ਮੁਸਲਿਮ ਭਾਈਚਾਰੇ ਨੇ ਹਿੰਦੂ ਔਰਤ ਦੀਆਂ ਅੰਤਿਮ ਰਸਮਾਂ ਨਿਭਾਈਆਂ

ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਮੁਸਲਿਮ ਭਾਈਚਾਰੇ ਨੇ ਆਪਣੇ ਗੁਆਂਢ ਵਿੱਚ ਰਹਿੰਦੇ ਇਕ ਹਿੰਦੂ ਔਰਤ ਦੀ ਮੌਤ ਮਗਰੋਂ ਉਹਦੀਆਂ ਅੰਤਿਮ ਰਸਮਾਂ ਪੂਰੀ ਕੀਤੀਆਂ। ਦੇਸ਼ਵਿਆਪੀ ਲੌਕਡਾਊਨ ਕਰਕੇ ਪੀੜਤ ਦੇ ਰਿਸ਼ਤੇਦਾਰ ਇੰਦੌਰ ਨਹੀਂ ਪਹੁੰਚ ਸਕੇ। ਸੀਨੀਅਰ ਕਾਂਗਰਸ ਆਗੂ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੇ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਵੱਲੋਂ ਵਿਖਾਈ ਫ਼ਰਾਖ਼ਦਿਲੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਸਮਾਜ ਲਈ ਇਕ ਮਿਸਾਲ ਕਾਇਮ ਕੀਤੀ ਹੈ।

ਅਧਰੰਗ ਪੀੜਤ ਦਰੋਪਈ ਬਾਈ (65) ਇੰਦੌਰ ਦੇ ਦੱਖਣੀ ਟੋਡਾ ਖੇਤਰ ਵਿੱਚ ਆਪਣੇ ਵੱਡੇ ਪੁੱਤਰ ਨਾਲ ਰਹਿੰਦੀ ਸੀ ਤੇ ਲੰਘੇ ਦਿਨ ਉਹਦੀ ਮੌਤ ਹੋ ਗਈ। ਲੌਕਡਾਊਨ ਕਰਕੇ ਪੀੜਤ ਦੇ ਦੂਰ-ਦੁਰਾਡੇ ਰਹਿੰਦੇ ਰਿਸ਼ਤੇਦਾਰ ਉਹਦੀ ਅੰਤਿਮ ਰਸਮਾਂ ਮੌਕੇ ਨਹੀਂ ਪਹੁੰਚ ਸਕੇ। ਮ੍ਰਿਤਕ ਦੇਹ ਨੂੰ ਸ਼ਮਸ਼ਾਨ ਤਕ ਲਿਜਾਣ ਲਈ ਕੋਈ ਵਾਹਨ ਵੀ ਨਹੀਂ ਮਿਲਿਆ। ਗੁਆਂਢ ਵਿੱਚ ਰਹਿੰਦੇ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੂੰ ਜਦੋਂ ਪਰਿਵਾਰ ’ਤੇ ਆਈ ਬਿਪਤਾ ਦਾ ਪਤਾ ਲੱਗਾ ਤਾਂ ਉਹ ਫੌਰੀ ਮਦਦ ਲਈ ਪਹੁੰਚ ਗਏ। ਕਾਂਗਰਸ ਦੇ ਬੁਲਾਰੇ ਨਰਿੰਦਰ ਸਲੂਜਾ ਨੇ ਕਿਹਾ ਕਿ ਇਨ੍ਹਾਂ ਕਰੋਨਾਵਾਇਰਸ ਦੇ ਡਰੋਂ ਇਹਤਿਆਤ ਵਜੋਂ ਮਾਸਕ ਜ਼ਰੂਰ ਪਾਏ ਹੋਏ ਸਨ, ਪਰ ਉਨ੍ਹਾਂ ਅੰਤਿਮ ਰਸਮਾਂ ਦਾ ਸਾਰਾ ਪ੍ਰਬੰਧ ਕਰਨ ਮਗਰੋਂ ਮ੍ਰਿਤਕ ਦੇਹ ਨੂੰ ਆਪਣੇ ਮੋਢਿਆਂ ’ਤੇ ਰੱਖ ਕੇ ਢਾਈ ਕਿਲੋਮੀਟਰ ਦੂਰ ਸ਼ਮਸ਼ਾਨ ਤਕ ਪਹੁੰਚਾਇਆ। ਸੋਸ਼ਲ ਮੀਡੀਆ ’ਤੇ ਇਸ ਪੂਰੀ ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਹਰ ਕੋਈ ਮੁਸਲਿਮ ਭਾਈਚਾਰੇ ਦੀ ਫਰਾਖ਼ਦਿਲੀ ਦੀ ਤਾਰੀਫ਼ ਕਰ ਰਿਹੈ।

  • 330
  •  
  •  
  •  
  •