ਅਮਰੀਕਾ ‘ਚ ਕੋਰੋਨਾ ਨੇ ਇੱਕ ਦਿਨ ’ਚ ਲਈਆਂ 2,751 ਜਾਨਾਂ, 8 ਲੱਖ ਲੋਕ ਪੀੜ੍ਹਤ

ਕੋਰੋਨਾ ਵਾਇਰਸ ਦਾ ਕਹਿਰ ਉਂਝ ਤਾਂ ਪੂਰੀ ਦੁਨੀਆ ’ਚ ਜਾਰੀ ਹੈ ਪਰ ਅਮਰੀਕਾ ’ਚ ਇਸ ਦਾ ਸਭ ਤੋਂ ਵੱਧ ਭਿਆਨਕ ਰੂਪ ਵੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਦੇ ਕਹਿਰ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ’ਚ ਕੋਵਿਡ–19 ਦੀ ਮਹਾਮਾਰੀ ਨਾਲ ਹਰ ਦਿਨ ਮੌਤ ਦਾ ਨਵਾਂ ਰਿਕਾਰਡ ਬਣ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ’ਚ ਕੋਰੋਨਾ ਵਾਇਰਸ ਕਾਰਨ 2,751 ਵਿਅਕਤੀਆਂ ਦੀ ਮੌਤ ਹੋ ਗਈ ਹੈ। ਜੌਨ ਹੌਪਕਿਨਜ਼ ਯੂਨੀਵਰਸਿਟੀ ਲੇ ਇਹ ਤਾਜ਼ਾ ਸੂਚਨਾ ਜਾਰੀ ਕੀਤੀ ਹੈ।

ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਅਮਰੀਕਾ ’ਚ ਕੋਵਿਡ–19 ਦੀ ਮਹਾਮਾਰੀ ਦੇ ਹੁਣ ਤੱਕ ਅੱਠ ਲੱਖ ਕੇਸ ਸਾਹਮਣੇ ਆ ਚੁੱਕੇ ਹਨ। ਹੁਣ ਤੱਕ ਇਸ ਦੇਸ਼ ’ਚ ਕੋਰੋਨਾ ਕਰਕੇ ਕੁੱਲ 44,485 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਹਰ ਰੋਜ਼ ਔਸਤਨ 40,000 ਨਵੇਂ ਕੋਰੋਨਾ–ਪਾਜ਼ਿਟਿਵ ਮਰੀਜ਼ ਦੇਸ਼ ਦੇ ਹਸਪਤਾਲਾਂ ’ਚ ਆ ਰਹੇ ਹਨ।
ਵਿਸ਼ਵ–ਪੱਧਰੀ ਮਹਾਮਾਰੀ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਹੁਣ ਤੱਕ ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ’ਚ ਇਸ ਮਹਾਮਾਰੀ ਕਾਰਨ 1.77 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ 25.29 ਲੱਖ ਤੋਂ ਵੱਧ ਲੋਕ ਕੋਰੋਨਾ–ਪਾਜ਼ਿਟਿਵ ਹੋ ਚੁੱਕੇ ਹਨ।

ਸਮੁੱਚੇ ਵਿਸ਼ਵ ’ਚ ਹੁਣ ਤੱਕ 6,67,624 ਵਿਅਕਤੀ ਇਸ ਲਾਗ ਤੋਂ ਠੀਕ ਵੀ ਹੋ ਚੁੱਕੇ ਹਨ। ਅਮਰੀਕਾ ਤੋਂ ਬਾਅਦ ਹੁਣ ਤੱਕ ਸਭ ਤੋਂ ਗੰਭੀਰ ਰੂਪ ਵਿੱਚ ਪ੍ਰਭਾਵਿਤ ਯੂਰੋਪੀਅਨ ਦੇਸ਼ ਇਟਲੀ ’ਚ ਹੁਣ ਤੱਕ 24,6658 ਵਿਕਅਤੀਆਂ ਦੀ ਮੌਤ ਹੋਈ ਹੈ ਤੇ ਹੁਣ ਤੱਕ 1,83,957 ਵਿਅਕਤੀ ਇਸ ਘਾਤਕ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਹੋਏ ਹਨ।

  •  
  •  
  •  
  •  
  •