ ਦੇ ਹੁੰਦਿਆਂ ਕਿ ਭਗਤ ਸਿੰਘ ਆਖ਼ਰੀ ਸਮੇਂ ਗੁਰੂ ਦੀ ਸ਼ਰਨ ਵਿੱਚ ਪਰਤ ਆਇਆ ਸੀ, ਭਗਤ ਸਿੰਘ ਦੀ ਪਤਿਤ ਰੂਪ ਵਾਲੀ ਤਸਵੀਰ ਨੂੰ ਪ੍ਰਚੱਲਿਤ ਕੀਤਾ ਜਾ ਰਿਹਾ ਹੈ ਅਤੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਉਸ ਨੂੰ ਨਾਸਤਕ ਪ੍ਰਚਾਰਿਆ ਜਾ ਰਿਹਾ ਹੈ। ਕਸੂਰ ਤੋਂ ਖ਼ਾਸ ਤੌਰ ਉਂਤੇ ਗ੍ਰੰਥੀ ਮੰਗਵਾ ਕੇ ਸਿੱਖ ਰਹੁ-ਰੀਤ ਅਨੁਸਾਰ ਉਸ ਦਾ ਅੰਤਮ ਸਸਕਾਰ ਉਸ ਦੀ ਅੰਤਮ ਇੱਛਾ ਮੁਤਾਬਕ ਕਰਨਾ ਦੱਸਦਾ ਹੈ ਕਿ ਅੰਤ ਸਮੇਂ ਉਸ ਦੇ ਧਾਰਮਿਕ ਵਿਚਾਰ ਕੀ ਸਨ। ਉਸ ਦੀ ਆਖ਼ਰੀ ਤਸਵੀਰ ਵੀ ਉਸ ਨੂੰ ਸਿੱਖੀ ਸਰੂਪ ਵਿੱਚ ਦਰਸਾਉਂਦੀ ਹੈ ਅਤੇ ਭਾਈ ਰਣਧੀਰ ਸਿੰਘ ਦੇ ਲਿਖੇ ਬਚਨਾਂ ਦੇ ਅਕੱਟ ਸਬੂਤ ਵਜੋਂ ਵੇਖੀ ਜਾਣੀ ਜਾਇਜ਼ ਹੈ। ਇਹ ਜਾਣ ਲੈਣ ਤੋਂ ਬਾਅਦ ਲੋੜ ਜਾਪਦੀ ਹੈ ਇਸ ਰਹੱਸ ਨੂੰ ਬੁੱਝਣ ਦੀ ਕਿ ਭਗਤ ਸਿੰਘ ਦੇ ਸਾਥੀ, ਪੈਰੋਕਾਰ ਅਤੇ ਉਸ ਦੀ ਸ਼ੁਹਰਤ ਤੋਂ ਫ਼ਾਇਦਾ ਉਠਾਉਣ ਵਾਲੇ ਲੋਕ ਉਸ ਦੀ ਟੋਪੀ ਵਾਲੀ ਤਸਵੀਰ (ਬੁੱਤ ਆਦਿ) ਪ੍ਰਚਾਰ ਕੇ ਕੀ ਲਾਹਾ ਲੈਣਾ ਚਾਹੁੰਦੇ ਹਨ? ਜੇ ਭਗਤ ਸਿੰਘ ਸਿੱਖੀ ਸਰੂਪ ਨੂੰ ਆਖ਼ਰੀ ਸਮੇਂ ਅਪਣਾ ਚੁੱਕਿਆ ਸੀ ਤਾਂ ਉਸ ਨੂੰ ਨਿਰੋਲ ਧੱਕੇ ਨਾਲ, ਗ਼ੈਰ-ਸਿੱਖ ਅਤੇ ਸਿੱਖ-ਵਿਰੋਧੀ ਪ੍ਰੈਂਸ ਦੀ ਸਹਾਇਤਾ ਨਾਲ ਉਸ ਵੱਲੋਂ ਅੰਤ ਸਮੇਂ ਰੱਦ ਕੀਤੇ ਨਾਸਤਕ ਵਿਚਾਰਾਂ ਦਾ ਧਾਰਨੀ ਕਿਉਂ ਪ੍ਰਗਟ ਕੀਤਾ ਜਾ ਰਿਹਾ ਹੈ? ਕੀ ਇਹ ਭਗਤ ਸਿੰਘ ਦੀ ਯਾਦ ਨੂੰ ਸਦਾ ਲਈ ਫਾਂਸੀ ਲਟਕਾਉਣ ਤੋਂ ਘੱਟ ਹੈ?
ਮੁੱਢਲੇ ਤੌਰ ‘ਤੇ ਭਗਤ ਸਿੰਘ ਨੂੰ ਇਹੋ ਜਿਹਾ ਪ੍ਰਚਾਰਨ ਦੀ ਵੱਡੀ ਲੋੜ ਫ਼ਿਰਕੂ ਮਾਨਸਿਕਤਾ ਦੀ ਹੈ ਜਿਵੇਂ ਕਿ ਡੇਵਿਡ ਪੈਟਰੀ ਦਾ ਹਵਾਲਾ ਦੇ ਕੇ ਸਿਰਦਾਰ ਕਪੂਰ ਸਿੰਘ ਦੀ ਟਿੱਪਣੀ ‘ਸਾਚੀ ਸਾਖੀ’ ਵਿੱਚ ਦਰਜ ਹੈ। ਲਾਜਪਤ ਰਾਇ ਨੂੰ ਪੰਜਾਬ ਕੇਸਰੀ ਆਜ਼ਾਦੀ ਘੁਲਾਟੀਆ ਅਤੇ ਅਜ਼ਾਦੀ ਲਈ ਜੂਝਦੇ ਜਾਨ ਕੁਰਬਾਨ ਕਰਨ ਵਾਲਾ ਸਾਬਤ ਕਰਨ ਵਾਸਤੇ ਵੀ ਭਗਤ ਸਿੰਘ ਦੀ ਲੋੜ ਸਪੱਸ਼ਟ ਹੈ। ਇਸ ਤੱਥ ਤੋਂ ਇਨਕਾਰ ਕਰਨਾ ਵੀ ਸੰਭਵ ਨਹੀਂ ਕਿ ਲਾਜਪਤ ਰਾਏ ਨੂੰ ਮਰਨ ਉਪਰੰਤ ਉਭਾਰਨ ਦਾ ਯਤਨ ਵੀ ਕੱਟੜਵਾਦ ਮਾਨਸਿਕਤਾ ਦੇ ਉਪਰੋਕਤ ਰੁਝਾਨ ਦਾ ਇੱਕ ਹਿੱਸਾ ਹੈ। ਉਸ ਦੀ ਜੀਵਨੀ ਪੜ੍ਹਨ ਤੋਂ, ਉਸ ਨੂੰ ਕਾਂਗਰਸ ਦੀ ਪ੍ਰਧਾਨਗੀ ਦਾ ਪ੍ਰਸਤਾਵ ਵਾਪਸ ਲੈਣ ਦੇ ਕਾਰਣਾਂ ਤੋਂ ਅਤੇ ਉਸ ਦੇ ਸ਼ੁੱਧੀ ਬਹਾਨੇ ਸਿੱਖਾਂ ਨੂੰ ਪਤਿਤ ਕਰਨ ਦੇ ਮਾਸਟਰ ਤਾਰਾ ਸਿੰਘ ਵੱਲੋਂ ਪ੍ਰਗਟ ਕੀਤੇ ਸੱਚ ਦੇ ਸੰਦਰਭ ਵਿੱਚ ਮੁਲਾਂਕਣ ਕੀਤਿਆਂ ਏਹੀ ਜਾਪਦਾ ਹੈ ਕਿ ਉਸ ਦੀ ਯਾਦ ਨੂੰ ਸਤਿਕਾਰਯੋਗ ਬਣਾਉਣ ਲਈ ਅਜਿਹੇ ਅਨੇਕਾਂ ਠੁੰਮ੍ਹਣਿਆਂ ਦੀ ਸਖ਼ਤ ਲੋੜ ਹੈ। ਭਗਤ ਸਿੰਘ ਇਸ ਲੋੜ ਨੂੰ ਆਪਣੇ ਟੋਪੀ ਵਾਲੇ ਸਰੂਪ ਵਿੱਚ ਅਤੇ ਉਸ ਦੀ ਮੌਤ ਦਾ ਬਦਲਾ ਲੈਣ ਵਾਲੇ ਦੇ ਰੂਪ ਵਿੱਚ ਹੀ ਪੂਰਾ ਕਰ ਸਕਦਾ ਹੈ। ਵਿਚਾਰਧਾਰਕ ਤੌਰ ਉਂਤੇ ਦੋਨੋਂ ਸੈਂਕੜੇ ਕੋਹਾਂ ਦੂਰ ਸਨ। ਇਹੋ ਵਿਡੰਬਨਾ ਖੱਬੇ ਪੱਖੀ ਲੇਖਕਾਂ ਦੀ ਹੈ ਜਿਹੜੇ ਕਿ ਭਗਤ ਸਿੰਘ ਨੂੰ ਇੱਕ ਬਹੁਤ ਵੱਡਾ ਚਿੰਤਕ ਅਤੇ ਮਾਰਕਸੀ ਵਿਚਾਰਧਾਰਾ ਦਾ ਕ੍ਰਾਂਤੀਕਾਰੀ ਥੰਮ੍ਹ ਬਣਾ ਕੇ ਉਸਾਰਨਾ ਚਾਹੁੰਦੇ ਹਨ। ਉਹਨਾਂ ਦੀ ਮਕਸਦ-ਪੂਰਤੀ ਵੀ ਉਸ ਦੇ ਪਤਿਤ ਸਰੂਪ ਉਂਤੇ ਹੀ ਨਿਰਭਰ ਹੈ। ਜ਼ਰਖ਼ੇਜ਼ ਪੰਜਾਬ ਵਿੱਚ ਉਹ ਇਸ ਦੇ ਅਜਿਹੇ ਬਿੰਬ ਨੂੰ ਮਾਰਕਸਇਜ਼ਮ ਦੇ ਪ੍ਰਚਾਰ ਲਈ ਸਹਾਇਕ ਜਾਣਦੇ ਹਨ। ਅਜਿਹੇ ਪ੍ਰਚਾਰ ਲਈ ਉਹ ਤਰਕ, ਤੱਥ, ਸੱਚ ਅਤੇ ਪ੍ਰਮਾਣ ਨੂੰ ਬਿਲਕੁਲ ਨਹੀਂ ਵਿਚਾਰਦੇ।
ਇੱਕ ਜੇਲ੍ਹ ਡਾਇਰੀ ਜਿਸ ਵਿੱਚ ਵੱਖ-ਵੱਖ ਕਿਤਾਬਾਂ ਵਿੱਚੋਂ ਪੜ੍ਹਨ ਸਮੇਂ ਨਕਲ ਕੀਤੀਆਂ ਟਿੱਪਣੀਆਂ ਹਨ ਅਤੇ ਚੰਦ ਚਿੱਠੀਆਂ, ਅੱਧੀ ਦਰਜਨ ਤੋਂ ਘੱਟ ਲੇਖਾਂ ਇਤਿਆਦਿ ਦੇ ਆਧਾਰ ਉਂਤੇ ਉਹ ਉਸ ਨੂੰ ਵੱਡਾ ਮਾਰਕਸੀ ਚਿੰਤਕ ਸਥਾਪਤ ਕਰਨ ਦੀ ਚੇਸ਼ਟਾ ਵਿੱਚ ਹਨ। ਜੇ ਕਦੇ ਇਹ ਕਿਤਾਬਾਂ ਪੜ੍ਹਨ ਦੇ ਦਸਤੂਰ ਤੋਂ ਚੰਗੇ ਵਾਕਫ਼ ਹੁੰਦੇ ਤਾਂ ਜਾਣਦੇ ਕਿ ਏਨੀਆਂ ਕੁ ਟਿੱਪਣੀਆਂ ਦੋ, ਤਿੰਨ ਕਿਤਾਬਾਂ ਅਤੇ ਉਹਨਾਂ ਦੇ ਫੁੱਟ-ਨੋਟਾਂ ਵਿੱਚੋਂ ਵੀ ਇਕੱਠੀਆਂ ਕਰਨੀਆਂ ਸੰਭਵ ਹਨ। ਇਸ ਤੋਂ ਇਲਾਵਾ ਇਹਨਾਂ ਵੱਡੇ ਯਤਨ ਕਰਕੇ ਕੁਝ ਕੁ ਹੋਰ ਚਿੱਠੀਆਂ, ਇਸ਼ਤਿਹਾਰ, ਚੰਦ ਲੇਖ ਅਤੇ ਕੁਝ ਬੋਲਚਾਲ ਦੀਆਂ ਗੱਲਾਂ ਇਕੱਠੀਆਂ ਕੀਤੀਆਂ ਹਨ ਅਤੇ ਸਮਝਦੇ ਹਨ ਕਿ ਇਹ ਭਗਤ ਸਿੰਘ ਨੂੰ ਵੱਡਾ ਵਿਚਾਰਵਾਨ ਸਿੱਧ ਕਰਨ ਲਈ ਕਾਫ਼ੀ ਹਨ।


ਇਹਨਾਂ ਦਾ ਤਰਕ ਕਿੰਨਾ ਨਿਰਬਲ ਹੈ ਕੇਵਲ ਏਸ ਤੱਥ ਤੋਂ ਜਾਣਿਆ ਜਾ ਸਕਦਾ ਹੈ ਕਿ ‘ਜੇਲ੍ਹ ਡਾਇਰੀ’ ਦੇ ਮੁੱਖ ਪੰਨੇ ਉਂਤੇ ਭਗਤ ਸਿੰਘ ਦੀ ਕੇਸਾਧਾਰੀ ਤਸਵੀਰ ਛਪੀ ਹੈ। ਭਗਤ ਸਿੰਘ ਦੀ ਅਜਿਹੀ ਤਸਵੀਰ ਉੇਸ ਦੇ ਵਿਚਾਰਾਂ ਵਿੱਚ ਆਈ ਕ੍ਰਾਂਤੀਕਾਰੀ ਤਬਦੀਲੀ ਦੀ ਸੂਚਕ ਹੈ। ਭਾਈ ਰਣਧੀਰ ਸਿੰਘ ਦੀ ਲਿਖ਼ਤ, ਕਸੂਰ ਦੇ ਗ੍ਰੰਥੀ ਦੇ ਬਿਆਨ, ਸਿੱਖ ਰਹੁ-ਰੀਤ ਅਨੁਸਾਰ ਅੰਤਮ ਸੰਸਕਾਰ ਦੱਸਦੇ ਹਨ ਕਿ ਆਖ਼ਰੀ ਸਮੇਂ ਭਗਤ ਸਿੰਘ ਮਾਰਕਸੀ ਵਿਚਾਰਧਾਰਾ ਦੇ ਛਲਾਵੇ ਤੋਂ ਮੁਕਤ ਹੋ ਚੁੱਕਾ ਸੀ ਅਤੇ ਸਭ ਕਾਸੇ ਉਂਤੇ ਲਕੀਰ ਫੇਰ ਕੇ ਸੁੱਖਸਾਗਰ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਸਮਾ ਚੁੱਕਿਆ ਸੀ। ਕੀ ਅਜਿਹੇ ਬੰਦੇ ਨੂੰ ਮਹਾਨ ਨਾਸਤਕ ਵਿਚਾਰਵਾਨ ਸਥਾਪਤ ਕਰਨ ਦੀ ਚੇਸ਼ਟਾ ਕਰਨਾ ਵਗਦੇ ਦਰਿਆ ਵਿੱਚ ਰੇਤ ਦਾ ਮਹਿਲ ਉਸਾਰਨ ਬਰਾਬਰ ਤਾਂ ਨਹੀਂ?
ਵੱਡਾ ਵਿਦਵਾਨ ਪ੍ਰਚੱਲਤ ਕਰਨ ਵਾਸਤੇ ਸਭ ਤੋਂ ਪਹਿਲੀ ਲੋੜ ਹੈ ਭਗਤ ਸਿੰਘ ਦੀਆਂ ਮੁਕੰਮਲ ਲਿਖਤਾਂ ਨੂੰ ਇਕੱਠਾ ਕਰ ਕੇ ਪ੍ਰਮਾਣਿਤ ਕਰਨਾ। ਇਹ ਦੋ ਕਿਤਾਬਾਂ ਦੀ ਸਮਗਰੀ ਉਸ ਦੇ ਨਾਂਅ ਮੜ੍ਹ ਚੁੱਕੇ ਹਨ। ਅਸਲ ਸਥਿਤੀ ਇਹ ਹੈ ਕਿ ਪੰਜਾਹ ਕੁ ਸਫ਼ਿਆਂ ਤੋਂ ਵੱਧ ਲਿਖਤਾਂ ਨੂੰ ਸੱਚਮੁਚ ਭਗਤ ਸਿੰਘ ਦੀਆਂ ਲਿਖੀਆਂ ਸਾਬਤ ਕਰਨਾ ਅਸੰਭਵ ਹੈ। ਇਹਨਾਂ ਨੂੰ ਰਿੜਕ ਕੇ ਉਸ ਪੱਧਰ ਦੀਆਂ ਸਿਧਾਂਤਕ ਸੇਧਾਂ ਉਹਨਾਂ ਵਿੱਚੋਂ ਪ੍ਰਗਟ ਕਰਨਾ ਜਿਨ੍ਹਾਂ ਦਾ ਭਗਤ ਸਿੰਘ, ਇਹਨਾਂ ਮੁਤਾਬਕ, ਧਾਰਨੀ ਸੀ, ਬੇਹੱਦ ਜ਼ੋਖਮ ਵਾਲਾ ਕੰਮ ਹੈ। ਇਸ ਤਰਕ ਨੂੰ ਰਤਾ ਕੁ ਹੋਰ ਅਗਾਂਹ ਤੋਰੀਏ! ਆਪਣੀਆਂ ਲਿਖਤਾਂ ਦੇ ਆਧਾਰ ਉਂਤੇ ਸੱਤ ਸਾਲ ਦੀ ਉਮਰ ਤੋਂ ਲੈ ਕੇ ਕਾਲਜ ਪੜ੍ਹਨ ਦੇ ਦਿਨਾਂ ਤੱਕ ਭਗਤ ਸਿੰਘ ਜਨੇਊਧਾਰੀ ਕੱਟੜ ਆਰੀਆ ਸਮਾਜੀ ਸੀ। ਸਕੂਲ ਪੜ੍ਹਨ ਦੇ ਦਿਨਾਂ ਵਿੱਚ ਕਈ-ਕਈ ਪਾਠ ਗਾਇਤ੍ਰੀ ਮੰਤਰ ਦੇ ਕਰਦਾ ਹੁੰਦਾ ਸੀ। ਉਹ ਆਪ ਵੀ ਲਿਖਦਾ ਹੈ ਕਿ ਪੜ੍ਹਾਈ-ਲਿਖਾਈ ਪੱਖੋਂ ਉਹ ਬਹੁਤਾ ਨਹੀਂ ਸੀ ਜਾਣਿਆ ਜਾਂਦਾ। ਲੈ ਦੇ ਕੇ ਉਸ ਦੇ ਗੰਭੀਰਤਾ ਨਾਲ ਪਠਨ, ਮਨਨ, ਚਿੰਤਨ ਦੇ ਉਹੀ ਦੋ ਸਾਲ ਹਨ ਜੋ ਉਸ ਨੇ ਜੇਲ੍ਹ ਵਿੱਚ ਬਿਤਾਏ।
ਅਜਿਹੀਆਂ ਹਾਲਤਾਂ ਵਿੱਚ ਚਿੰਤਨ ਦੀਆਂ ਕਿੰਨੀਆਂ ਕੁ ਮੰਜ਼ਲਾਂ ਇੱਕ ਇਨਸਾਨ ਉਲੰਘ ਸਕਦਾ ਸੀ, ਓਨੀਆਂ ਕੁ ਨਾਲ ਭਗਤ ਸਿੰਘ ਨੂੰ ਕੰਮ ਚਲਾਉਣਾ ਪਵੇਗਾ। ਫ਼ਿਰ ਇਸ ਸਮੇਂ ਵਿੱਚੋਂ ਚਾਰ ਕਿਤਾਬਾਂ ਲਿਖਣ ਦਾ ਸਮਾਂ ਵੀ ਕੱਢਣਾ ਪਵੇਗਾ ਜਿਹੜੀਆਂ ਕਿ ਉਸ ਨੇ ਜੇਲ੍ਹ-ਜੀਵਨ ਦੌਰਾਨ ਲਿਖੀਆਂ ਸਨ ਅਤੇ ਜਿਨ੍ਹਾਂ ਦੇ ਖਰੜੇ 1947 ਦੀ ਮੁਲਕੀ-ਵੰਡ ਸਮੇਂ ਦੇ ਗਦਰ ਦੀ ਭੇਟ ਚੜ੍ਹ ਗਏ ਸਨ। ਜੇਲ੍ਹ ਨੇਮਾਂ, ਰਾਤ ਨੂੰ ਰੌਸ਼ਨੀ ਦਾ ਪ੍ਰਬੰਧ ਨਾ ਹੋਣਾ, ਚਾਰ ਮਹੀਨੇ ਦੀ ਭੁੱਖ ਹੜਤਾਲ ਦਾ ਸਮਾਂ, ਅਦਾਲਤਾਂ ਦੀਆਂ ਤਰੀਕਾਂ ਆਦਿ ਦਾ ਸਮਾਂ ਕੱਢ ਕੇ ਬਚਦੇ ਸਮੇਂ ਵਿੱਚ ਹੀ ਜੋ ਅਕਾਦਮਿਕ ਕੁਸ਼ਲਤਾ ਸੰਭਵ ਹੋ ਸਕਦੀ ਹੈ ਓਨੀਂ ਕੁ ਹੀ ਭਗਤ ਸਿੰਘ ਉਂਤੇ ਠੋਸਣੀ ਜਾਇਜ਼ ਹੈ। ਆਖ਼ਰ ਫ਼ਿਰ ਉਸ ਦੇ ਸਿੱਖੀ ਵੱਲ ਮੋੜੇ ਦੇ ਵੱਡੇ ਅੜਿੱਕੇ ਨੂੰ ਉਲੰਘ ਕੇ ਹੀ ਕਿਸੇ ਚੇਤਨਾ ਨੂੰ ਭਗਤ ਸਿੰਘ ਦੀ ਸਹੀ ਵਿਚਾਰਧਾਰਾ ਪ੍ਰਚਾਰਨਾ ਇਮਾਨਦਾਰੀ ਹੈ। ਕੀ ਉਸ ਦੇ ਸਮਰਥਕਾਂ ਵਿੱਚ ਏਨਾ ਕੰਮ ਕਰਨ ਦਾ ਠਰ੍ਹੰਮਾ ਤੇ ਸਮਰੱਥਾ ਹੈ? ਅਜੇ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਦਾ।
ਭਗਤ ਸਿੰਘ ਦੀ ਸਿਆਸੀ ਵਿਚਾਰਧਾਰਾ ਦਾ ਨਿਰੂਪਣ ਇਸ ਤੋਂ ਇਲਾਵਾ ਵੀ ਸਹਿਲ ਨਹੀਂ। ਪਹਿਲਾਂ ਪਹਿਲ ਉਹ ਬੈਕਿਊਨਿਨ ਭਗਤ ਨਿਹਲਿਸਟ (ਸਰਵਨਾਸ਼ੀ) ਸਿਆਸੀ ਵਿਚਾਰਧਾਰਾ ਦਾ ਸੀ। 1928 ਤੱਕ ਉਹ ਭਾਰਤ ਨੌਜਵਾਨ ਸਭਾ ਵਿੱਚ ਕੰਮ ਕਰਦਾ ਸੀ ਜਿਸ ਬਾਰੇ ਵਾਇਸਰਾਏ ਇਰਵਿਨ ਦੀ ਟਿੱਪਣੀ ਹੈ ਕਿ ਸਭਾ ਦੀ ਸਿਆਸੀ ਸੋਚ ਇੰਨ-ਬਿੰਨ ਕਾਂਗਰਸ ਨਾਲ ਮਿਲਦੀ ਸੀ। ਵਿਦਿਆਰਥੀ ਸੰਗਠਨ ਨੂੰ ਜੇਲ੍ਹ ਵਿੱਚੋਂ 19, 20 ਅਕਤੂਬਰ 1929 ਨੂੰ ਭੇਜੇ ਸੰਦੇਸ਼, ਜਿਸ ਨੂੰ ਸੁਭਾਸ਼ ਚੰਦਰ ਬੋਸ ਨੇ ਵਿਦਿਆਰਥੀਆਂ ਨੂੰ ਪੜ੍ਹ ਕੇ ਸੁਣਾਇਆ, ਤੋਂ ਜ਼ਾਹਿਰ ਹੈ ਕਿ ਉਹ ਅਜੇ ਵੀ ਕਾਂਗਰਸੀ ਵਿਚਾਰਧਾਰਾ ਦੇ ਬਹੁਤ ਨੇੜੇ ਸੀ। ਖਿੱਚ ਧੂਹ ਕੇ, ਵਿੱਚ ਵਿਚਾਲੇ, ਤਕਰੀਬਨ ਸਾਲ ਕੁ ਦਾ ਸਮਾਂ ਹੈ ਜਦੋਂ ਕਿ ਉਸ ਨੂੰ ਮਾਰਕਸੀ ਕ੍ਰਾਂਤੀਕਾਰੀ ਵੀ ਆਖਿਆ ਜਾ ਸਕਦਾ ਹੈ।
ਜੇਲ੍ਹ ਦਾ ਸਾਰਾ ਸਮਾਂ – ਭਾਈ ਰਣਧੀਰ ਸਿੰਘ ਦੀ ਰਿਹਾਈ (ਅਕਤੂਬਰ 4, 1930) ਤੱਕ
ਉਹ ਆਪਣੇ-ਆਪ ਨੂੰ ਮਾਰਕਸੀ ਸੋਸ਼ਲਿਸਟ ਅਖਵਾਉਂਦਾ ਜਾਪਦਾ ਹੈ। ਆਖ਼ਰੀ ਸਮੇਂ ਬਾਰੇ ਆਪਾਂ ਜਾਣਦੇ ਹੀ ਹਾਂ। 23 ਸਾਲ ਕੁਝ ਮਹੀਨੇ ਦੀ ਉਮਰ ਵਿੱਚੋਂ ਆਰੀਆ ਸਮਾਜ ਨੂੰ ਤਿਆਗ ਕੇ ਬਾਕੀ ਸਾਰੀਆਂ ਵਿਚਾਰਧਾਰਾਵਾਂ ਨੂੰ ਪਾਲਣ ਲਈ ਉਸ ਕੋਲ ਕੇਵਲ ਪੰਜ ਕੁ ਸਾਲ ਦਾ ਸਮਾਂ ਸੀ। ਜਾਪਦਾ ਇਹ ਹੈ ਕਿ ਇਸ ਵਿੱਚ ਉਪਰੋਕਤ ਨੂੰ ਛੱਡ ਕੇ ਪਹਿਲੇ ਪੂਰ ਦੇ ਬੰਗਾਲੀ ਕ੍ਰਾਂਤੀਕਾਰੀਆਂ ਦੀ ਤਰਜ਼ ਉਂਤੇ ਕੁਝ ਦੇਰ ਉਸ ਨੇ ਭਾਰਤ ਮਾਤਾ ਦੀ ਦੇਵੀ ਰੂਪ ਵਿੱਚ ਪੂਜਾ ਵੀ ਕੀਤੀ। ਸ਼ਾਇਦ ਸਾਂਡਰਸ ਦੇ ਕਤਲ ਸਮੇਂ ਇਹ ਵਿਚਾਰ ਉਸ ਦੇ ਮਨ ਵਿੱਚ ਸਭ ਤੋਂ ਪ੍ਰਬਲ ਸੀ; ਅਜਿਹੇ ਸੰਕੇਤ ਮਿਲਦੇ ਹਨ। ਉਸ ਦੀ ਸਿਆਸੀ ਵਿਚਾਰਧਾਰਾ ਦਾ ਨਿਰੂਪਣ ਜੇ ਇਮਾਨਦਾਰੀ ਨਾਲ ਤੱਥਾਂ ਦੇ ਆਧਾਰ ਉਂਤੇ ਕਰੀਏ ਤਾਂ ਭਲਾ ਮਾਰਕਸੀਆਂ ਦੇ ਹੱਥ ਭਗਤ ਸਿੰਘ ਦਾ ਕਿੰਨਾ ਕੁ ਹਿੱਸਾ ਆਵੇਗਾ? ਸੱਚ ਤਾਂ ਇਹ ਹੈ ਕਿ ਸ਼ਾਇਦ ਛੋਟੇ-ਛੋਟੇ ਦੋ, ਤਿੰਨ ਸਮਾਂ-ਖੰਡਾਂ ਨੂੰ ਛੱਡ ਕੇ ਆਪਣੇ ਸਿਆਸੀ ਜੀਵਨ ਦਾ ਬਹੁਤਾ ਹਿੱਸਾ ਭਗਤ ਸਿੰਘ ਕਾਂਗਰਸੀ ਵਿਚਾਰਧਾਰਾ ਦੇ ਸਮਰਥਕ ਰਹੇ। ਕੀ ਸੁਖਦੇਵ ਵੱਲੋਂ ਗਾਂਧੀ ਕੋਲ ਅੰਤਮ ਪੱਤਰ ਰਾਹੀਂ ਪ੍ਰਗਟ ਕੀਤੇ ਗਿਲ਼ੇ ਏਸ ਤੱਥ ਵੱਲ ਇਸ਼ਾਰਾ ਨਹੀਂ ਕਰਦੇ? ਪੰਡਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਕਬੂਲਣ ਦੇ ਹੱਕ ਦੇ ਲੇਖ ਵੀ ਹਨ। ਇਸ਼ਾਰੇ ਮਿਲਦੇ ਹਨ ਕਿ ਸ਼ਾਇਦ ਇੱਕ ਵੇਲੇ ਮਨੂੰਸਮ੍ਰਿਤੀ ਵਾਲਾ ਮਨੂੰ ਵੀ ਭਗਤ ਸਿੰਘ ਦਾ ਪ੍ਰੇਰਨਾ-ਸ੍ਰੋਤ ਸੀ। ਕਦੇ ਭਗਤ ਸਿੰਘ ਨੇ ਨਨਕਾਣਾ ਸਾਹਿਬ ਦੇ ਸਾਕੇ ਤੋਂ ਪ੍ਰਭਾਵਿਤ ਹੋ ਕੇ ਕਾਲ਼ੀ ਪੱਗ ਬੰਨ੍ਹਣੀ ਸ਼ੁਰੂ ਕੀਤੀ ਸੀ ਅਤੇ ਗੁਰਮੁਖੀ ਵੀ ਸਿੱਖੀ ਸੀ। ਸਭ ਕਾਸੇ ਨੂੰ ਵਿਚਾਰਦਿਆਂ ਅਜੇ ਗੰਭੀਰ ਮੁਲਾਂਕਣ ਤੋਂ ਬਿਨਾਂ ਕਹਿਣਾ ਕਿ ਭਗਤ ਸਿੰਘ ਖੱਬੇ ਪੱਖੀ ਅਗਾਂਹ ਵਧੂ ਨਾਸਤਕ ਲਹਿਰ ਦਾ ਆਗੂ ਸੀ, ਹਵਾਈ ਕਹਾਣੀ ਹੀ ਜਾਪਦੀ ਹੈ। ਸੱਚ ਇਹ ਵੀ ਹੈ ਕਿ ਤਕਰੀਬਨ ਪਹਿਲੇ ਦਿਨ ਤੋਂ ਹੀ ਭਗਤ ਸਿੰਘ ਦਾ ਬਿੰਬ ਸਿੱਖ ਰਹਿਤ-ਮਰਿਯਾਦਾ, ਪੰਜਾਬੀ ਬੋਲੀ ਦੇ ਵਿਰੁੱਧ ਪ੍ਰਚਾਰ ਲਈ ਵਰਤਿਆ ਜਾ ਰਿਹਾ ਹੈ।
ਭਗਤ ਸਿੰਘ ਦੀ ਟੋਪੀ ਵਾਲੀ ਤਸਵੀਰ ਨੂੰ ਲਿਖਤਾਂ ਦੀ ਜਿਲਦ ਉਂਤੇ ਵਰਤਿਆ ਗਿਆ ਹੈ ਅਤੇ ਆਮ ਤਸਵੀਰਾਂ, ਮੂਰਤੀਆਂ ਵਿੱਚ ਵਰਤਿਆ ਜਾਂਦਾ ਹੈ। ਇਸ ਗੱਲ ਦੇ ਸੰਕੇਤ ਹਨ ਕਿ ਸੁਖਦੇਵ ਨੇ ਵੀ ਫ਼ਾਂਸੀ ਚੜ੍ਹਨ ਤੋਂ ਪਹਿਲਾਂ ਦਾੜ੍ਹੀ ਕੇਸ ਰੱਖ ਲਏ ਸਨ, ਪਰ ਪਤਾ ਨਹੀਂ ਕੀ ਸਬੱਬ ਹੈ ਕਿ ਪਿਛਲੇ 70 ਸਾਲਾਂ ਵਿੱਚ, ਪੂਰੇ ਹਿੰਦੋਸਤਾਨ ਵਿੱਚ, ਤੁਸੀਂ ਸੁਖਦੇਵ ਦੀ ਇੱਕ ਵੀ ਮੂਰਤੀ ਜਾਂ ਤਸਵੀਰ ਇਸ ਵੇਸ ਵਿੱਚ ਨਹੀਂ ਵੇਖ ਸਕਦੇ। ਭਗਤ ਸਿੰਘ ਦੀ ਪ੍ਰਤੱਖ ਆਖ਼ਰੀ ਕੇਸਾਧਾਰੀ ਤਸਵੀਰ ਨੂੰ ਏਨਾ ਕਹਿ ਕੇ ਰੱਦ ਨਹੀਂ ਕੀਤਾ ਜਾ ਸਕਦਾ ਕਿ ਇਹ ਪਹਿਲੀ ਗ੍ਰਿਫ਼ਤਾਰੀ ਵੇਲੇ ਦੀ ਹੈ ਅਤੇ ਫ਼ਲਾਂ ਕੋਲ ਅਸਲ ਹੈ। ਪਹਿਲੀ ਵਾਰ ਭਗਤ ਸਿੰਘ ਨੂੰ ਦੁਸਹਿਰੇ ਦੇ ਮੇਲੇ ਵਿੱਚ ਬੰਬ ਸੁੱਟਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਵੇਲੇ ਉਹ ਨਾ ਤਾਂ ਏਨਾ ਮਸ਼ਹੂਰ ਸੀ, ਨਾ ਹੀ ਇਹ ਕਾਰਵਾਈ ਏਨੀਂ ਚੰਗੀ ਸੀ ਕਿ ਕੋਈ ਸੀ.ਆਈ. ਡੀ. ਦਾ ਇੰਸਪੈਕਟਰ ਉਸ ਨਾਲ ਫ਼ੋਟੋ ਖਿਚਵਾਉਣ ਵਿੱਚ ਮਾਣ ਮਹਿਸੂਸ ਕਰਦਾ। ਜੇ ਅਜਿਹੀ ਗੱਲ ਸੀ ਤਾਂ ‘ਅਸਲ’ ਤਸਵੀਰ ਮੁਕਾਬਲੇ ਵਿੱਚ ਛਾਪੀ ਜਾ ਸਕਦੀ ਸੀ ਲੇਕਿਨ ਨਹੀਂ ਛਾਪੀ ਗਈ। ਇਸ ਤਸਵੀਰ ਵਿੱਚ ਭਗਤ ਸਿੰਘ ਦੇ ਸਿਰ ਉਂਤੇ ਛੇ-ਛੇ ਇੰਚ ਲੰਬੇ ਕੇਸ ਸਪੱਸ਼ਟ ਦਿੱਸਦੇ ਹਨ ਅਤੇ ਅੰਤਮ ਅਰਦਾਸ ਕਰਨ ਵਾਲੇ ਗ੍ਰੰਥੀ ਦੇ ਬਿਆਨ ਦੀ ਪ੍ਰੋੜ੍ਹਤਾ ਕਰਦੇ ਹਨ।


ਪੰਦਰਾਂ-ਵੀਹ ਸਾਲ ਪਹਿਲਾਂ ਉਸ ਦੇ ਅੰਮ੍ਰਿਤ ਅਭਿਲਾਸ਼ੀ ਹੋਣ ਦੇ ਮਸਲੇ ਨੂੰ ਲੈ ਕੇ ਭਾਈ ਰਣਧੀਰ ਸਿੰਘ ਨੂੰ ਭੰਡਣ ਦੀ ਚੇਸ਼ਟਾ ਖੱਬੇ ਪੱਖੀਆਂ ਵੱਲੋਂ ਹੋਈ। ਇਹ ਵੀ ਨਾ ਵਿਚਾਰਿਆ ਗਿਆ ਕਿ ਭਾਈ ਸਾਹਿਬ ਇਨਕਲਾਬੀ ਕਾਰਨਾਮਿਆਂ ਪੱਖੋਂ ਅਤੇ ਪੰਜਾਬ ਵਿੱਚ ਮਾਣ-ਸਤਿਕਾਰ ਪਾਉਣ ਵਿੱਚ ਭਗਤ ਸਿੰਘ ਨਾਲੋਂ ਕਿਤੇ ਵੱਧ ਅਹਿਮ ਹਸਤੀ ਹਨ। ਖੱਬੇ ਪੱਖੀਆਂ ਵੱਲੋਂ ਆਮ ਤੌਰ ਉਂਤੇ ਪੰਜਾਬ ਦੇ ਸਿੱਖ ਵਿਰਸੇ ਨੂੰ, ਇੱਕ ਕੱਲ੍ਹ ਨਵੇਂ ਉਂਠੇ ਅਤੇ ਅੱਜ ਹਰ ਪੱਖੋਂ ਅਤੀਤ ਦਾ ਖੰਡਹਰ ਬਣ ਚੁੱਕੇ, ਲਾਲ ਇਨਕਲਾਬ ਦੀ ਭੇਟਾ ਚਾੜ੍ਹਨ ਦਾ ਨਿਰੰਤਰ ਯਤਨ ਤਾਂ ਵੱਖਰੇ ਅਧਿਐਨ ਦਾ ਅਧਿਕਾਰੀ ਹੈ। ਕਿਸੇ ਹੋਰ ਸੂਬੇ ਦੇ ਲੋਕਾਂ ਆਪਣੇ ਵਿਰਸੇ ਨੂੰ ਮਾਰਕਸਇਜ਼ਮ ਦੇ ਨਾਂਅ ਉਂਤੇ ਆਂਚ ਨਹੀਂ ਆਉਣ ਦਿੱਤੀ, ਪਰ ਸਾਡੇ ਕੁਝ ਪੰਜਾਬੀਆਂ ਅਗਾਂਹ ਵਧ-ਵਧ ਕੇ ਸਿੱਖ ਵਿਰਸੇ ਦੇ ਬਿਹਤਰੀਨ ਪੱਖਾਂ ਦੀ ਆਹੂਤੀ ਮਾਰਕਸ ਦੇ ਹਵਨ-ਕੁੰਡ ਵਿੱਚ ਪਾਈ।
ਇਹ ਲੋਕ ਇਹ ਵੀ ਨਾ ਸਮਝ ਸਕੇ ਕਿ ਇਸ ਪੁਰਾਤਨ ਧਰਤੀ ਦੇ ਨਵੇਂ-ਨਰੋਏ ਵਿਚਾਰਾਂ ਨੂੰ ਨਸ਼ਟ ਕਰ ਕੇ ਤਾਂ ਇੱਥੇ ਉਹੋ ਕੁਹਜ ਰਹਿ ਜਾਏਗਾ ਜਿਸ ਨੂੰ ਪੰਜਾਬ ਦੇ ਲੋਕਾਂ ਸਦੀਆਂ ਤੱਕ ਜਿਗਰ ਦਾ ਖ਼ੂਨ ਪਾ ਕੇ ਨਵਿਆਇਆ ਸੀ।
ਅੰਤ ਇਹਨਾਂ ਦੀ ਮਿਹਰ ਨਾਲ ਪੰਜਾਬ, ਕਈ ਸਦੀਆਂ ਬਾਅਦ, ਹਿੰਦੁਸਤਾਨ ਦਾ ਬੌਧਿਕ ਰੇਗਿਸਤਾਨ ਹੋ ਨਿੱਬੜਿਆ, ਜਿਸ ਦੇ ਪੁਰਾਣੇ ਰੁੱਖ ਇਹਨਾਂ ਬੇਕਿਰਕ ਹੋ ਕੇ ਛਾਂਗ ਦਿੱਤੇ ਅਤੇ ਨਵੀਆਂ ਬੂਈਆਂ, ਜੋ ਇਹ ਬੀਜਣਾ ਚਾਹੁੰਦੇ ਸਨ, ਇਸ ਧਰਤੀ ਨੇ ਨਾ ਕਬੂਲੀਆਂ। ਨਤੀਜੇ ਵਜੋਂ ਪਿਛਲੇ ਪੰਜਾਹ ਸਾਲਾਂ ਵਿੱਚ ਸਿਰ੍ਹੜੀ ਪੰਜਾਬੀਆਂ ਨੂੰ ਲੋਕ-ਪੱਖੀ ਯੁੱਧ ਨੰਗੇ ਧੜ ਹੀ ਲੜਨੇ ਪਏ। ਇਹ ਚਿੰਤਕ ਨਾ ਅੱਗੇ ਲੱਗ ਸਕੇ ਨਾ ਪਿੱਛੇ; ਜਦੋਂ ਕਦੇ ਡੂੰਘੀ ਨਜ਼ਰ ਵੇਖੇ ਗਏ, ਦੁਸ਼ਮਣ ਦੀਆਂ ਧਾੜਾਂ ਵਿੱਚ ਖੜ੍ਹੇ ਹੀ ਵਿਖਾਈ ਦਿੱਤੇ। ਤਰਕ ਇਹਨਾਂ ਕਈ ਘੜੇ, ਨਿੱਤ ਨਵੇਂ ਸੂਰਜ ਘੜੇ – ”ਅਗਦੁ ਪੜੈ ਸੈਤਾਨੁ ਵੇ ਲਾਲੋ”- ਪਰ ਇਹ ਕਦੇ ਵੀ ਪੰਜਾਬ ਦੇ ਹੱਕਾਂ ਲਈ ਨਾ ਜੂਝੇ।
ਲੈ ਦੇ ਕੇ ਸਾਰੀ ਗੱਲ ਦਾ ਨਿਰਣਾ ਹੋ ਸਕਦਾ ਹੈ ਭਗਤ ਸਿੰਘ ਦੇ ਧਾਰਮਿਕ ਅਕੀਦਿਆਂ ਦੇ ਨਿਰੂਪਣ ਨਾਲ ਅਤੇ ਇਹਨਾਂ ਨੂੰ ਸਹਿਜੇ ਜਾਣਨਾ ਅਸੰਭਵ ਬਣਾ ਦਿੱਤਾ ਹੈ ਉਹਨਾਂ ਲੇਖਕਾਂ ਨੇ ਜਿਨ੍ਹਾਂ ਨੇ ਉਸ ਨੂੰ ਵਿਦਵਾਨ ਅਤੇ ਸੋਸ਼ਲਿਸਟ ਥਾਪਣ ਲਈ ਦੁਨੀਆਂ ਭਰ ਦੇ ਗੁੰਮਨਾਮ ਲਿਖੇ ਲੇਖ ਉਸ ਦੇ ਨਾਂਅ ਨਾਲ ਨੱਥੀ ਕਰ ਦਿੱਤੇ ਹਨ। ਇਹਨਾਂ ਸਾਰਿਆਂ ਦਾ ਡੂੰਘਾ ਵਿਸ਼ਲੇਸ਼ਣ ਤਿਆਰ ਹੈ, ਪਰ ਏਥੇ ਕੇਵਲ ਉਸ ਦਾ ਸਾਰੰਸ਼ ਹੀ ਦਿੱਤਾ ਗਿਆ ਹੈ। ਜਿੰਨੀ ਲਾਪਰਵਾਹੀ ਨਾਲ ਉਸ ਦੀਆਂ ਲਿਖਤਾਂ ਦੀ ਸੰਪਾਦਨਾ ਹੋਈ ਹੈ, ਏਨੀਂ ਲਾਪਰਵਾਹੀ ਲਈ ਤਾਂ ਕਈਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਜਾਇਜ਼ ਹੈ। ਕੇਵਲ ਚਾਰ ਕੁ ਸੌ ਸਫ਼ਿਆਂ ਦੀ ਛੋਟੀ ਜਿਹੀ ਕਿਤਾਬ ਵਿੱਚ ਤੁਸੀਂ ਇੱਕ ਤੋਂ ਵੱਧ ਵਾਰ ਇਹ ਲਿਖਿਆ ਪਾਉਗੇ ਕਿ ‘ਇਹ ਲੇਖ ਫ਼ਲਾਨੇ ਦਾ ਲਿਖਿਆ ਹੋ ਸਕਦਾ ਹੈ। ਅਨੇਕਾਂ ਲੇਖ ਐਸੇ ਹਨ ਜਿਨ੍ਹਾਂ ਦੇ ਲੇਖਕਾਂ ਵੱਲ ਗੁੱਝੀਆਂ ਸੈਨਤਾਂ ਮਾਰ ਕੇ ਇਸ਼ਾਰੇ ਦਾ ਬੋਝ ਭਗਤ ਸਿੰਘ ਦੇ ਪੱਲੜੇ ਵਿੱਚ ਟਿਕਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ ਹੈ। ਕੇਵਲ ਕੂਕਿਆਂ ਵਾਲੇ ਦੋ ਲੇਖਾਂ ਨੂੰ ਲੈ ਕੇ ਸਹਿਜੇ ਹੀ ਸਾਬਤ ਕੀਤਾ ਜਾ ਸਕਦਾ ਹੈ ਕਿ ਦੋ ਵੱਖੋ ਵੱਖਰੇ ਵਿਅਕਤੀਆਂ ਵੱਲੋਂ ਲਿਖੇ ਗਏ ਹਨ। ਯਕੀਨਨ ਇਹਨਾਂ ਵਿੱਚੋਂ ਇੱਕ ਭਗਤ ਸਿੰਘ ਨਹੀਂ ਸੀ।
ਕਈ ਲੇਖਾਂ ਵਿੱਚ ਅਹਿਮ ਗੱਲਾਂ ਕਹੀਆਂ ਗਈਆਂ ਹਨ, ਪਰ ਇਹ ਨਹੀਂ ਦੱਸਿਆ ਗਿਆ ਕਿ ਇਹ ਲੇਖ ਕਿਵੇਂ ਪ੍ਰਾਪਤ ਹੋਏ। ਦਸਤਾਵੇਜ਼ਾਂ ਦੇ ਮੁਲਾਂਕਣ ਲਈ ਇਹ ਜਾਣਕਾਰੀ ਬੇਹੱਦ ਜ਼ਰੂਰੀ ਹੁੰਦੀ ਹੈ ਕਿ ਕਿਸ-ਕਿਸ ਆਦਮੀ ਕੋਲ ਇਹ ਦਸਤਾਵੇਜ਼ ਰਿਹਾ, ਕਿਸ ਕੋਲੋਂ ਛਾਪਣ ਵਾਲੇ ਨੂੰ ਪ੍ਰਾਪਤ ਹੋਇਆ ਅਤੇ ਕਿਸ ਹਾਲਤ ਵਿੱਚ ਮਿਲਿਆ ਆਦਿ। ਇਸ ਕਿਸਮ ਦੀ ਜਾਣਕਾਰੀ ਕਿਸੇ ਇੱਕ ਦਸਤਾਵੇਜ਼ ਨਾਲ ਵੀ ਮੁਕੰਮਲ ਨਹੀਂ ਅਤੇ ਕਚਹਿਰੀ ਵਿੱਚ ਦਾਖਲ ਕੀਤੀ ਇੱਕ ਚਿੱਠੀ ਤੋਂ ਬਿਨਾਂ ਕਿਸੇ ਇੱਕ ਦੀ ਵੀ ਤਸਵੀਰ ਨਹੀਂ ਦਿੱਤੀ ਗਈ ਜਿਸ ਤੋਂ ਕਿ ਦਸਤਾਵੇਜ਼ ਦੇ ਸਹੀ ਹੋਣ ਬਾਰੇ ਅੰਦਾਜ਼ਾ ਲਾਇਆ ਜਾ ਸਕੇ। ਸਮਗਰੀ ਛਾਪਣ ਦੀ ਸਮੁੱਚੀ ਸਕੀਮ ਇਸ ਤਰ੍ਹਾਂ ਦੀ ਹੈ ਕਿ ਜੋ ਸੰਪਾਦਕ ਚਾਹੇ ਭਗਤ ਸਿੰਘ ਦੇ ਮੂੰਹ ਵਿੱਚ ਪਾਇਆ ਜਾ ਸਕੇ। ਇੱਕ ਜਗ੍ਹਾ ਭਗਤ ਸਿੰਘ ਤੋਂ ਇਹ ਅਖਵਾਇਆ ਗਿਆ ਹੈ ਕਿ ਸਾਰੀ ਉਮਰ ਤਾਂ ਮੈਂ ਉਸ (ਪਰਮਾਤਮਾ) ਨੂੰ ਯਾਦ ਨਹੀਂ ਕੀਤਾ। ਇਸੇ ਪੁਸਤਕ ਵਿੱਚ ਭਗਤ ਸਿੰਘ ਦਾ ਇੱਕ ਹੋਰ ਬਿਆਨ ਹੈ ਕਿ ਮੈਂ ਘੰਟਿਆਂ ਬੱਧੀ ਗਾਇਤ੍ਰੀ ਮੰਤਰ ਦਾ ਜਾਪ ਕਰਦਾ ਸੀ। ਜ਼ਾਹਿਰ ਹੈ ਕਿ ਦੋਨਾਂ ਬਿਆਨਾਂ ਵਿੱਚੋਂ ਇੱਕ ਝੂਠਾ ਹੈ। ਕਈ ਦਸਤਾਵੇਜ਼ਾਂ ਬਾਰੇ ਤਾਂ ਇਹ ਵੀ ਨਹੀਂ ਲਿਖਿਆ ਕਿ ਉਹ ਕਿਹੜੇ ਸੋਮੇ ਤੋਂ ਪ੍ਰਾਪਤ ਹੋਏ ਸਨ।
ਦਸਤਾਵੇਜ਼ਾਂ ਬਾਰੇ ਇੱਕ ਅਜਬ ਤੱਥ ਇਹ ਹੈ ਕਿ ਜਿੰਨੇ ਵੀ ਲੇਖ, ਚਿੱਠੀਆਂ ਆਦਿ ਜੇਲ੍ਹ ਵਿੱਚੋਂ ਲਿਖੇ ਦੱਸੇ ਹਨ ਉਹਨਾਂ ਵਿੱਚੋਂ ਇੱਕ ਵੀ ਜੇਲ੍ਹ ਵਾਲਿਆਂ ਵੱਲੋਂ ਸੈਂਸਰ ਹੋਇਆ ਨਹੀਂ ਵਿਖਾਇਆ ਗਿਆ। ਜੇਲ੍ਹ ਨਿਯਮਾਂ ਅਨੁਸਾਰ ਇਹ ਜ਼ਰੂਰੀ ਹੈ।
ਬਚਪਨ ਤੋਂ ਲੈ ਕੇ 1928 ਤੱਕ ਅਤੇ ਅੰਤ ਸਮੇਂ ਤੱਕ ਕੇਸਾਧਾਰੀ ਹੋਣ ਦੇ ਬਾਵਜੂਦ ਉਸ ਨੂੰ ਸਿੱਖ ਆਖਣ ਤੋਂ ਜ਼ਬਰਦਸਤ ਗ਼ੁਰੇਜ਼ ਕੀਤਾ ਗਿਆ ਹੈ। ਇੱਕ ਕਦਮ ਹੋਰ ਅਗਾਂਹ ਵਧ ਕੇ ਉਸ ਨੂੰ ਸਿੱਖੀ-ਵਿਰੋਧੀ ਪ੍ਰਗਟਾਇਆ ਗਿਆ ਹੈ। ਇੱਕ ਵਾਰ ਉਸ ਨੂੰ ਮਨੂੰ ਦੇ ਵਿਚਾਰਾਂ ਦਾ ਸਤਿਕਾਰ ਕਰਦਾ ਦੱਸਿਆ ਹੈ, ਫ਼ੇਰ ਕੱਟੜ ਆਰੀਆ ਸਮਾਜੀ; ਸ਼ਾਕਤ ਰੰਗ ਵਿੱਚ ਭਾਰਤ ਮਾਤਾ ਦੀ ਪੂਜਾ ਦੀ ਪ੍ਰੇਰਨਾ ਵੀ ਉਸ ਦੀ ਜ਼ੁਬਾਨ ਤੋਂ ਕਾਰਵਾਈ ਗਈ ਹੈ। ਇੱਕ ਲੇਖਕ ਨੇ ਤਾਂ ਉਸ ਨੂੰ ਹਲਾਲ ਖੁਆ ਕੇ ਇਸਲਾਮ ਨਾਲ ਵੀ ਉਸ ਦਾ ਗੂੜ੍ਹਾ ਨਾਤਾ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਖ਼ਰ ਉਸ ਦੇ ਨਾਂਅ ਕਾਫ਼ੀ ਬਾਅਦ ਵਿੱਚ ਛਪੀ ਮੈਂ ਨਾਸਤਕ ਕਿਉਂ ਹਾਂ?” ਲਿਖਤ ਮੜ੍ਹ ਕੇ ਉਸ ਨੂੰ ਸਭ ਧਾਰਮਿਕ ਅਕੀਦਿਆਂ ਤੋਂ ਮੁਕਤ ਕਰਨ ਦਾ ਯਤਨ ਕੀਤਾ ਗਿਆ ਹੈ।
ਇਹ ਲੇਖ ਕਿੱਥੋਂ ਅਤੇ ਕਿਵੇਂ ਮਿਲਿਆ, ਕਿਸ ਕੋਲ ਪਿਆ ਰਿਹਾ, ਅਸਲ ਕਿੱਥੇ ਹੈ ਜਾਂ ਸੀ ਆਦਿ ਸਵਾਲਾਂ ਦਾ ਕੋਈ ਜੁਆਬ ਨਹੀਂ ਦੱਸਿਆ ਗਿਆ। ਕਿਸ ਆਧਾਰ ਉਂਤੇ ਇਸ ਨੂੰ 5, 6 ਅਕਤੂਬਰ 1930 ਨੂੰ ਲਿਖਿਆ ਦਰਸਾਇਆ ਹੈ, ਬਾਰੇ ਵੀ ਕੋਈ ਜਾਣਕਾਰੀ ਨਹੀਂ। ਜਾਪਦਾ ਹੈ ਕਿ ਇਹ ਕੇਵਲ ਭਾਈ ਰਣਧੀਰ ਸਿੰਘ ਨੂੰ ਝੂਠਾ ਸਾਬਤ ਕਰਨ ਲਈ ਹੀ ਤਿਆਰ ਕੀਤਾ ਗਿਆ ਹੈ। ਵੈਸੇ ਵੀ ਏਸ ਲੇਖ ਦੀਆਂ ਬਚਕਾਨਾ ਦਲੀਲਾਂ ਕਿਸੇ ਅਨਾੜੀ ਮਨ ਦੀ ਸੂਚਨਾ ਦਿੰਦੀਆਂ ਹਨ। ਬੁਰਾਈ ਦਾ ਟਾਕਰਾ ਕਰਨਾ ਅਤੇ ਪਰਮਾਤਮਾ ਨਾਲ ਰਿਸ਼ਤਾ ਜੋੜਨਾ ਧਰਮ ਦੀ ਹੋਂਦ ਦਾ ਆਧਾਰ ਹੈ ਨਾ ਕਿ ਬੁਰਾਈ ਦੀ ਹੋਂਦ ਦਾ ਫ਼ਲਸਫ਼ਾ।

  • 854
  •  
  •  
  •  
  •