ਪੰਜਾਬ ਦੇ ਚਮਗਿੱਦੜ ਸੁਰੱਖਿਅਤ, ਸਾਰੇ ਨਮੂਨਿਆਂ ਦੀ ਕੋਰੋਨਾ ਰਿਪੋਰਟ ਆਈ ਨੈਗਟਿਵ

ਕੋਰੋਨਾ ਫ਼ੈਲਾਉਣ ਦੇ ਸ਼ੱਕ ਕਾਰਨ ਚਮਗਿੱਦੜਾਂ ‘ਤੇ ਨਜ਼ਰ ਰੱਖੀ ਗਈ ਸੀ ਕਿਉਂਕਿ ਭਾਰਤ ਦੇਸ਼ ਵਿੱਚ ਮੌਜੂਦ ਚਮਗਿੱਦੜਾਂ ਦੀਆਂ ਪ੍ਰਜਾਤੀਆਂ ‘ਚ ਕਿਸੇ ਹੋਰ ਕਿਸਮ ਦਾ ਕੋਰੋਨਾ ਵਾਇਰਸ ਮਿਲਿਆ ਸੀ। ਖੋਜੀਆਂ ਅਨੁਸਾਰ ਇਹ ਵਾਇਰਸ ਜੋ ਚਮਗਿੱਦੜਾਂ ਵਿਚ ਮਿਲਿਆ ਸੀ ਬੇਸ਼ੱਕ ਕੋਰੋਨਾ ਪਰਵਾਰ ਨਾਲ ਸਬੰਧਿਤ ਹੈ ਪਰ ਇਸ ਵੇਲੇ ਸੰਸਾਰ ‘ਚ ਫੈਲੇ ਕੋਵਿਡ-19 ਨਾਲ ਪੂਰੀ ਤਰਾਂ ਮੇਲ ਨਹੀਂ ਖਾਂਦਾ। ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਚੰਡੀਗੜ ਅਤੇ ਪੰਜਾਬ ਦੇ ਚਮਗਿੱਦੜ ਵਾਇਰਸ ਮੁਕਤ ਹਨ ਅਤੇ ਤੰਦਰੁਸਤ ਹਨ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ) ਨੇ ਵੱਖ-ਵੱਖ ਸੂਬਿਆਂ ਦੇ ਚਮਗਿੱਦੜਾਂ ਦੀ ਜਾਂਚ ਲਈ ਉਨਾਂ ਦੇ ਨਮੂਨੇ ਲਏ ਸਨ।

ਜਾਂਚ ਵਿਚ ਲਏ ਗਏ 508 ਨਮੂਨਿਆਂ ਵਿਚ 27 ਚੰਡੀਗੜ ਦੇ ਸਨ ਅਤੇ 24 ਸੈਂਪਲ ਪੰਜਾਬ ਦੇ ਪਟਿਆਲਾ ਨਾਲ ਸਬੰਧਤ ਸਨ। ਚੰਡੀਗੜ ਅਤੇ ਪੰਜਾਬ ਦੇ ਚਮਗਿੱਦੜਾਂ ਦਾ ਕੋਈ ਵੀ ਸੈਂਪਲ ਪਾਜ਼ੇਟਿਵ ਨਹੀਂ ਆਇਆ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਐਨੀਮਲ ਵੈੱਲਫੇਅਰ ਬੋਰਡ ਨੇ ਚਮਗਿੱਦੜਾਂ ‘ਤੇ ਵੱਡੇ ਪੱਧਰ ‘ਤੇ ਖੋਜ ਕਰਨ ਵਾਲੀ ਸੰਸਥਾ ਨੂੰ ਵਿੱਤੀ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ ।

ਪਹਿਲਾਂ ਜਿਨਾਂ ਸੂਬਿਆਂ ‘ਚੋਂ ਚਮਗਿੱਦੜਾਂ ਦੇ ਸੈਂਪਲ ਲਏ ਗਏ ਸਨ ਉਨਾਂ ਵਿਚ ਕੇਰਲ, ਕਰਨਾਟਕ, ਗੁਜਰਾਤ, ਉਡਿਸ਼ਾ, ਤੇਲੰਗਾਨਾ, ਹਿਮਾਚਲ ਪ੍ਰਦੇਸ਼, ਪਾਂਡੁਚੇਰੀ, ਤਾਮਿਲਨਾਡੂ, ਚੰਡੀਗੜ, ਪੰਜਾਬ (ਪਟਿਆਲਾ) ਸ਼ਾਮਲ ਸਨ।

  • 108
  •  
  •  
  •  
  •