ਪੰਜਾਬੀਆਂ ਦੀ ਵਿਲੱਖਣ ਹੋਂਦ ਨੂੰ ਬਚਾਉਣ ਵਾਸਤੇ ਭਾਈਚਾਰਕ ਸਾਂਝ ਦੀ ਲੋੜ: ਕੇਂਦਰੀ ਸ੍ਰੀ ਗੁਰੂ ਸਿੰਘ ਸਭਾ

ਪ੍ਰੈਸ ਬਿਆਨ:

ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਅੰਤਿਮ ਸੰਸਕਾਰ ਵਿਚ ਪਾਈ ਗਈ ਰੁਕਾਵਟ ਨੂੰ ਜੱਟ ਦਲਿਤ ਜਾਤਪਾਤੀ ਮਸਲਾ ਖੜ੍ਹਾ ਕਰਕੇ ਭਾਈਚਾਰੇ ਅੰਦਰ ਸਮਾਜਿਕ ਦਰਾੜ ਨੂੰ ਹੋਰ ਡੂੰਘਾ ਕਰਨ ਦਾ ਸਬੱਬ ਬਣਾਉਣਾ ਬਹੁਤ ਹੀ ਦੁਖਦਾਈ ਹੈ। ਸਿਧਾਂਤਕ ਤੌਰ ਉਤੇ ਸਿੱਖ ਭਾਈਚਾਰੇ ਲਈ ਕਿਸੇ ਵੀ ਕਿਸਮ ਦਾ ਜਾਤੀ ਵਿਤਕਰਾ ਕਰਨਾ ਵਰਜਿਤ ਹੈ ਪ੍ਰੰਤੂ ਅਸੀਂ ਇਸ ਕੌੜੀ ਸਚਾਈ ਤੋਂ ਭਲੀ ਭਾਂਤ ਜਾਣੂ ਹਾਂ ਕਿ ਸਾਡਾ ਸਮਾਜ ਗੁਰੂ ਸਾਹਿਬ ਦੇ ਇਸ ਸਿਧਾਂਤ ਨੂੰ ਅਮਲ ਵਿਚ ਲਿਆਉਣ ਵਿਚ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਿਆ ਤੇ ਸਿਖ ਸਮਾਜ ਜਾਤ ਪਾਤ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਸਕਿਆ।

ਜ਼ਾਹਿਰ ਹੈ ਕਿ ਸਿਖ ਸਮਾਜ ਨੂੰ ਸਿਖ ਸਿਧਾਂਤ ਨੂੰ ਅਮਲ ਵਿਚ ਲਿਆਉਣ ਲਈ ਨਿਰੰਤਰ ਯਤਨ ਕਰਨੇ ਚਾਹੀਦੇ ਹਨ। ਪ੍ਰੰਤੂ ਅੱਜ ਸਾਡੀ ਪਹਿਲ ਜੱਟ ਅਤੇ ਦਲਿਤ ਭਾਈਚਾਰੇ ਵਿਚਕਾਰ ਸਾਂਝ ਵਧਾਉਣ ਉਤੇ ਕੇਂਦਰਿਤ ਹੋਣੀ ਚਾਹੀਦੀ ਹੈ। ਸਾਨੂੰ ਮੌਜੂਦਾ ਚੁਣੌਤੀ ਦਾ ਕੋਈ ਸੁਖਾਲਾ ਹੱਲ ਲੱਭਣ ਨਿਤੰਰ ਯਤਨਾ ਕਰਨੇ ਚਾਹੀਦੇ ਹਨ। ਭਾਈ ਨਿਰਮਲ ਸਿੰਘ ਜੀ ਖਾਲਸਾ ਦੀ ਯਾਦ ਵਿਚ ਕੋਈ ਢੁਕਵੀਂ ਯਾਦਗਾਰ ਉਸਾਰੀ ਜਾ ਸਕਦੀ ਹੈ। ਉਹ ਉਥੇ ਗੁਰਦੁਆਰੇ ਦੇ ਵਿਚ ਵੀ ਹੋ ਸਕਦੀ ਹੈ।

ਹਰ ਪੰਜਾਬੀ ਅਤੇ ਸਿੱਖ ਚਿੰਤਕ ਮਹਿਸੂਸ ਕਰਦੇ ਹਨ ਕਿ ਪੰਜਾਬ ਵਿਚ ਪੰਜਾਬੀ ਵਸੋਂ ਦਾ ਘੱਟ ਗਿਣਤੀ ਅਤੇ ਗੈਰ ਪੰਜਾਬੀ ਦੀ ਵਸੋਂ ਵਧਦੀ ਜਾ ਰਹੀ ਹੈ। ਇਸ ਦਾ ਜਾਹਿਰਾ ਸਬੂਤ ਅਸਾਮ ਹੈ ਜਿਥੇ ਅਸਾਮੀਆਂ ਦੀ ਗਿਣਤੀ ਘਟਨ ਨਾਲ ਅਸਾਮੀ ਬੋਲੀ ਅਤੇ ਸਭਿਆਚਾਰ ਦਾ ਸੰਕਟ ਬਣ ਗਿਆ ਹੈ। ਅਜਿਹਾ ਹੋਣ ਨਾਲ ਪੰਜਾਬ ਅਤੇ ਪੰਜਾਬੀਆਂ ਦੀ ਵਿਲਖਣ ਅਤੇ ਸੁਤੰਤਰ ਹੋਂਦ ਲਈ ਵੱਡਾ ਖਤਰਾ ਪੈਦਾ ਹੋ ਜਾਏਗਾ। ਸਪੱਸ਼ਟ ਹੈ ਕਿ ਸਿੱਖ ਭਾਈਚਾਰੇ ਨੂੰ ਅਪਣੀ ਵਿਰਾਸਤ ਨਾਲ ਜੋੜ ਕੇ ਰੱਖਣ ਲਈ ਮੁੱਖ ਜੱਟ ਭਾਈਚਾਰੇ ਦੀ ਵੱਡੀ ਜੂਮੇਵਾਰੀ ਬਣਦੀ ਹੈ ਕਿ ਉਹ ਕੋਈ ਅਜਿਹੀ ਕਾਰਵਾਈ ਨਾ ਕਰੇ ਜਿਸ ਨਾਲ ਦਲਿਤ ਭਾਈਚਾਰੇ ਵਿਚ ਵਿਤਕਰੇ ਦਾ ਅਹਿਸਾਸ ਪੈਦਾ ਹੋਵੇ ।

ਵਿਦੇਸ਼ਾਂ ਵਿਚ ਵਸਦੇ ਸਿਖਾਂ ਅਤੇ ਪੰਜਾਬੀਆਂ ਨੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਹਾਲੇ ਉਨ੍ਹਾਂ ਦੀਆਂ ਜੜ੍ਹਾਂ ਉਥੇ ਨਹੀਂ ਲਗੀਆਂ। ਪੰਜਾਬੀ ਸਭਿਆਚਾਰ, ਸਦਾਚਾਰ ਅਤੇ ਨੈਤਿਕਤਾ ਦੀਆਂ ਜੜ੍ਹਾਂ ਹਾਲੇ ਵੀ ਪੰਜਾਬ ਵਿਚ ਹੀ ਹਨ। ਜੋ ਪੰਜਾਬੀ ਭਾਈਚਾਰੇ ਦਾ ਪਾਸਾਰ ਉਥੇ ਵੇਖ ਰਹੇ ਹਨ, ਉਹ ਟਾਹਣੀਆਂ ਅਤੇ ਪੱਤੇ ਹਨ। ਇਸ ਲਈ ਜੇ ਸਾਡੀ ਜੜ੍ਹ ਹੀ ਕਮਜ਼ੋਰ ਹੋ ਗਈ ਤਾਂ ਟਾਹਣੀਆਂ ਅਤੇ ਪੱਤੇ ਕਿਵੇਂ ਜੀਉਂਦੇ ਰਹਿ ਸਕਦੇ ਹਨ? ਇਸ ਲਈ ਪੰਜਾਬ ਵਿਚ ਆਪਣੀ ਵਿਲਖਣ ਅਤੇ ਸੁਤੰਤਰ ਸਭਿਆਚਾਰਕ ਹੋਂਦ ਨੂੰ ਬਚਾਉਣਾ ਉਨ੍ਹਾਂ ਦੀ ਵੀ ਵੱਡੀ ਪਹਿਲ ਹੋਣੀ ਚਾਹੀਦੀ ਹੈ। ਪੰਜਾਬ ਤੇ ਪੰਜਾਬੀਆਂ ਦੀ ਵਿਲੱਖਣ ਅਤੇ ਸੁਤੰਤਰ ਸਭਿਆਚਾਰਕ ਹੋਂਦ ਨੂੰ ਬਚਾਉਣ ਵਾਸਤੇ ਸਾਨੂੰ ਭਾਈਚਾਰਕ ਸਾਂਝ ਬਣਾਏ ਰਖਣ ਦੀ ਬਹੁਤ ਲੋੜ ਹੈ।
ਜਾਰੀ ਕਰਤਾ: ਡਾ ਖੁਸ਼ਹਾਲ ਸਿੰਘ ਸਕੱਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ

  •  
  •  
  •  
  •  
  •