ਪੰਜਾਬ ’ਚ 74 ਕਰੋਨਾ ਪਾਜ਼ੀਟਿਵ, ਹੁਣ ਤੱਕ 8 ਲੋਕਾਂ ਦੀ ਮੌਤ

ਕਰੋਨਾ ਵਾਇਰਸ ਨੇ ਪੰਜਾਬ ’ਚ ਚਾਰ ਹੋਰ ਵਿਅਕਤੀਆਂ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਇੰਝ ਸੂਬੇ ’ਚ ਕਰੋਨਾ–ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਵਧ ਕੇ 74 ਹੋ ਗਈ ਹੈ। ਇਹ ਵਾਇਰਸ ਹੁਣ ਤੱਕ ਸੂਬੇ ’ਚ 8 ਮਨੁੱਖੀ ਜਾਨਾਂ ਵੀ ਲੈ ਚੁੱਕਾ ਹੈ। ਅੱਜ ਸੋਮਵਾਰ ਸਵੇਰੇ ਫ਼ਤਿਗਹੜ੍ਹ ਸਾਹਿਬ ’ਚ ਦੋ ਅਤੇ ਮੋਹਾਲੀ ਜ਼ਿਲ੍ਹੇ ’ਚ ਇੱਕ ਹੋਰ ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਹੈ। ਫ਼ਤਿਹਗੜ੍ਹ ਸਾਹਿਬ ’ਚ ਦੋ ਔਰਤਾਂ ਤੇ ਮੋਹਾਲੀ ’ਚ ਇੱਕ ਮਰਦ ਪਾਜ਼ੀਟਿਵ ਪਾਏ ਗਏ ਹਨ।
ਅੰਮ੍ਰਿਤਸਰ ’ਚ ਐਤਵਾਰ ਨੂੰ ਦੋ ਹੋਰ ਵਿਅਕਤੀ ਕਰੋਨਾ–ਪਾਜ਼ੀਟਿਵ ਪਾਏ ਗਏ ਸਨ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਕ੍ਰਿਸ਼ਨਾ ਨਗਰ ਦਾ ਜਿਹੜਾ 67 ਸਾਲਾ ਵਿਅਕਤੀ ਪਾਜ਼ੀਟਿਵ ਪਾਇਆ ਗਿਆ ਸੀ, ਉਸ ਦੀ ਪਤਨੀ ਵੀ ਐਤਵਾਰ ਨੂੰ ਪਾਜ਼ੀਟਿਵ ਪਾਈ ਗਈ ਹੈ। ਹੁਣ ਇਹ ਜੋੜੀ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਜ਼ੇਰੇ ਇਲਾਜ ਹੈ।

ਇਨ੍ਹਾਂ ਤੋਂ ਇਲਾਵਾ ਚਾਟੀਵਿੰਡ ਗੇਟ ਦਾ ਇੱਕ ਵਿਅਕਤੀ ਵੀ ਕਰੋਨਾ–ਪਾਜ਼ੀਟਿਵ ਪਾਇਆ ਗਿਆ ਹੈ। ਉੱਧਰ ਲੁਧਿਆਣਾ ਦੇ ਰਾਜਗੜ੍ਹ ਪਿੰਡ ’ਚ 26 ਸਾਲਾਂ ਦਾ ਇੱਕ ਨੌਜਵਾਨ ਕਰੋਨਾ–ਪਾਜ਼ੀਟਿਵ ਪਾਇਆ ਗਿਆ ਹੈ। ਉਹ ਇਸ ਜ਼ਿਲ੍ਹੇ ਦਾ ਛੇਵਾਂ ਪਾਜ਼ੀਟਿਵ ਮਰੀਜ਼ ਹੈ।
ਇਸ ਦੌਰਾਨ ਬਰਨਾਲਾ ਦੀ 44 ਸਾਲਾ ਔਰਤ ਵੀ ਕਰੋਨਾ–ਪਾਜ਼ੀਟਿਵ ਪਾਈ ਗਈ ਹੈ। ਅੱਜ ਸਵੇਰੇ ਅੰਮ੍ਰਿਤਸਰ ‘ਚ ਇੱਕ ਕਰੋਨਾ–ਪਾਜ਼ੀਟਿਵ ਮਰੀਜ਼ ਦੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 65 ਸਾਲ ਸੀ ਤੇ ਉਹ ਐਗਜ਼ੀਕਿਊਟਿਵ ਇੰਜੀਨੀਅਰ ਦੇ ਅਹੁਦੇ ਤੋਂ ਸੇਵਾ–ਮੁਕਤ ਹੋਇਆ ਸੀ।
ਇਸ ਤੋਂ ਪਹਿਲਾਂ ਕੱਲ੍ਹ ਕਰੋਨਾ–ਪਾਜ਼ੀਟਿਵ ਦੋ ਮਰੀਜ਼ਾਂ ਦੀ ਮੌਤ ਹੋ ਗਈ। ਇਹ ਦੋਵੇਂ ਬਜ਼ੁਰਗ ਸਨ। ਇੰਝ ਸੂਬੇ ’ਚ ਇਹ ਵਾਇਰਸ ਹੁਣ ਤੱਕ 7 ਜਾਨਾਂ ਲੈ ਚੁੱਕਾ ਹੈ। ਪਠਾਨਕੋਟ ਦੀ 75 ਸਾਲਾ ਔਰਤ ਦੀ ਮੌਤ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਹੋਈ।

  •  
  •  
  •  
  •  
  •