ਮੋਮਬੱਤੀਆਂ ਦਾ ਕੋਈ ਫ਼ਾਇਦਾ ਨਹੀਂ, ਸਾਡੀ ਸੁਰੱਖਿਆ ਲਈ ਕੋਈ ਕਦਮ ਚੁੱਕੋ: ਭਾਰਤੀ ਡਾਕਟਰ

ਸ਼ਾਂਤੀ ਅਤੇ ਵਿਕਾਸ ਲਈ ਭਾਰਤੀ ਡਾਕਟਰਾਂ ਦੀ ਜੱਥੇਬੰਦੀ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈੱਲਪਮੈਂਟ (ਆਈ ਡੀ ਪੀ ਡੀ) ਨੇ ਪ੍ਰਧਾਨ ਮੰਤਰੀ ਦੇ ਰਾਸ਼ਟਰ ਦੇ ਨਾਂਅ ਭਾਸ਼ਣ ‘ਤੇ ਪੂਰੀ ਨਿਰਾਸ਼ਾ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਮੈਡੀਕਲ ਕਰਮਚਾਰੀਆਂ ਨੂੰ ਸਹੂਲਤਾਂ ਅਤੇ ਮੈਡੀਕਲ ਸਟਾਫ ਦੀ ਨਿੱਜੀ ਸੁਰੱਖਿਆ ਦੇਣ ਬਾਰੇ ਇਕ ਸ਼ਬਦ ਨਹੀਂ ਬੋਲਿਆ, ਜੋ ਲੋਕਾਂ ਦੀ ਜਾਨ ਬਚਾਉਣ ਵਿੱਚ ਲੱਗੇ ਕਰਮੀਆਂ ਲਈ ਜ਼ਰੂਰੀ ਹੈ। ਜਾਰੀ ਬਿਆਨ ਵਿੱਚ ਆਈ ਡੀ ਪੀ ਡੀ ਦੇ ਸੀਨੀਅਰ ਮੀਤ ਪ੍ਰਧਾਨ ਡਾ: ਅਰੁਣ ਮਿੱਤਰਾ ਅਤੇ ਜਨਰਲ ਸਕੱਤਰ ਡਾ: ਸ਼ਕੀਲ ਉਰ ਰਹਿਮਾਨ ਨੇ ਕਿਹਾ ਕਿ ਡਾਕਟਰ, ਪੈਰਾ-ਮੈਡੀਕਲ, ਸਟਾਫ ਨਰਸਾਂ ਅਤੇ ਸਫਾਈ ਸੇਵਕ ਬਿਮਾਰ ਲੋਕਾਂ ਨੂੰ ਬਚਾਉਣ ਲਈ ਕੋਰੋਨਾ ਵਾਇਰਸ ਦੇ ਸੰਕਰਮ ਦੇ ਫੈਲਣ ਨੂੰ ਰੋਕਣ ਲਈ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਬਹੁਤ ਕੰਮ ਕਰ ਰਹੇ ਹਨ, ਪਰ ਉਨ੍ਹਾਂ ਕੋਲ ਲੋੜੀਂਦੇ ਉਪਕਰਣਾਂ ਦੀ ਘਾਟ ਹੈ, ਜਿਸ ਦਾ ਲਾਗ ਦੇ ਅਚਾਨਕ ਵਾਧਾ ਹੋਣ ਦੀ ਸਥਿਤੀ ਵਿੱਚ ਬਹੁਤ ਗੰਭੀਰ ਪ੍ਰਭਾਵ ਪੈ ਸਕਦੇ ਹਨ। ਉਹਨਾ ਕਿਹਾ ਕਿ ਨਾ ਹੀ ਪ੍ਰਧਾਨ ਮੰਤਰੀ ਨੇ ਗਰੀਬ ਲੋਕਾਂ ਨੂੰ ਦਿੱਤੇ ਜਾ ਰਹੇ ਪੋਸਣ ਸੰਬੰਧੀ ਅਤੇ ਨਾ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਇਕ ਸ਼ਬਦ ਵੀ ਬੋਲਿਆ, ਜਿਸ ਦਾ ਉਹ ਲਾਕ-ਡਾਊਨ ਹੋਣ ਦੇ ਨਤੀਜੇ ਵਜੋਂ ਸਾਹਮਣਾ ਕਰ ਰਹੇ ਹਨ, ਇਸ ਦੀ ਬਜਾਏ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਉਹ ਪੰਜ ਅਪ੍ਰੈਲ ਰਾਤ ਨੂੰ ਰਾਤ ਨੌਂ ਵਜੇ ਲਾਈਟਾਂ ਬੰਦ ਕਰਕੇ ਮੋਮਬੱਤੀਆਂ ਤੇ ਦੀਵਿਆਂ ਨੂੰ ਜਗਾਉਣ। ਵਾਇਰਸ ਅਜਿਹੀਆਂ ਚਾਲਬਾਜ਼ੀਆਂ ਦੁਆਰਾ ਨਹੀਂ ਮਾਰਿਆ ਜਾਂਦਾ ਅਤੇ ਨਾ ਹੀ ਥਾਲੀਆਂ ਨੂੰ ਕੁੱਟ ਕੇ, ਘੰਟੀਆਂ ਵਜਾ ਕੇ ਜਾਂ ਸੰਖਾਂ ਨਾਲ ਮਾਰਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਕੋਈ ਵਿਗਿਆਨਕ ਜਾਂ ਡਾਕਟਰੀ ਅਧਾਰ ਨਹੀਂ। ਇਹ ਬਹੁਤ ਹੀ ਮੰਦਭਾਗਾ ਹੈ ਕਿ ਅਤਿ ਸੰਕਟ ਦੇ ਸਮੇਂ ਵਿੱਚ ਭਾਵਨਾਵਾਂ ਭੜਕਾ ਕੇ ਲੋਕਾਂ ਨੂੰ ਜਿੱਤਣ ਅਤੇ ਆਪਣੀਆਂ ਅਸਫਲਤਾਵਾਂ ਨੂੰ ਲੁਕਾਉਣ ਲਈ ਇਸ ਕਿਸਮ ਦੀਆਂ ਗੱਲਾਂ ਕੀਤੀਆਂ ਹਨ।

  • 10.7K
  •  
  •  
  •  
  •