ਟਰੰਪ ਵੱਲੋਂ ਬਾਹਰੀ ਲੋਕਾਂ ਦੇ ਅਮਰੀਕਾ ਵਿਚ ਵਸਣ (ਇਮੀਗ੍ਰੇਸ਼ਨ) ‘ਤੇ ਅਸਥਾਈ ਰੋਕ

ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਹੇ ਅਮਰੀਕਾ ਨੇ ਇਮੀਗ੍ਰੇਸ਼ਨ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਸਵੇਰੇ ਇਹ ਐਲਾਨ ਕੀਤਾ ਹੈ। ਅਮਰੀਕਾ ਵਿਚ ਹੁਣ ਅਗਲੇ ਹੁਕਮ ਤਕ ਕਿਸੇ ਵੀ ਬਾਹਰੀ ਵਿਅਕਤੀ ਨੂੰ ਅਮਰੀਕਾ ਵਿਚ ਰਹਿਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਡੋਨਾਲਡ ਟਰੰਪ ਨੇ ਇਸ ਵੱਡੇ ਫ਼ੈਸਲਾ ਦਾ ਐਲਾਨ ਅਪਣੇ ਟਵਿਟਰ ਅਕਾਉਂਟ ਤੋਂ ਕੀਤਾ।

ਕੋਰੋਨਾ ਵਾਇਰਸ ਕਾਰਨ ਖੜ੍ਹੇ ਹੋਏ ਅਰਥਵਿਵਸਥਾ ਸੰਕਟ ਨੂੰ ਦੇਖਦੇ ਹੋਏ ਡੋਨਾਲਡ ਟਰੰਪ ਨੇ ਇਹ ਫ਼ੈਸਲਾ ਲਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਸਵੇਰੇ ਟਵੀਟ ਕਰ ਕੇ ਐਲਾਨ ਕੀਤਾ ਕਿ ਅਦਿੱਖ ਦੁਸ਼ਮਣ ਦੇ ਹਮਲੇ ਕਾਰਨ ਜੋ ਸਥਿਤੀ ਪੈਦਾ ਹੋਈ ਹੈ ਉਸ ਵਿਚ ਉਹਨਾਂ ਨੂੰ ਮਹਾਨ ਅਮਰੀਕੀ ਨਾਗਰਿਕਾਂ ਦੀ ਨੌਕਰੀ ਨੂੰ ਬਚਾਉਣਾ ਪਵੇਗਾ।

ਇਸ ਨੂੰ ਦੇਖਦੇ ਹੋਏ ਉਹ ਇਕ ਆਰਡਰ ਤੇ ਦਸਤਖ਼ਤ ਕਰ ਰਹੇ ਹਨ ਜੋ ਅਮਰੀਕਾ ਵਿਚ ਬਾਹਰੀ ਲੋਕਾਂ ਦੇ ਰਹਿਣ ਤੇ ਰੋਕ ਲਗਾ ਦੇਵੇਗਾ। ਸਾਫ ਹੈ ਕਿ ਹੁਣ ਅਗਲੇ ਹੁਕਮ ਤਕ ਕੋਈ ਵੀ ਵਿਦੇਸ਼ੀ ਨਾਗਰਿਕ ਅਮਰੀਕਾ ਦਾ ਨਾਗਰਿਕ ਨਹੀਂ ਬਣ ਸਕੇਗਾ ਅਤੇ ਨਾ ਹੀ ਇਸ ਦੇ ਲਈ ਅਪਲਾਈ ਕਰ ਸਕੇਗਾ। ਦੁਨੀਆਭਰ ਤੋਂ ਲੋਕ ਅਮਰੀਕਾ ਵਿਚ ਨੌਕਰੀ ਅਤੇ ਬਿਜ਼ਨੈਸ ਲਈ ਜਾਂਦੇ ਹਨ ਜੋ ਕਿ ਕੁੱਝ ਸਮੇਂ ਬਾਅਦ ਉੱਥੇ ਹੀ ਸਿਟੀਜਨਸ਼ਿਪ ਲਈ ਅਪਲਾਈ ਕਰਦੇ ਹਨ।

ਲਾਤੀਨੀ ਅਮਰੀਕਾ, ਯੂਰੋਪ ਤੋਂ ਵੱਡੀ ਗਿਣਤੀ ਵਿਚ ਲੋਕ ਅਮਰੀਕਾ ਜਾਂਦੇ ਹਨ। ਇਸ ਤੋਂ ਇਲਾਵਾ ਭਾਰਤ ਸਮੇਤ ਹੋਰ ਏਸ਼ਿਆਈ ਦੇਸ਼ਾਂ ਵਿਚ ਵੀ ਇਹਨਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਪਰ ਡੋਨਾਲਡ ਟਰੰਪ ਨੇ ਹੁਣ ਕਿਸੇ ਵੀ ਤਰ੍ਹਾਂ ਦੇ ਇਮੀਗ੍ਰੇਸ਼ਨ ਤੇ ਰੋਕ ਲਗਾ ਦਿੱਤੀ ਹੈ ਹਾਲਾਂਕਿ ਇਹ ਰੋਕ ਅਜੇ ਅਸਥਾਈ ਰੂਪ ਤੋਂ ਲਗਾਈ ਗਈ ਹੈ। ਗੌਰਤਲਬ ਹੈ ਕਿ ਕੋਰੋਨਾ ਵਾਇਰਸ ਕਾਰਨ ਅਮਰੀਕਾ ਹੁਣ ਤਕ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਪਿਛਲੇ ਕਰੀਬ ਦੋ ਮਹੀਨਿਆਂ ਵਿਚ ਅਮਰੀਕਾ ਵਿਚ 1 ਕਰੋੜ ਤੋਂ ਵਧ ਲੋਕ ਅਪਣੀ ਨੌਕਰੀ ਗੁਆ ਚੁੱਕੇ ਹਨ ਅਤੇ ਬੇਰੁਜ਼ਗਾਰ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਲਈ ਅਪਲਾਈ ਕਰ ਚੁੱਕੇ ਹਨ। ਇਸ ਤੋਂ ਇਲਾਵਾ ਅਮਰੀਕੀ ਬਿਜ਼ਨੈਸ ਤੇ ਵੀ ਵੱਡਾ ਸੰਕਟ ਆਇਆ ਹੈ। ਇਹੀ ਕਾਰਨ ਹੈ ਕਿ ਡੋਨਾਲਡ ਟਰੰਪ ਇਹ ਫ਼ੈਸਲਾ ਲੈਣ ਤੇ ਮਜ਼ਬੂਰ ਹੋਏ ਹਨ। ਦਸ ਦਈਏ ਕਿ ਇਸ ਸਾਲ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵੀ ਹੋਣੀਆਂ ਹਨ ਅਜਿਹੇ ਵਿਚ ਡੋਨਾਲਡ ਟਰੰਪ ਇਕ ਵਾਰ ਫਿਰ ਅਪਣੇ ਅਮਰੀਕਾ ਫਰਸਟ ਦੇ ਨਾਅਰੇ ਨੂੰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ।

  •  
  •  
  •  
  •  
  •