ਦੇਸ਼ ‘ਚ ਮੈਡੀਕਲ ਸਹੂਲਤਾਂ ਦੀ ਘਾਟ ਕਾਰਨ ‘ਸਟੈਚੂ ਆਫ਼ ਯੂਨਿਟੀ’ ਨੂੰ ਵੇਚਣ ਲਈ ਦਿੱਤਾ ਇਸ਼ਤਿਹਾਰ

ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਕੇਵਡੀਆ ਵਿਖੇ ਸਥਿਤ ‘ਸਟੈਚੂ ਆਫ਼ ਯੂਨਿਟੀ’ ਦੀ ਵਿਕਰੀ ਲਈ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਆਨਲਾਈਨ ਇਸ਼ਤਿਹਾਰ ਜਾਰੀ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਕਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ ਮੈਡੀਕਲ ਬੁਨਿਆਦੀ ਢਾਂਚੇ ਅਤੇ ਹਸਪਤਾਲਾਂ ‘ਤੇ ਸਰਕਾਰੀ ਖ਼ਰਚਿਆਂ ਨੂੰ ਪੂਰਾ ਕਰਨ ਲਈ 30,000 ਕਰੋੜ ਰੁਪਏ ‘ਚ ਮੂਰਤੀ ਵੇਚਣ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ।

ਕੇਵਡੀਆ ਥਾਣੇ ਦੇ ਇੱਕ ਅਧਿਕਾਰੀ ਨੇ ਐਫਆਈਆਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਬੀਤੀ ਸਨਿੱਚਰਵਾਰ ਨੂੰ ਓਐਲਐਕਸ ਉੱਤੇ ਇੱਕ ਇਸ਼ਤਿਹਾਰ ਪਾਇਆ ਸੀ, ਜਿਸ ‘ਚ ਉਸ ਨੇ ਹਸਪਤਾਲਾਂ ਅਤੇ ਸਿਹਤ ਸੰਭਾਲ ਉਪਕਰਣਾਂ ਨੂੰ ਖਰੀਦਣ ਲਈ 30,000 ਕਰੋੜ ਰੁਪਏ ਵਿੱਚ ‘ਸਟੈਚੂ ਆਫ਼ ਯੂਨਿਟੀ’ ਵੇਚਣ ਦੀ ਲੋੜ ਜਤਾਈ ਸੀ।


ਇੰਸਪੈਕਟਰ ਪੀਟੀ ਚੌਧਰੀ ਨੇ ਦੱਸਿਆ ਕਿ ਇੱਕ ਅਖ਼ਬਾਰ ‘ਚ ਇਸ ਸਬੰਧੀ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਿਆ ਅਤੇ ਉਨ੍ਹਾਂ ਨੇ ਪੁਲਿਸ ਨਾਲ ਸੰਪਰਕ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਕਾਨੂੰਨਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ, ਬਾਅਦ ‘ਚ ਇਸ ਇਸ਼ਤਿਹਾਰ ਨੂੰ ਵੈਬਸਾਈਟ ਤੋਂ ਹਟਾ ਦਿੱਤਾ ਗਿਆ।

  •  
  •  
  •  
  •  
  •