ਭਾਰਤ ‘ਚ ਕਰੋਨਾ-ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੋਈ 987, ਹੁਣ ਤੱਕ 25 ਮੌਤਾਂ

ਭਾਰਤ ’ਚ ਕੋਰੋਨਾ–ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਦੇਸ਼ ’ਚ ਇਸ ਮਾਰੂ ਵਾਇਰਸ ਦੀ ਲਾਗ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਹੁਣ ਵਧ ਕੇ 987 ਹੋ ਗਈ ਹੈ ਅਤੇ ਹੁਣ ਤੱਕ ਘਾਤਕ ਬੀਮਾਰੀ 25 ਜਾਨਾਂ ਵੀ ਲੈ ਚੁੱਕੀ ਹੈ। ਉੱਧਰ ਵਿਸ਼ਵ ਵਿੱਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 6.50 ਲੱਖ ਦੇ ਲਗਭਗ ਪੁੱਜ ਚੁੱਕੀ ਹੈ ਤੇ 30,890 ਜਾਨਾਂ ਪੂਰੀ ਦੁਨੀਆ ’ਚ ਇਸ ਵਾਇਰਸ ਕਾਰਨ ਜਾ ਚੁੱਕੀਆਂ ਹਨ।
ਭਾਰਤ ’ਚ ਲੌਕਡਾਊਨ ਦੇ ਬਾਵਜੂਦ ਕੋਰੋਨਾ ਮਰੀਜ਼ਾਂ ਦੇ ਵਧਣ ਦੀ ਰਫ਼ਤਾਰ ਘਟਣ ਦੀ ਥਾਂ ਵਧਦੀ ਜਾ ਰਹੀ ਹੈ। ਸ਼ੁੱਕਰਵਾਰ ਸਵੇਰੇ 9:30 ਵਜੇ ਤੋਂ ਲੈ ਕੇ ਸਨਿੱਚਰਵਾਰ ਸ਼ਾਮੀਂ 5:45 ਵਜੇ ਤੱਕ ਇਸ ਵਾਇਰਸ ਦੇ 194 ਮਾਮਲੇ ਸਾਹਮਣੇ ਆਏ। ਪਿਛਲੇ ਇੱਕ ਹਫ਼ਤੇ ਦੇ ਅੰਕੜੇ ਵੇਖੀਏ, ਤਾਂ ਸੱਤ ਦਿਨਾਂ ’ਚ ਇਸ ਮਾਰੂ ਵਾਇਰਸ ਦੀ ਲਾਗ ਤੋਂ ਗ੍ਰਸਤ ਵਿਅਕਤੀਆਂ ਦੀ ਗਿਣਤੀ ਵਿੱਚ ਸਵਾ–ਤਿੰਨ ਗੁਣਾ ਵਾਧਾ ਹੋ ਗਿਆ ਹੈ।

ਇਸ ਦੌਰਾਨ ਕੋਰੋਨਾ ਅੱਜ ਐਤਵਾਰ ਸਵੇਰੇ ਗੁਜਰਾਤ ਤੇ ਜੰਮੂ–ਕਸ਼ਮੀਰ ’ਚ ਇੱਕ–ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਗੁਜਰਾਤ ਦੇ ਅਹਿਮਦਾਬਾਦ ’ਚ ਅੱਜ ਐਤਵਾਰ ਸਵੇਰੇ 45 ਸਾਲਾ ਕੋਰੋਨਾ–ਪਾਜ਼ਿਟਿਵ ਮਰੀਜ਼ ਦੀ ਮੌਤ ਹੋ ਗਈ। ਉਹ ਡਾਇਬਟੀਜ਼ ਤੋਂ ਪੀੜਤ ਸੀ। ਹੁਣ ਤੱਕ ਗੁਜਰਾਤ ’ਚ ਪੰਜ ਵਿਅਕਤੀ ਕੋਰੋਨਾ ਵਾਇਰਸ ਦੀ ਭੇਟ ਚੜ੍ਹ ਚੁੱਕੇ ਹਨ।
ਉੱਧਰ ਕੋਵਿਡ–19 ਦੇ ਇੱਕ ਮਰੀਜ਼ ਦੀ ਸ੍ਰੀਨਗਰ (ਜੰਮੂ–ਕਸ਼ਮੀਰ) ਦੇ ਇੱਕ ਹਸਪਤਾਲ ’ਚ ਮੌਤ ਹੋ ਗਈ ਹੈ। ਇੰਝ ਜੰਮੂ–ਕਸ਼ਮੀਰ ’ਚ ਮ੍ਰਿਤਕਾਂ ਦੀ ਗਿਣਤੀ ਹੁਣ ਵਧ ਕੇ ਦੋ ਹੋ ਗਈ ਹੈ।
ਭਾਰਤ ’ਚ ਇਹ ਬੀਮਾਰੀ ਹੁਣ ਸਾਰੇ ਹੀ ਰਾਜਾਂ ’ਚ ਫੈਲ ਚੁੱਕੀ ਹੈ। ਇਸ ਵਾਇਰਸ ਦੀ ਵਧੇਰੇ ਲਪੇਟ ਵਿੱਚ ਆਉਣ ਵਾਲੇ ਕੁੱਲ 103 ਜ਼ਿਲ੍ਹੇ ਹਨ।

ਇਸ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਕੁਝ ਕਿਲੋਮੀਟਰ ਦੀ ਦੂਰੀ ਉੱਤੇ ਉੱਤਰ ਪ੍ਰਦੇਸ਼ ਦੇ ਸ਼ਹਿਰ ਨੌਇਡਾ ’ਚ ਪੰਜ ਨਵੇਂ ਮਾਮਲਿਆਂ ਦਾ ਪਤਾ ਚੱਲਿਆ ਹੈ।
ICMR ਦੇ ਸੀਨੀਅਰ ਅਧਿਕਾਰੀ ਰਮਨ ਗੰਗਾਖੇੜਕਰ ਨੇ ਕਿਹਾ ਕਿ ਫ਼ਿਲਹਾਲ ਕੋਰੋਨਾ ਦੀ ਕੁਝ ਵੈਕਸੀਨਜ਼ ਦਾ ਜਾਨਵਰਾਂ ਉੱਤੇ ਪਰੀਖਣ ਕੀਤਾ ਜਾ ਰਿਹਾ ਹੈ।
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਸਰਕਾਰ ਉਨ੍ਹਾਂ ਖੇਤਰਾਂ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ, ਜਿੱਥੇ ਇਸ ਬੀਮਾਰੀ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਵਾਇਰਸ ਦੀ ਛੂਤ ਤੋਂ ਗ੍ਰਸਤ ਵਿਅਕਤੀਆਂ ਦਾ ਪਤਾ ਲਾਉਣ ਲਈ ਸੂਬਿਆਂ ਨਾਲ ਸੰਪਰਕ ਲਗਾਤਾਰ ਰੱਖਿਆ ਜਾ ਰਿਹਾ ਹੈ।

  •  
  •  
  •  
  •  
  •