ਕੋਰੋਨਾਵਾਇਰਸ ‘ਤੇ ਫ਼ਤਹਿ ਪਾਉਣ ਵਾਲੇ ਬਲਦੇਵ ਸਿੰਘ ਦੇ ਪੁੱਤਰ ਨੇ ਠੀਕ ਹੋਣ ਲਈ ਦੱਸੇ ਨੁਕਤੇ

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਕੋਰੋਨਾ ਵਾਇਰਸ ਤੋਂ ਮੁਕਤ ਹੋਏ ਪਠਲਾਵਾ ਦੇ ਨੌਜੁਆਨ ਫ਼ਤਹਿ ਸਿੰਘ (35) ਨੇ ਅੱਜ ਪਹਿਲੀ ਵਾਰ ਪੰਜਾਬ ਦੇ ਲੋਕਾਂ ਦੇ ਰੂ-ਬ-ਰੂ ਹੁੰਦਿਆਂ ਅਪੀਲ ਕੀਤੀ ਹੈ ਕਿ ਕੋਵਿਡ-19 ਦਾ ਮੁਕਾਬਲਾ ਘਰਾਂ ਵਿੱਚ ਰਹਿ ਕੇ, ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਕਰਕੇ ਅਤੇ ਆਪਣੀ ਅੰਦਰੂਨੀ ਦ੍ਰਿੜ ਇੱਛਾ ਸ਼ਕਤੀ ਨਾਲ ਕੀਤਾ ਜਾਵੇ।
ਉਸਨੇ ਕਿਹਾ ਕਿ ਉਹ ਜਦੋਂ ਤੋਂ ਸਿਵਲ ਹਸਪਤਾਲ ਨਵਾਂਸ਼ਹਿਰ ਆਪਣੇ ਪਰਿਵਾਰ ਸਮੇਤ ਇਲਾਜ ਲਈ ਆਏ ਹਨ, ਉਦੋਂ ਤੋਂ ਹੀ ਮੈਡੀਕਲ ਟੀਮ ਵਲੋਂ ਕੀਤੀ ਸਾਂਭ-ਸੰਭਾਲ ਅਤੇ ਦਿੱਤੀ ਲੋੜੀਂਦੀ ਦਵਾਈ ਅਤੇ ਪੌਸ਼ਟਿਕ ਅਹਾਰ ਲੈ ਰਹੇ ਹਨ ਅਤੇ ਡਾਕਟਰਾਂ ਦੀ ਸਾਂਭ-ਸੰਭਾਲ ਦਾ ਹੀ ਨਤੀਜਾ ਹੈ ਕਿ ਉਸਨੂੰ ਦੂਸਰੀ ਵਾਰ ਕੀਤੇ ਟੈਸਟ ਵਿੱਚ ਨੈਗਟਿਵ ਆਉਣ ਤੋਂ ਬਾਅਦ ਬਿਮਾਰੀ ਤੋਂ ਮੁਕਤ ਐਲਾਨਿਆ ਗਿਆ ਹੈ।
ਉਸ ਨੇ ਇਸ ਗੱਲ ‘ਤੇ ਵੀ ਖੁਸ਼ੀ ਪ੍ਰਗਟਾਈ ਕਿ ਉਸ ਦਾ ਬਾਕੀ ਪਰਿਵਾਰ ਵੀ ਸਿਹਤਯਾਬ ਹੋ ਰਿਹਾ ਹੈ ਅਤੇ ਉਹ ਇਕੱਠੇ ਘਰ ਜਾਣਗੇ। ਫ਼ਤਹਿ ਸਿੰਘ ਨੇ ਦੱਸਿਆ ਕਿ ਜਿਸ ਦਿਨ ਉਹ ਸਿਵਲ ਹਸਪਤਾਲ ਨਵਾਂਸ਼ਹਿਰ ‘ਚ ਆਏ ਸਨ, ਉਸ ਦਿਨ ਤੋਂ ਹੀ ਉਨ੍ਹਾਂ ਨੂੰ ਪ੍ਰਮਾਤਮਾ ‘ਤੇ ਆਪਣੇ ਸਾਰੇ ਜੀਆਂ ਦੇ ਤੰਦਰੁਸਤ ਹੋਣ ਦਾ ਵਿਸ਼ਵਾਸ ਸੀ ਤੇ ਅੱਜ ਉਸ ਵਿਸ਼ਵਾਸ ਨੂੰ ਵੀ ਬਲ ਮਿਲਿਆ ਹੈ।
ਠੀਕ ਹੋਣ ਬਾਅਦ ਸਿਵਲ ਹਸਪਤਾਲ ਦੇ ਕੁਆਰੰਟੀਨ ਵਾਰਡ ‘ਚ ਗੱਲਬਾਤ ਕਰਦਿਆਂ ਫਤਹਿ ਸਿੰਘ ਨੇ ਪੰਜਾਬ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਬਜਾਏ ਸਿਹਤ ਵਿਭਾਗ ਵੱਲੋਂ ਦੱਸੀਆ ਸਾਵਧਾਨੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ, ਕਰਫ਼ਿਊ ਦੌਰਾਨ ਘਰਾਂ ‘ਚ ਟਿਕ ਕੇ ਰਹਿਣ, ਆਪਣੇ ਹੱਥਾਂ ਨੂੰ ਸਾਬਣ ਨਾਲ ਜਾਂ ਸੈਨੀਟਾਇਜ਼ਰ ਨਾਲ ਵਾਰ ਵਾਰ ਧੋਣ, ਬਹੁਤ ਹੀ ਮਜ਼ਬੂਰੀ ਦੀ ਹਾਲਤ ‘ਚ ਬਾਹਰ ਨਿਕਲਣ ‘ਤੇ ਮੂੰਹ ‘ਤੇ ਮਾਸਕ ਲਾਉਣ ਅਤੇ ਦੂਸਰੇ ਵਿਅਕਤੀ ਤੋਂ ਘੱਟੋ ਘੱਟ ਡੇਢ ਮੀਟਰ ਦੀ ਦੂਰੀ ਰੱਖਣ ‘ਤੇ ਭੀੜ ਵਿੱਚ ਬਿਲਕੁਲ ਵੀ ਨਾ ਜਾਣ।

  • 5.1K
  •  
  •  
  •  
  •