ਐੱਸਜੀਪੀਸੀ ਵੱਲੋਂ ਹਰਿਆਣਾ ‘ਚ ਰੋਜ਼ਾਨਾ 50,000 ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਲੰਗਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੇ ਕਿਹਾ ਕਿ ਕਰੋਨਾਵਾਇਰਸ ਦੀ ਲੜੀ ਤੋੜਨ ਲਈ ਲਾਏ ਗਏ ਲੌਕਡਾਊਨ ਵਿੱਚ ਐਸਜੀਪੀਸੀ ਵਲੋਂ ਹਰਿਆਣਾ ਸੂਬੇ ਵਿੱਚ ਰੋਜ਼ਾਨਾ 50 ਹਜ਼ਾਰ ਜ਼ਰੂਰਤਮੰਦਾਂ ਨੂੰ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ, ਹਰਿਆਣਾ ਤੇ ਹਿਮਾਚਲ ਵਿੱਚ ਵੀ ਲੰਗਰ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਉਹ ਅੱਜ ਕੁਰੂਕਸ਼ੇਤਰ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ 6ਵੀਂ ਵਿੱਚ ਲੰਗਰ ਸੇਵਾ ਦਾ ਜਾਇਜ਼ਾ ਲੈਣ ਲਈ ਪੁੱਜੇ। ਇਸ ਮੌਕੇ ਲੰਗਰ ਵੰਡ ਹਰਿਆਣਾ ਜ਼ੋਨ ਦੇ ਅਹੁਦੇਦਾਰ ਵੀ ਮੌਜੂਦ ਸਨ।
ਜਥੇਦਾਰ ਅਸੰਧ ਨੇ ਦੱਸਿਆ ਕਿ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ ’ਤੇ ਹਰਿਆਣਾ ਵਿੱਚ ਲੰਗਰ ਸੇਵਾ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਹਰਿਆਣੇ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਡਾ ਸਾਹਿਬ ਪੰਚਕੂਲਾ, ਗੁਰਦੁਆਰੇ ਪਾਤਸ਼ਾਹੀ 8ਵੀਂ ਪੰਜੋਖਰਾ ਸਾਹਿਬ ਅੰਬਾਲਾ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ 9ਵੀਂ ਧਮਤਾਨ ਸਾਹਿਬ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ 9ਵੀਂ ਜੀਂਦ, ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਮੰਜੀ ਸਾਹਿਬ ਅੰਬਾਲਾ ਸ਼ਹਿਰ, ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਕੁਰੂਕਸ਼ੇਤਰ ਅਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਅਤੇ 10ਵੀਂ ਕਪਾਲਮੋਚਨ ਵਿਚ ਲੰਗਰ ਵੰਡ ਸੇਵਾ ਚਲ ਰਹੀ ਹੈ। ਉਨ੍ਹਾਂ ਗੁਰਦੁਆਰੇ ਦੇ ਮੁਲਾਜ਼ਮਾਂ ਨੂੰ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ। ਗੁਰਦੁਆਰਾ 6ਵੀਂ ਪਾਤਸ਼ਾਹੀ ਵਿੱਚ ਜ਼ਰੂਰਤਮੰਦਾਂ ਲਈ ਦੁਪਹਿਰ ਅਤੇ ਰਾਤ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਇਸ ਸੇਵਾ ਵਿਚ ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ ਨੇ ਵੀ ਹਿੱਸਾ ਪਾਇਆ।

  • 169
  •  
  •  
  •  
  •