ਰੋਜ਼ਾਨਾ ਤਿੰਨ ਲੱਖ ਲੋੜਵੰਦਾਂ ਨੂੰ ਲੰਗਰ ਛਕਾ ਰਹੀਆਂ ਹਨ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ

ਅੰਮ੍ਰਿਤਸਰ – ਕਰੋਨਾਵਾਇਰਸ ਦੀ ਵਧ ਰਹੀ ਮਾਰ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਰੋਜ਼ਾਨਾ ਲਗਪਗ ਦੋ ਲੱਖ ਤੋਂ ਵੱਧ ਵਿਅਕਤੀਆਂ ਨੂੰ ਵੱਖ ਵੱਖ ਥਾਵਾਂ ‘ਤੇ ਨਿਰੰਤਰ ਲੰਗਰ ਵੀ ਮੁਹੱਈਆ ਕੀਤਾ ਜਾ ਰਿਹਾ ਹੈ। ਇਸੇ ਤਰਾਂ ਦਿੱਲੀ ਕਮੇਟੀ ਵੀ ਹਰ ਰੋਜ ਇਕ ਲੱਖ ਦੇ ਕਰੀਬ ਲੋੜਵੰਦ ਲੋਕਾਂ ਨੂੰ ਲੰਗਰ ਦਾ ਪ੍ਰਬੰਧ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸਿਰਫ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਹੀ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਲਗਪਗ 79 ਗੁਰਦੁਆਰਿਆਂ ਰਾਹੀਂ ਲਗਪਗ ਦੋ ਲੱਖ ਤੋਂ ਵੱਧ ਲੋਕਾਂ ਨੂੰ ਹਰ ਰੋਜ਼ ਲੰਗਰ ਮੁਹੱਈਆ ਕੀਤਾ ਜਾ ਰਿਹਾ ਹੈ।

ਸ੍ਰੀ ਦਰਬਾਰ ਸਾਹਿਰਬ ਦੇ ਗੁਰੂ ਰਾਮਦਾਸ ਲੰਗਰ ਘਰ ਅਤੇ ਗੁਰਦੁਆਰਾ ਸ਼ਹੀਦਾਂ ਤੋਂ ਰੋਜ਼ਾਨਾ ਲਗਪਗ 50 ਹਜ਼ਾਰ ਤੋਂ ਵੱਧ ਲੋੜਵੰਦ ਲੋਕਾਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਇਸ ਕੰਮ ਲਈ ਸ਼੍ਰੋਮਣੀ ਕਮੇਟੀ ਦੇ 100 ਤੋਂ ਵੱਧ ਮੁਲਾਜ਼ਮ ਡਿਊਟੀ ਦੇ ਰਹੇ ਹਨ। ਲੰਗਰ ਪਹੁੰਚਾਉਣ ਲਈ 6 ਗੱਡੀਆਂ ਵਰਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਤੋਂ ਰੋਜ਼ਾਨਾ ਲਗਪਗ 50 ਹਜ਼ਾਰ ਲੋੜਵੰਦ ਵਿਅਕਤੀਆਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਇਸ ਕੰਮ ਲਈ 30 ਤੋਂ 40 ਕਰਮਚਾਰੀ ਡਿਊਟੀ ਦੇ ਰਹੇ ਹਨ ਅਤੇ ਚਾਰ ਵਾਹਨ ਵਰਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੰਗਰੂਰ, ਪਟਿਆਲਾ, ਲੁਧਿਆਣਾ, ਰੂਪਨਗਰ, ਗੁਰਦਾਸਪੁਰ, ਬਰਨਾਲਾ, ਬਠਿੰਡਾ, ਤਰਨ ਤਾਰਨ, ਪਠਾਨਕੋਟ, ਫਰੀਦਕੋਟ, ਹੁਸ਼ਿਆਰਪੁਰ, ਜਲੰਧਰ, ਬਟਾਲਾ, ਕਪੂਰਥਲਾ, ਫਿਰੋਜ਼ਪੁਰ ਤੇ ਹੋਰ ਗੁਰਦੁਆਰਿਆਂ ਵਿਚ ਰੋਜ਼ਾਨਾ ਲੋੜਵੰਦਾਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਹਰਿਆਣਾ ਦੇ ਛੇ ਗੁਰਦੁਆਰਿਆਂ ਵਿਚ ਰੋਜ਼ਾਨਾ ਲਗਪਗ 12 ਹਜ਼ਾਰ ਲੋੜਵੰਦ ਵਿਅਕਤੀਆਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਹੈ।

  •  
  •  
  •  
  •  
  •