UK ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਹਾਲਤ ਵਿਗੜੀ, ICU ‘ਚ ਭੇਜਿਆ

ਕਰੋਨਾ ਵਾਇਰਸ ਦੀ ਲਾਗ ਦੀ ਲਪੇਟ ’ਚ ਆ ਚੁੱਕੇ ਇੰਗਲੈਂਡ (UK) ਦੇ ਪ੍ਰਧਾਨ ਮੰਤਰੀ (PM) ਬੋਰਿਸ ਜੌਨਸਨ ਦੀ ਹਾਲਤ ਵਿਗੜ ਗਈ ਹੈ। ਉਨ੍ਹਾਂ ਨੂੰ ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਸੇਂਟ ਥਾਮਸ ਹਸਪਤਾਲ ਦੇ ਆਈਸੀਯੂ (ICU – ਇੰਟੈਂਸਿਵ ਕੇਅਰ ਯੂਨਿਟ) ’ਚ ਸ਼ਿਫ਼ਟ ਕੀਤਾ ਗਿਆ ਹੈ।
ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਇਸ ਤੋਂ ਬਾਅਦ ਇੰਗਲੈਂਡ ਦੇ ਵਿਦੇਸ਼ ਮੰਤਰੀ ਡੌਮਿਨਿਕ ਰੌਬ ਨੇ ਫ਼ਿਲਹਾਲ ਪ੍ਰਧਾਨ ਮੰਤਰੀ ਦੇ ਸਾਰੇ ਕੰਮਕਾਜ ਵੇਖਣੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਇੰਗਲੈਂਡ ਦੀ ਸਰਕਾਰ ਕੱਲ੍ਹ ਸੋਮਵਾਰ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਕੋਵਿਡ–19 ਨਾਲ ਸਬੰਧਤ ਨਿਯਮਤ ਜਾਂਚ ਲਈ ਰਾਤ ਭਰ ਹਸਪਤਾਲ ’ਚ ਰਹਿਣ ਤੋਂ ਬਾਅਦ ਹੁਣ ਠੀਕ ਮਹਿਸੂਸ ਕਰ ਰਹੇ ਹਨ।
ਕੈਬਿਨੇਟ ਮੰਤਰੀ ਨੇ ਸੋਮਵਾਰ ਦੀ ਸਵੇਰ ਨੂੰ ਬੀਬੀਸੀ ਨੂੰ ਦੱਸਿਆ – ‘ਉਨ੍ਹਾਂ ਨੂੰ ਐਮਰਜੈਂਸੀ ਹਾਲਤ ਵਿੱਚ ਭਰਤੀ ਨਹੀਂ ਕਰਵਾਇਆ ਗਿਆ। ਇਹ ਪਹਿਲਾਂ ਤੋਂ ਤੈਅ ਸੀ, ਤਾਂ ਜੋ ਉਨ੍ਹਾਂ ਦੀ ਕੁਝ ਨਿਯਮਤ ਜਾਂਚ ਹੋ ਸਕੇ। ਮੈਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਹਾਲਤ ਬਿਹਤਰ ਸੀ ਤੇ ਸਾਨੂੰ ਆਸ ਹੈ ਕਿ ਉਹ ਛੇਤੀ ਹੀ 10 ਡਾਊਨਿੰਗ ਸਟ੍ਰੀਟ ’ਚ ਵਾਪਸੀ ਕਰਨਗੇ।’
ਪ੍ਰਧਾਨ ਮੰਤਰੀ ਦੀ ਸਿਹਤ ਬਾਰੇ ਇਹ ਅਪਡੇਟ ਐਤਵਾਰ 5 ਅਪ੍ਰੈਲ ਸ਼ਾਮੀਂ ਉਨ੍ਹਾਂ ਦੇ ਨੈਸ਼ਨਲ ਹੈਲਥ ਸਰਵਿਸ (NHS) ’ਚ ਭਰਤੀ ਹੋਣ ਤੋਂ ਬਾਅਦ ਆਇਆ ਸੀ। ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਪਾਏ ਜਾਣ ਦੇ 10 ਦਿਨਾਂ ਬਾਅਦ ਵੀ ਉਨ੍ਹਾਂ ’ਚ ਕਰੋਨਾ ਵਾਇਰਸ ਦੇ ਲੱਛਣ ਪਾਏ ਜਾ ਰਹੇ ਸਨ। ਇਸੇ ਲਈ ਉਨ੍ਹਾਂ ਨੂੰ ਹਸਪਤਾਲ ਜਾਣਾ ਪਿਆ ਹੈ।

  • 134
  •  
  •  
  •  
  •