ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 18,601 ਹੋਈ, 590 ਮੌਤਾਂ

ਭਾਰਤ ‘ਚ ਕੋਰੋਨਾ ਵਾਇਰਸ ਦੀ ਲਾਗ ਦੇ ਨਵੇਂ ਮਾਮਲਿਆਂ ‘ਚ ਫਿਰ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ 1336 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 47 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ‘ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 18,601 ਹੋ ਗਈ ਹੈ। ਇਸ ਦੇ ਨਾਲ ਹੀ ਇਸ ਖ਼ਤਰਨਾਕ ਕੋਵਿਡ-19 ਮਹਾਂਮਾਰੀ ਨਾਲ ਮੌਤ ਦੀ ਗਿਣਤੀ 590 ਤੱਕ ਪਹੁੰਚ ਗਈ ਹੈ।

ਕੋਰੋਨਾ ਵਾਇਰਸ ਦੇ ਕੁੱਲ 18,601 ਮਾਮਲਿਆਂ ਵਿਚੋਂ 14,759 ਕਿਰਿਆਸ਼ੀਲ ਹਨ। ਇਸ ਤੋਂ ਇਲਾਵਾ 3522 ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ। ਮਹਾਰਾਸ਼ਟਰ ‘ਚ ਸਭ ਤੋਂ ਵੱਧ 232 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ।

ਉੱਧਰ ਕੋਰੋਨਾ ਵਾਇਰਸ ਨੇ ਹੁਣ ਰਾਸ਼ਟਰਪਤੀ ਭਵਨ ‘ਚ ਵੀ ਦਸਤਕ ਦੇ ਦਿੱਤੀ ਹੈ। ਦਰਅਸਲ, ਰਾਸ਼ਟਰਪਤੀ ਭਵਨ ਵਿੱਚ ਕੰਮ ਕਰਨ ਵਾਲੇ ਇੱਕ ਸਫ਼ਾਈ ਮੁਲਾਜ਼ਮ ਦੀ ਨੂੰਹ ਕੋਰੋਨਾ ਪਾਜ਼ੀਟਿਵ ਮਿਲੀ ਹੈ।
ਸੋਮਵਾਰ ਨੂੰ ਦਿੱਲੀ ‘ਚ 78 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਦਿੱਲੀ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਕੁਲ ਗਿਣਤੀ 2081 ਤੱਕ ਪਹੁੰਚ ਗਈ ਹੈ।

ਪਿਛਲੇ 24 ਘੰਟਿਆਂ ‘ਚ ਮਹਾਰਾਸ਼ਟਰ ਵਿੱਚ 466 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ‘ਚ ਕੁੱਲ ਪਾਜ਼ੀਟਿਵ ਮਾਮਲੇ 4666 ਹੋਏ ਹਨ। ਇਸ ਦੇ ਨਾਲ ਹੀ ਮੁੰਬਈ ‘ਚ ਇਹ ਅੰਕੜਾ 3032 ਤੱਕ ਪਹੁੰਚ ਗਿਆ ਹੈ।

  • 28
  •  
  •  
  •  
  •