ਪੁਰਸ਼ਾਂ ਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਰਿਹੈ ਵਾਇਰਸ, ਔਰਤਾਂ ਹਾਲੇ ਘੱਟ ਪ੍ਰਭਾਵਿਤ

ਭਾਰਤ ਵਿਚ ਹੁਣ ਤੱਕ ਕਰੋਨਾਵਾਇਰਸ ਨਾਲ 13 ਮੌਤਾਂ ਹੋ ਚੁੱਕੀਆਂ ਹਨ, ਪਹਿਲੀ ਮੌਤ ਕਰਨਾਟਕ ਵਿਚ 12 ਮਾਰਚ ਨੂੰ ਰਿਪੋਰਟ ਹੋਈ ਸੀ। ਇਹ 76 ਸਾਲਾ ਆਦਮੀ ਹਾਈਪਰਟੈਂਸ਼ਨ, ਅਸਥਮਾ (ਸਾਹ ਦੀ ਤਕਲੀਫ਼) ਤੇ ਸ਼ੂਗਰ ਨਾਲ ਪੀੜਤ ਸੀ। ਦੂਜੀ ਮੌਤ ਇਕ ਔਰਤ (68 ਸਾਲਾ) ਦੀ ਦਿੱਲੀ ਵਿਚ 13 ਮਾਰਚ ਨੂੰ ਹੋਈ, ਉਹ ਵੀ ਹਾਈਪਰਟੈਂਸ਼ਨ ਤੇ ਸ਼ੂਗਰ ਦੀ ਮਰੀਜ਼ ਸੀ।

ਉਹ ਸਵਿਟਰਜ਼ਲੈਂਡ ਤੋਂ ਪਰਤੇ ਆਪਣੇ ਪੁੱਤਰ ਦੇ ਸੰਪਰਕ ਵਿਚ ਆਈ ਸੀ। ਉਹ ਪੰਜ ਤੋਂ 22 ਫਰਵਰੀ ਦੌਰਾਨ ਇਟਲੀ ਵਿਚ ਵੀ ਸੀ। ਭਾਰਤ ਉਹ 23 ਫਰਵਰੀ ਨੂੰ ਆਇਆ ਸੀ ਤੇ ਬੀਮਾਰੀ ਦਾ ਕੋਈ ਲੱਛਣ ਨਹੀਂ ਸੀ। ਬਜ਼ੁਰਗ ਮਾਂ ਨੂੰ ਕਰੋਨਾ ਦੀ ਲਾਗ਼ ਆਪਣੇ ਪੁੱਤਰ ਮਤਲਬ ਇਕ ਪੁਰਸ਼ ਤੋਂ ਲੱਗੀ। ਇਕ ਹੋਰ ਮੌਤ 22 ਮਾਰਚ ਨੂੰ ਬਿਹਾਰ ’ਚ ਹੋਈ। ਉਸ ਨੂੰ ਵੀ ਕਿਡਨੀ ਨਾਲ ਜੁੜੀ ਬੀਮਾਰੀ ਸੀ ਤੇ ਉਹ ਕਤਰ ਤੋਂ ਪਰਤਿਆ ਸੀ। ਮਹਾਰਾਸ਼ਟਰ ਵਿਚ ਇਕੋ ਹਫ਼ਤੇ ਵਿਚ ਚਾਰ ਮੌਤਾਂ ਹੋਈਆਂ। ਦੋ ਵਿਅਕਤੀ 63 ਸਾਲ ਦੇ ਤੇ ਇਕ 65 ਵਰ੍ਹਿਆਂ ਦਾ ਸੀ। ਇਕ ਹੋਰ ਵਿਅਕਤੀ ਵੀ ਕਰੀਬ 60 ਸਾਲਾਂ ਦਾ ਸੀ। ਇਨ੍ਹਾਂ ਤਿੰਨਾਂ ਨੂੰ ਵੀ ਬਲੱਡ ਪ੍ਰੈੱਸ਼ਰ, ਸ਼ੂਗਰ ਤੇ ਦਿਲ ਦੇ ਰੋਗ ਸਨ।

ਪੰਜਾਬ ਵਿਚ ਜਰਮਨੀ ਤੋਂ ਪਰਤੇ ਜਿਸ ਬਜ਼ੁਰਗ (72 ਸਾਲ) ਦੀ ਮੌਤ ਹੋਈ ਉਹ ਇਟਲੀ ਹੁੰਦਾ ਹੋਇਆ ਜਰਮਨੀ ਤੋਂ ਪਰਤਿਆ ਸੀ। ਕੋਲਕਾਤਾ ਵਿਚ 55 ਸਾਲਾ ਵਿਅਕਤੀ ਸੋਮਵਾਰ ਜੋ ਕਰੋਨਾਵਾਇਰਸ ਤੋਂ ਪੀੜਤ ਸੀ, ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਅਮਰੀਕਾ ਤੋਂ ਪਰਤੇ ਜਿਸ ਤਿੱਬਤੀ ਮੂਲ ਦੇ ਵਿਅਕਤੀ ਦੀ ਮੌਤ ਹਾਲ ਹੀ ਵਿਚ ਹੋਈ ਹੈ, ਉਸ ਦੀ ਉਮਰ 69 ਵਰ੍ਹੇ ਸੀ।

ਇਹ ਸਾਰੇ ਪੁਰਸ਼ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੱਛਮੀ ਬੰਗਾਲ ਵਿਚ ਕਰੋਨਾ ਨਾਲ ਹਲਾਕ ਹੋਇਆ 57 ਸਾਲਾ ਵਿਅਕਤੀ ਵੀ ਪੁਰਸ਼ ਹੈ। ਇਨ੍ਹਾਂ ਸਾਰੇ ਮਾਮਲਿਆਂ ਵਿਚ ਇਕ ਗੱਲ ਸਾਂਝੀ ਹੈ ਕਿ ਲਗਭਗ ਸਾਰੇ ਪੁਰਸ਼ ਹਨ, 50-75 ਸਾਲ ਉਮਰ ਵਰਗ ਦੇ ਹਨ, ਸਾਰੇ ਇਕ-ਦੋ ਬੀਮਾਰੀਆਂ ਤੋਂ ਪੀੜਤ ਸਨ ਤੇ ਦਵਾਈ ਲੈ ਰਹੇ ਸਨ। ਬਿਹਾਰ ਵਿਚ ਮਰਨ ਵਾਲਾ ਸਿਰਫ਼ ਇਕ ਵਿਅਕਤੀ ਥੋੜ੍ਹੀ ਹਲਕੀ ਉਮਰ ਦਾ ਹੈ। ਗੁਰੂਗ੍ਰਾਮ ਦੇ ਇਕ ਹਸਪਤਾਲ ਦੇ ਡਾ. ਪੀ. ਵੈਂਕਟ ਕ੍ਰਿਸ਼ਨਨ ਨੇ ਕਿਹਾ ਕਿ ਵਡੇਰੀ ਉਮਰ ਵਿਚ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਵਾਇਰਸ (ਇਨਫ਼ੈਕਸ਼ਨ) ਨਾਲ ਸਿੱਝਣ ਦੀ ਸਮਰੱਥਾ ਘਟਦੀ ਹੈ। ਉਨ੍ਹਾਂ ’ਚ ਬੀਮਾਰੀ ਤੋਂ ਬਚਣ ਬਾਰੇ ਬਹੁਤੀ ਜਾਗਰੂਕਤਾ ਵੀ ਨਹੀਂ ਹੁੰਦੀ ਤੇ ਕਿਸੇ ਨਾ ਕਿਸੇ ਬੀਮਾਰੀ ਦੀ ਦਵਾਈ ਪਹਿਲਾਂ ਹੀ ਲੈ ਰਹੇ ਹੁੰਦੇ ਹਨ।

ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼-ਦਿੱਲੀ) ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਜਿਹੜਾ ਡੇਟਾ ਚੀਨ ਤੋਂ ਮਿਲਿਆ ਹੈ। ਉਸ ਦੀ ਸਮੀਖ਼ਿਆ ਕਰਨ ’ਤੇ ਸਾਹਮਣੇ ਆਇਆ ਹੈ ਕਿ ਮਹਿਲਾਵਾਂ ਨਾਲੋਂ ਪੁਰਸ਼ ਇਸ ਵਾਇਰਸ ਤੋਂ ਜ਼ਿਆਦਾ ਪ੍ਰਭਾਵਿਤ ਹਨ। ਉਨ੍ਹਾਂ ਨੂੰ ਇਨਫ਼ੈਕਸ਼ਨ ਦਾ ਖ਼ਤਰਾ ਜ਼ਿਆਦਾ ਜਾਪਦਾ ਹੈ। ਭਾਰਤ ਵਿਚ ਇਹੀ ਵਾਪਰ ਰਿਹਾ ਹੈ। ਸਿਰਫ਼ ਇਕ ਔਰਤ ਨੂੰ ਛੱਡ ਬਾਕੀ ਸਾਰੇ ਪੁਰਸ਼ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਕਿਸੇ ਠੋਸ ਨਤੀਜੇ ’ਤੇ ਪਹੁੰਚਣ ਲਈ ਹਾਲੇ ਹੋਰ ਡੇਟਾ ਦੀ ਲੋੜ ਪਵੇਗੀ।

  •  
  •  
  •  
  •  
  •