ਭਾਰਤ ‘ਚ ਕਰੋਨਾ ਵਾਇਰਸ ਦੇ 2004 ਮਰੀਜ਼, ਮੌਤਾਂ ਦੀ ਗਿਣਤੀ 59 ਹੋਈ

ਦੇਸ਼ ’ਚ ਕਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਇਹ ਬੇਹੱਦ ਚਿੰਤਾਜਨਕ ਗੱਲ ਹੈ। ਅੱਜ ਵੀਰਵਾਰ ਸਵੇਰ ਤੱਕ ਭਾਰਤ ’ਚ ਕਰੋਨਾ–ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 2004 ਹੋ ਗਈ ਸੀ ਤੇ ਮੌਤਾਂ ਦੀ ਗਿਣਤੀ ਵਧ ਕੇ 59 ਹੋ ਗਈ ਹੈ। ਸਮੁੱਚੇ ਵਿਸ਼ਵ ’ਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਇਸ ਵੇਲੇ 47,208 ਹੈ ਤੇ ਪੂਰੀ ਦੁਨੀਆ ’ਚ ਇਸ ਵਾਇਰਸ ਤੋਂ ਹੁਣ ਤੱਕ 9 ਲੱਖ 33 ਹਜ਼ਾਰ ਵਿਅਕਤੀ ਪ੍ਰਭਾਵਿਤ ਹੋ ਚੁੱਕੇ ਹਨ।

ਮਹਾਰਾਸ਼ਟਰ ’ਚ ਕੱਲ੍ਹ ਬੁੱਧਵਾਰ ਨੂੰ ਇਸ ਘਾਤਕ ਵਾਇਰਸ ਨੇ 9 ਜਾਨਾਂ ਲੈ ਲਈਆਂ। ਇਸ ਤੋਂ ਪਹਿਲਾਂ ਕਿਸੇ ਵੀ ਸੂਬੇ ’ਚ ਇਸ ਵਾਇਰਸ ਕਾਰਨ ਇੱਕੋ ਦਿਨ ’ਚ ਇੰਨੀਆਂ ਜਾਨਾਂ ਨਹੀਂ ਗਈਆਂ। ਕਰੋਨਾ ਵਾਇਰਸ ਪੰਜਾਬ ’ਚ ਹੁਣ ਤੱਕ 5, ਗੁਜਰਾਤ ’ਚ 6, ਕਰਨਾਟਕ ’ਚ 3, ਮੱਧ ਪ੍ਰਦੇਸ਼ ’ਚ 3, ਤੇਲੰਗਾਨਾ ’ਚ 3, ਦਿੱਲੀ ’ਚ 2, ਜੰਮੂ–ਕਸ਼ਮੀਰ ’ਚ 2 ਅਤੇ ਕੇਰਲ ’ਚ 2 ਅਤੇ ਤਾਮਿਲ ਨਾਡੂ, ਬਿਹਾਰ ਤੇ ਹਿਮਾਚਲ ਪ੍ਰਦੇਸ਼ ’ਚ ਇੱਕ–ਇੱਕ ਵਿਅਕਤੀ ਦੀਆਂ ਜਾਨਾਂ ਲੈ ਚੁੱਕਾ ਹੈ।
ਸਭ ਤੋਂ ਵੱਧ 302 ਮਾਮਲੇ ਮਹਾਰਾਸ਼ਟਰ ’ਚ ਹਨ। ਉਸ ਤੋਂ ਬਾਅਦ ਕੇਰਲ ਦਾ ਨੰਬਰ ਹੈ; ਜਿੱਥੇ 241 ਵਿਅਕਤੀਆਂ ਨੂੰ ਕੋਰੋਨਾ ਨੇ ਆਪਣੀ ਲਪੇਟ ’ਚ ਲੈ ਲਿਆ ਹੈ। ਦਿੱਲੀ ’ਚ ਹੁਣ ਤੱਕ 152 ਕਰੋਨਾ–ਪਾਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।
ਪੰਜਾਬ ’ਚ ਹੁਣ ਤੱਕ 46 ਕਰੋਨਾ–ਪਾਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਤਰ ਪ੍ਰਦੇਸ਼ ’ਚ 103 ਮਰੀਜ਼ ਹਨ ਤੇ ਕਰਨਾਟਕ ’ਚ 101 ਤੇ ਤੇਲੰਗਾਨਾ ’ਚ 96 ਵਿਅਕਤੀ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ।

  • 144
  •  
  •  
  •  
  •