ਵਿਸ਼ਵ ਭਰ ‘ਚ 59 ਹਜ਼ਾਰ ਮੌਤਾਂ, ਇਟਲੀ, ਸਪੇਨ, ਫਰਾਂਸ ਦਾ ਬੁਰਾ ਹਾਲ; ਜਾਣੋ ਬਾਕੀ ਦੇਸ਼ਾਂ ਦੀ ਸਥਿਤੀ

ਵਾਸ਼ਿੰਗਟਨ : ਜੋਨਸ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ, ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 10,97,909 ਹੋ ਗਈ ਹੈ ਅਤੇ ਘੱਟੋ-ਘੱਟ 59,131 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿਚ ਜਿੱਥੇ ਪੀੜਤਾਂ ਦੀ ਗਿਣਤੀ 2 ਲੱਖ ਤੋਂ ਪਾਰ ਹੈ, ਉੱਥੇ ਹੀ ਇਟਲੀ ਅਤੇ ਸਪੇਨ ਵਿਚ ਵੀ ਪੀੜਤਾਂ ਦੀ ਗਿਣਤੀ 1-1 ਲੱਖ ਤੋਂ ਵੱਧ ਹੋ ਚੁੱਕੀ ਹੈ। ਜਰਮਨੀ ਵਿਚ ਪੀੜਤਾਂ ਦੀ ਗਿਣਤੀ 91,159 ਹੈ, ਜਦੋਂ ਕਿ ਕੋਰੋਨਾ ਵਾਇਰਸ ਦਾ ਕੇਂਦਰ ਮੰਨੇ ਜਾਣ ਵਾਲੇ ਚੀਨ ਵਿਚ ਪੀੜਤਾਂ ਦੀ ਗਿਣਤੀ 82,511 ਹੈ।
ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਯੂ. ਐੱਸ. ਏ. ਵਿਚ ਹੁਣ ਤੱਕ 7,141 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਪੀੜਤਾਂ ਦੀ ਗਿਣਤੀ ਸਭ ਤੋਂ ਵੱਧ ਹੈ, ਜੋ 2,76,995 ‘ਤੇ ਪੁੱਜ ਗਈ ਹੈ। ਸਭ ਤੋਂ ਵੱਧ ਪ੍ਰਭਾਵਿਤ ਨਿਊਯਾਰਕ ਸੂਬਾ ਹੈ ਅਤੇ ਇਸ ਦੀ ਨਿਊਯਾਰਕ ਸਿਟੀ ਵਿਚ ਹੁਣ ਤੱਕ 1,867 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਗਈ ਹੈ। ਵਾਸ਼ਿੰਗਟਨ ਵਿਚ 186 ਮੌਤਾਂ ਹੋ ਚੁੱਕੀਆਂ ਹਨ। ਵ੍ਹਾਈਟ ਹਾਊਸ ਨੂੰ ਖਜਸ਼ਾ ਹੈ ਕਿ ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿਚ 1 ਲੱਖ ਤੋਂ 2.40 ਲੱਖ ਵਿਚਕਾਰ ਮੌਤਾਂ ਹੋ ਸਕਦੀਆਂ ਹਨ।

ਸਪੇਨ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 1,19,199 ਹੋ ਗਈ ਹੈ ਅਤੇ 11,198 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ,ਜਰਮਨੀ ਵਿਚ ਮ੍ਰਿਤਕਾਂ ਦੀ ਗਿਣਤੀ 1,275 ਲੋਕਾਂ ‘ਤੇ ਪਹੁੰਚ ਗਈ ਹੈ ਅਤੇ ਤਕਰੀਬਨ 91,159 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਜਰਮਨੀ ਵਿਚ 24,575 ਲੋਕਾਂ ਦੀ ਸਿਹਤ ‘ਚ ਸੁਧਾਰ ਹੋਣ ‘ਤੇ ਉਨ੍ਹਾਂ ਨੂੰ ਛੁੱਟੀ ਮਿਲ ਚੁੱਕੀ ਹੈ।
ਇਟਲੀ ਵਿਚ ਹੁਣ ਮੌਤਾਂ ਦੀ ਗਿਣਤੀ 14,681 ਹੋ ਗਈ ਹੈ। ਇੱਥੇ ਪੀੜਤਾਂ ਦੀ ਗਿਣਤੀ 1,19,827 ਦਰਜ ਕੀਤੀ ਗਈ ਹੈ। ਓਧਰ, ਫਰਾਂਸ ਵਿਚ 6,520 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਨੇ ਕੋਰੋਨਾ ਵਾਇਰਸ ਦੇ ਹੁਣ ਤੱਕ 65,202 ਮਾਮਲੇ ਦਰਜ ਕੀਤੇ ਹਨ, ਜਿਸ ਵਿਚੋਂ 14,135 ਲੋਕਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਇਟਲੀ ਦਾ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਲੋਂਬਾਰਡੀ ਹੈ।
ਕੋਰੋਨਾ ਵਾਇਰਸ ਦੀ ਸ਼ੁਰੂਆਤ ਜਿਸ ਚੀਨ ਤੋਂ ਹੋਈ, ਉੱਥੇ ਇਸ ਵਕਤ ਮੌਤਾਂ ਦੀ ਗਿਣਤੀ 3,326 ਦੱਸੀ ਜਾ ਰਹੀ ਹੈ, ਜਦੋਂ ਕਿ ਮਾਹਰਾਂ ਨੂੰ ਇਸ ‘ਤੇ ਖਦਸ਼ਾ ਹੈ। ਪਿਛਲੇ ਸਾਲ ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਸ਼ਹਿਰ ਤੋਂ ਵਾਇਰਸ ਫੈਲਣ ਦੀ ਸ਼ੁਰੂਆਤ ਹੋਈ ਸੀ। ਇੱਥੇ ਪੀੜਤਾਂ ਦੀ ਗਿਣਤੀ 82,511 ਹੋ ਚੁੱਕੀ ਹੈ। ਉੱਥੇ ਹੀ, ਪਾਕਿਸਤਾਨ ਵਿਚ 40 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 2,686 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਪਾਕਿਸਤਾਨੀ ਪੰਜਾਬ ਇਸ ਦਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ, ਦੂਜੇ ਨੰਬਰ ‘ਤੇ ਸਿੰਧ ਹੈ।

ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇੱਥੇ 5,330 ਲੋਕ ਕੋਰੋਨਾ ਦੀ ਲਪੇਟ ਵਿਚ ਹਨ। ਇੱਥੇ ਲੋਕਾਂ ਨੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਥਾਂ ਪਾਰਟੀਆਂ ਆਦਿ ਕੀਤੀਆਂ, ਜਿਸ ਕਾਰਨ ਇੱਥੇ ਵਾਇਰਸ ਦੇ ਮਾਮਲੇ ਵੱਧ ਗਏ। ਸਭ ਤੋਂ ਵੱਧ ਨਿਊ ਸਾਊਥ ਵੇਲਜ਼ ਸੂਬਾ ਪ੍ਰਭਾਵਿਤ ਹੋਇਆ ਹੈ, ਜਿੱਥੇ 12 ਮੌਤਾਂ ਹੋਈਆਂ ਹਨ। ਕੈਨੇਡਾ ਵਿਚ ਕੋਰੋਨਾ ਦੇ 12,439 ਮਾਮਲੇ ਸਾਹਮਣੇ ਆਏ ਹਨ ਅਤੇ ਇੱਥੇ ਹੁਣ ਤੱਕ 183 ਲੋਕਾਂ ਦੀ ਮੌਤ ਹੋ ਚੁੱਕੀ ਹੈ। 67 ਮੌਤਾਂ ਇਕੱਲੇ ਓਂਟਾਰੀਓ ਵਿਚ ਦਰਜ ਹੋਈਆਂ ਹਨ।

  •  
  •  
  •  
  •  
  •