ਆਸਟਰੇਲਿਆਈ ਯੂਨੀਵਰਸਿਟੀਆਂ ਨੇ ਅੰਤਰਾਸ਼ਟਰੀ ਵਿਦਆਰਥੀਆਂ ਲਈ ਕੀਤਾ ਗ੍ਰਾਂਟਾਂ ਦਾ ਐਲਾਨ

ਆਸਟਰੇਲੀਆ ਦੀਆਂ ਕਈ ਯੂਨੀਵਰਸਿਟੀਆਂ ਨੇ ਕਰੋਨਾਵਾਇਰਸ ਕਾਰਨ ਸੰਕਟ ਵਿੱਚ ਘਿਰੇ ਵਿਦਿਆਰਥੀਆਂ ਲਈ ਪੈਕੇਜਾਂ ਅਤੇ ਗ੍ਰਾਂਟਾਂ ਦਾ ਐਲਾਨ ਕੀਤਾ ਹੈ। ਆਸਟਰੇਲੀਆ ਵਿੱਚ ਪੜ੍ਹਦੇ ਹਜ਼ਾਰਾਂ ਕੌਮਾਂਤਰੀ ਵਿਦਿਆਰਥੀ, ਜਿਨ੍ਹਾਂ ਵਿੱਚ ਭਾਰਤੀ ਵੀ ਸ਼ਾਮਲ ਹਨ, ਜ਼ਿਆਦਾਤਰ ਪਾਰਟ-ਟਾਈਮ ਨੌਕਰੀਆਂ ਕਰਕੇ ਆਪਣੇ ਖਰਚੇ ਕੱਢਦੇ ਹਨ ਅਤੇ ਯੂਨੀਵਰਸਿਟੀ ਦੀਆਂ ਫੀਸਾਂ ਦਿੰਦੇ ਹਨ।

ਆਸਟਰੇਲੀਆ ਸਰਕਾਰ ਵਲੋਂ ਕੀਤੇ ਐਲਾਨ ਕਿ ਇਹ ਵਿਦਿਆਰਥੀ ਕਿਸੇ ਸਮਾਜਿਕ ਸੁਰੱਖਿਆ ਫੰਡਾਂ ਦੇ ਹੱਕਦਾਰ ਨਹੀਂ ਹਨ, ਤੋਂ ਬਾਅਦ ਚਿੰਤਤ ਹੋਏ ਇਨ੍ਹਾਂ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਹਵਾਈ ਉਡਾਣਾਂ ਰੱਦ ਹੋਣ ਕਾਰਨ ਹੋਰ ਵਧ ਗਈਆਂ। ਇਹ ਵਿਦਿਆਰਥੀ ਸੰਕਟ ਦੀ ਇਸ ਘੜੀ ਵਿੱਚ ਵਾਪਸ ਆਪਣੇ ਮੁਲਕਾਂ ਵਿੱਚ ਪਰਤਣ ਦੀ ਬਜਾਏ ਦੇਸ਼ ਵਿਚ ਹੀ ਰਹਿਣ ਲਈ ਮਜਬੂਰ ਹਨ। ਇਹ ਰਿਹਾਇਸ਼, ਖਾਣ-ਪੀਣ ਅਤੇ ਪੜ੍ਹਾਈ ਦੇ ਖਰਚੇ ਚੁੱਕਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਇਨ੍ਹਾਂ ਦੇ ਰੁਜ਼ਗਾਰ ਖੁੱਸ ਗਏ ਹਨ।

ਅਜਿਹੇ ਵਿੱਚ ਯੂਨੀਵਰਸਿਟੀਆਂ ਨੇ ਆਪਣੇ ਵਿਦਿਆਰਥੀਆਂ ਦੀ ਬਾਂਹ ਫੜੀ ਹੈ। ਮੈਲਬੌਰਨ ਦੀ ਡੀਕਿਨ ਯੂਨੀਵਰਸਿਟੀ ਨੇ ਸੰਕਟ ਵਿੱਚ ਘਿਰੇ ਕੌਮਾਂਤਰੀ ਵਿਦਿਆਰਥੀਆਂ ਦੀ ਮਦਦ ਲਈ 25 ਮਿਲੀਅਨ ਆਸਟਰੇਲਿਆਈ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ ਹੈ। ਇਸ ਪੈਕੇਜ ਦਾ ਵਿਦੇਸ਼ੀ ਵਿਦਿਆਰਥੀ ਅਗਲੇ ਛੇ ਮਹੀਨੇ ਲਾਹਾ ਲੈ ਸਕਣਗੇ। ਡੀਕਿਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਾਇਨ ਮਾਰਟਿਨ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਤੁਰੰਤ ਵਿੱਤੀ ਸਹਾਇਤਾ ਲਈ 1,200 ਤੋਂ ਵੱਧ ਅਰਜ਼ੀਆਂ ਪ੍ਰਵਾਨ ਕੀਤੀਆਂ ਹਨ ਅਤੇ ਸੈਂਕੜੇ ਅਰਜ਼ੀਆਂ ਵਿਚਾਰੀਆਂ ਜਾ ਰਹੀਆਂ ਹਨ।

  • 125
  •  
  •  
  •  
  •