ਮਉਲੀ ਧਰਤੀ ਮਉਲਿਆ ਆਕਾਸੁ

ਡਾ. ਬਲਵਿੰਦਰ ਸਿੰਘ ਲੱਖੇਵਾਲੀ

ਸਮੁੱਚਾ ਜਗਤ ਕੋਵਿਡ-19 ਵਾਇਰਸ ਦੁਆਰਾ ਫੈਲੀ ਮਹਾਮਾਰੀ ਸਦਕਾ ਮੁਸ਼ਕਲ ਘੜੀ ਵਿਚੋਂ ਗੁਜ਼ਰ ਰਿਹਾ ਹੈ। ਹਰ ਅਮੀਰ-ਗਰੀਬ ਫਿਰ ਚਾਹੇ ਉਹ ਇਨਸਾਨ ਹੋਵੇ ਜਾਂ ਫਿਰ ਦੇਸ਼, ਇਸ ਖਤਰਨਾਕ ਬੀਮਾਰੀ ਨੂੰ ਲੈ ਕੇ ਭੈ-ਭੀਤ ਹੈ। ਕਦੇ ਕਿਸੇ ਨੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਅਸਮਾਨੀ ਉੱਡਦਾ ਇਨਸਾਨ ਇਕ ਦਿਨ ਖੁਦ ਕੈਦ ਹੋ ਕੇ ਰਹਿ ਜਾਵੇਗਾ। ਸਾਇੰਸ ਦੇ ਰਾਕਟ ’ਤੇ ਚੜ੍ਹਿਆ ਮਨੁੱਖ ਸ਼ਾਇਦ ਰੱਬ ਨੂੰ ਭੁੱਲਦਾ ਜਾ ਰਿਹਾ ਸੀ, ਅਜੌਕੀ ਸਥਿਤੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਾਇੰਸ ਬੇਹੱਦ ਜ਼ਰੂਰੀ ਹੈ ਪਰ ਉਸ ਅਕਾਲ ਪੁਰਖ, ਪ੍ਰਭੂ ਦੀਆਂ ਖੇਡਾਂ ਅੱਗੇ ਬਹੁਤ ਬੌਣੀ ਹੈ। ਧਰਤ, ਅੰਬਰ ਅਤੇ ਪਾਤਾਲ ਵਿਚ ਮਨੁੱਖ ਨੇ ਨਿੱਜੀ ਲੋੜਾਂ ਖ਼ਾਤਿਰ, ਜੋ ਗੈਰ-ਕੁਦਰਤੀ ਕਾਰਜ ਕੀਤੇ, ਸਿੱਟੇ ਵਜੋਂ ਅੱਜ ਅਸੀਂ ਚੌਰਾਹੇ ’ਤੇ ਖੜ੍ਹੇ ਹਾਂ। ਦਰਅਸਲ ਮਨੁੱਖ ਪੈਸੇ ਦੀ ਦੌੜ ’ਚ ਭੁੱਲ ਚੁੱਕਿਆ ਸੀ ਕਿ ਇਹ ਭਾਰਤ ਸਿਰਫ ਉਸ ਲਈ ਨਹੀਂ ਹੈ। ਚੁਰਾਸੀ ਲੱਖ ਜੂਨਾਂ ਸਭਨਾਂ ਦੀ ਸਾਂਝੀ ਹੈ ਇਹ ਧਰਤ ਹਵਾ ਪਾਣੀਆਂ ਜਰਖੇਜ਼ ਜ਼ਮੀਨਾਂ ਰੱਬ ਨੇ ਸਿਰਫ਼ ਮਨੁੱਖ ਲਈ ਨਹੀਂ ਸਿਰਜੀਆਂ। ਬੰਦਾ ਰੱਬ ਨੂੰ ਟੱਬ ਜਾਨਣ ਲੱਗ ਗਿਆ ਸੀ। ਕਾਦਰ ਦੀ ਰਚੀ ਕੁਦਰਤ ਦਾ ਅਜਿਹਾ ਘਾਣ ਕੀਤਾ ਕਿ ਰੱਬੀ ਨਿਆਮਤਾਂ ਦੀ ਹੋਂਦ ਨੂੰ ਖ਼ਤਰਾ ਪੈਦਾ ਕਰ ਦਿੱਤਾ। ਵਿਗਿਆਨ ਐਨੀ ਸਿਰ ਚੜ੍ਹ ਕੇ ਬੋਲਣ ਲੱਗੀ ਕਿ ਪ੍ਰਮਾਤਮਾ ਦੇ ਨਿਯਮ-ਅਸੂਲਾਂ ਨੂੰ ਹੀ ਛਿੱਕੇ ਟੰਗ ਦਿੱਤਾ। ਹੁਣ ਵਜ੍ਹਾ ਲਵੋ ਛਣਕਣਾ ਤਰੱਕੀ ਆਲਾ, ਵਿਗਿਆਨ ਆਲਾ, ਆਰਥਿਕਤਾ ਵਾਲਾ। 
ਸਿੱਕੇ ਦਾ ਦੂਜਾ ਪਾਸਾ ਹੁਣ ਨਜ਼ਰ ਆਉਣਾ ਸ਼ੁਰੂ ਹੋਇਆ। ਹੁਣ ਸਮਝ ਆਉਣੀ ਸ਼ੁਰੂ ਹੋਈ ਹੈ ਕਿ ਜੀਵਨ ਰੱਬੀ ਰਹਿਮਤਾਂ ਸਦਕਾ ਹੀ ਸ੍ਰਿਸ਼ਟੀ ਸਿਰਜੀ ਗਈ ਹੈ। ਪੁਰਖ, ਵਿਰਕ, ਤੀਰਥ, ਮੇਘ, ਖੰਡ-ਬ੍ਰਹਿਮੰਡ, ਚਾਰੋਂ ਖਾਣੀਆਂ, ਸਭਨਾਂ ਦਾ ਗਿਆਤਾ, ਉਹ ਖੁਦ ਆਪ ਹੀ ਹੈ ਅਤੇ ਆਪ ਹੀ ਪਾਲਣਹਾਰ ਹੈ।

ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥ 
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥ 
ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥ 
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥ 
ਨਾਨਕ ਜੰਤ ਉਪਾਇ ਕੈ ਸੰਮਾਲੇ ਸੰਭਨਾਹ॥ (ਮ:1,ਪੰਨਾ .467)

ਦਰਅਸਲ ਮਨੁੱਖ ਨੂੰ ਲੱਗਣ ਲੱਗ ਗਿਆ ਸੀ ਕਿ ਉਸਦੀਆਂ 2-3 ਸੌ ਸਾਲਾਂ ਦੀਆਂ ਖੋਜਾਂ ਨਾਲ ਅਰਬਾਂ-ਖਰਬਾਂ ਸਾਲਾਂ ਦੇ ਚੱਕਰ ਤੋਂ ਉਤਪੰਨ ਹੋਈ ਸ੍ਰਿਸ਼ਟੀ ਬਾਰੇ ਸਭ ਦਾ ਗਿਆਨ ਹੋ ਗਿਆ ਸੀ। ਪਹਿਲੀ ਪਾਤਸ਼ਾਹੀ ਨੇ ਆਪਣੀ ਬਾਣੀ ਵਿਚ ਬਾਖੂਬੀ ਫੁਰਮਾਇਆ ਹੈ ਕਿ ਕੁਦਰਤ ਦੀ ਕੀਮਤ ਪਾ ਲੈਣਾ, ਉਸ ਨੂੰ ਸਮਝ ਲੈਣਾ, ਮਨੁੱਖ ਦੇ ਵੱਸ ਦੀ ਗੱਲ ਨਹੀਂ। 

ਕੁਦਰਤਿ ਹੈ ਕੀਮਤਿ ਨਹੀਂ ਪਾਇ ।।
ਜਾਂ ਕੀਮਤਿ ਪਾਇ ਤ ਕਹੀ ਨਾ ਜਾਇ।। (ਮ:1, ਪੰਨਾ 83) 

ਜਿਸ ਦਿਨ ਤੋਂ ਦੁਨੀਆਂ ਸਥਿਰ ਹੋਈ ਹੈ। ਹਵਾ ਵਿਚ ਉੱਡਦੇ ਰਾਕਟ, ਜਹਾਜ਼ ਰੂਸੀ ਉੱਡਣ-ਖਟੋਲੇ ਸ਼ਾਂਤ ਹੋ ਕੇ ਧਰਤ ’ਤੇ ਖੜ੍ਹ ਗਏ ਹਨ। ਹਵਾ ਵਿਚਲੇ ਜੀਵ ਜੰਤੂਆਂ ਨੂੰ ਸਾਹ ਆਇਆ ਹੈ। ਚੰਨ ਦਿਨੇਂ ਨਜ਼ਰੀਂ ਆਉਣ ਲੱਗਿਆ ਹੈ। ਪਹਾੜ ਦੂਰ ਦਰਾਡਿਓ ਸ਼ਹਿਰਾਂ-ਪਿੰਡਾਂ ’ਚੋਂ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਅਸਮਾਨ ਦਾ ਅਸਲ ਰੰਗ ਨੀਲਾ ਨਜ਼ਰ ਆਉਣ ਲੱਗਿਆ ਹੈ। ਰਾਤੀਂ ਟਿਮਟਿਮਾਉਂਦੇ ਤਾਰੇ ਧਰਤ ਦੇ ਨੇੜੇ ਹੋ ਗਏ ਜਾਪਦੇ ਹਨ। ਧੂੰਏਂ ਦੇ ਗੁਬਾਰ ਵਿਚ ਲੁਕੀ ਹੋਈ ਕੁਦਰਤ ਸਾਫ਼ ਤੇ ਸਪੱਸ਼ਟ ਦਿਖਣੀ ਸ਼ੁਰੂ ਹੋ ਗਈ ਹੈ। ਧਰਤੀ ਨੂੰ ਵੀ ਸਾਹ ਆਇਆ ਹੈ। 24 ਘੰਟੇ ਦੀ ਮਨੁੱਖੀ ਨੱਠ-ਭੱਜ ਵਿਚ, ਜੋ ਕੂੜੇਦਾਨ ਦਾ ਰੂਪ ਧਾਰ ਰਹੀ ਸੀ, ਥੋੜ੍ਹੀ ਰਾਹਤ ਮਹਿਸੂਸ ਕਰਨ ਲੱਗੀ ਹੈ। ਗੰਧਲੇ ਪਾਣੀ ਸਾਫ਼ ਹੋਣੇ ਸ਼ੁਰੂ ਹੋ ਗਏ ਹਨ। ਸੋਸ਼ਲ ਮੀਡੀਆ ’ਤੇ ਪੰਜਾਬ ਦੇ ਪੌਣ-ਪਾਣੀਆਂ ਦੀਆਂ ਵਾਇਰਲ ਤਸਵੀਰਾਂ ਬੜਾ ਕੁਝ ਬਿਆਨ ਕਰ ਰਹੀਆਂ ਹਨ। ਜੀਵ-ਜੰਤੂ ਨੂੰ ਧਰਤੀ ਆਪਣੀ-ਆਪਣੀ ਜਾਪਣ ਲੱਗੀ ਹੈ। ਕੁਲ ਮਿਲਾ ਕੇ ਪੂਰੀ ਧਰਤ, ਪੂਰਾ ਆਕਾਸ਼ ਮਉਲ ਰਿਹਾ ਜਾਪਦਾ ਹੈ। ਭਗਤ ਕਬੀਰ ਦੀ ਬਾਣੀ ਦਾ ਦ੍ਰਿਸ਼ ਪੰਜਾਬ ਵਿਚ ਸੱਚ ਅਤੇ ਸੱਪਸ਼ਟ ਨਜ਼ਰ ਆ ਰਿਹਾ ਹੈ। 

ਮਉਲੀ ਧਰਤੀ ਮਉਲਿਆ ਆਕਾਸ਼।।
ਘਟਿ-ਘੱਟ ਮਉਲਿਆ ਆਤਮ ਪ੍ਰਗਾਸੁ।। (ਭਗਤ ਕਬੀਰ ਜੀ) 

ਅੱਜ ਕੱਲ੍ਹ ਸਵੇਰ ਕਿੰਨੀ ਅਨੰਦਮਈ ਜਾਪਦੀ ਹੈ। ਪਹੁ-ਫੁੱਟਣ ਤੋਂ ਲੈ ਕੇ ਕੁਦਰਤ ਦੇ ਦਰਸ਼ਨ ਤੇ ਕੁਦਰਤੀ ਧੁਨਾਂ ਸੁਣਨ ਨੂੰ ਮਿਲਦੀਆਂ ਹਨ। ਮਨੁੱਖੀ ਗਿਆਨ ਇੰਦਰੀਆਂ, ਜੋ ਬਨਾਵਟੀ ਵਸਤਾਂ ਦੀਆਂ ਆਦੀ ਹੋ ਗਈਆਂ ਸਨ, ਅੱਜ-ਕੱਲ੍ਹ ਕੁਦਰਤ ਮਹਿਸੂਸ ਹੋਣ ਲਗੀ ਹੈ। ਅੱਖਾਂ ਕੁਦਰਤੀ ਰੰਗਾਂ ਨੂੰ ਮਾਣ ਰਹੀਆਂ ਹਨ, ਕੰਨ, ਪੰਛੀਆਂ ਤੇ ਹੋਰਨਾਂ ਜੀਵ-ਜੰਤੂਆਂ ਦੀਆਂ ਆਵਾਜ਼ਾਂ ਦੇ ਅਨੰਦ ਲੈ ਰਹੇ ਹਨ ਅਤੇ ਨੱਕ ਮਹਿਕਾਂ ਮਹਿਸੂਸ ਕਰਨ ਲੱਗੇ ਹਨ। ਹਰ ਵਕਤ ਬੇਹੁਦਾ ਸਵਾਦਾਂ ਅਤੇ ਬਨਾਵਟੀ ਫਾਸਟ ਫੂਡ ’ਤੇ ਲੱਗੀ ਜੀਵ ਅੱਜ ਕੱਲ੍ਹ ਘਰੇਲੂ ਪਕਵਾਨਾਂ ਦਾ ਆਨੰਦ ਲੈ ਰਹੀ ਹੈ। ਧਰਤ ਉਪਰ ਵਿਛਾਏ ਕੰਕਰੀਟ ਦੇ ਜਾਲ ਦੀਆਂ ਝੀਥਾਂ ਵਿਚੋਂ ਨਵੀਆਂ ਕਰੂੰਬਲਾਂ ਫੁਟਦੀਆਂ ਨਜ਼ਰ ਆਉਣ ਲੱਗੀਆਂ ਹਨ। ਪਿੰਡ ਦੇ ਛੱਪੜ ਤੋਂ ਲੈ ਕੇ ਨਦੀਆਂ-ਨਾਲੇ, ਦਰਿਆ-ਸਮੁੰਦਰ ਆਦਿ ਵਿਚਲਾ ਪਾਣੀ ਦੁਆਰਾ ਜਿਉਂਦਾ ਹੋ ਗਿਆ ਜਾਪਦਾ। ਪਾਣੀ ਅੰਦਰਲਾ ਸੰਸਾਰ ਅਨੇਕ ਜੀਵ ਆਪਣੀ ਆਜ਼ਾਦ ਅਤੇ ਆਨੰਦਮਈ ਜ਼ਿੰਦਗੀ ਮਾਣਦੇ ਨਜ਼ਰ ਆਉਂਦੇ ਹਨ। ਦਰਅਸਲ ਅਸੀਂ ਹੀ ਬੇਕਾਰ ਦੀ ਭੱਜ-ਦੌੜ ਵਿਚ ਭੁੱਲ ਗਏ ਸਾਂ ਕਿ ਜੀਵਨ ਦੇ ਅਸਲੀ ਰੰਗ ਕਿਵੇਂ ਹੋਂਦ ਵਿਚ ਆਏ। ਸ੍ਰਿਸ਼ਟੀ ਦੀ ਰਚਨਾ ਵਿਚ ਪਾਉਣ-ਪਾਣੀ ਦਾ ਕੀ ਯੋਗਦਾਨ ਹੈ ? 
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥

ਜਲ ਤੇ ਤ੍ਰਿਭਵਣੁ ਸਾਜਿਆ
ਘਟਿ ਘਟਿ ਜੋਤਿ ਸਮੋਇ।। (ਮ: 1, ਪੰਨਾ 63)

ਅਸੀਂ ਭੁੱਲ ਗਏ ਕਿ ਸਾਡੇ ਗੁਰੂਆਂ-ਪੀਰਾਂ, ਪਵਨ-ਪਾਣੀ, ਧਰਤ ਨੂੰ ਗੁਰੂ ਪਿਤਾ ਤੇ ਮਾਤਾ ਦਾ ਦਰਜਾ ਬਖਸ਼ਿਆ ਹੋਇਆ ਹੈ। ਸਾਡੀ ਤਰੱਕੀ ਦੀ ਪੌੜੀ ਨੇ ਸਾਡੇ ਤੋਂ ਕੁਦਰਤ ਦੀਆਂ ਨਿਆਮਤਾਂ ਖੋਹ ਲਈਆਂ। ਅਸੀਂ ਧਾਰਮਿਕ ਜਾਂ ਆਸਤਿਕ ਹੋ ਕੇ ਵੀ ਧਰਮ ਗ੍ਰੰਥਾਂ ਤੇ ਗੁਰੂਆਂ ਦੀ ਗੱਲ ਨਹੀਂ ਮੰਨੀ। ਅਸੀਂ ਆਪੋ-ਆਪਣੇ ਗੁਰੂ-ਪੀਰ, ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਹਿੱਤ ਨਾਟਕ ਤਾਂ ਬੇਹੱਦ ਕੀਤੇ ਪਰ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਅਮਲ ਕਿੰਨਾ ਕੀਤਾ, ਇਹ ਸਭ ਭਲੀ-ਭਾਂਤੀ ਜਾਣੂੰ ਹਾਂ।
ਅਜੋਕੀ ਸਥਿਤੀ ਨੂੰ ਭਾਂਪਦਿਆਂ ਅਨੇਕਾਂ ਸਵਾਲਾਂ ਆਣ ਖੜ੍ਹੇ ਹੁੰਦੇ ਹਨ। ਜੇਕਰ ਜ਼ਿੰਦਗੀ ਨੂੰ ਥੋੜ੍ਹਾ ਸਥਿਰ ਕੀਤਿਆਂ, ਧਰਤ, ਆਕਾਸ਼, ਪੌਣ-ਪਾਣੀ, ਮਾਉਲਣ ਲੱਗੇ ਹਨ ਤਾਂ ਭਵਿੱਖ ਵਿਚ ਅਜਿਹਾ ਬਰਕਰਾਰ ਰਹੇ, ਉਸ ਖਾਤਿਰ ਕੀ ਕਰਨਾ ਚਾਹੀਦਾ ਹੈ? ਧਰਤ ’ਤੇ ਵੱਸਦੇ ਹਰ ਜੀਵ-ਜੰਤੂ ਨੂੰ ਧਰਤ ਆਪਣੀ ਜਾਪਣ ਲੱਗੀ ਹੈ, ਅਜਿਹਾ ਕਿੰਨੇ ਸਮੇਂ ਤੱਕ ਚੱਲਦਾ ਰਹੂੰਗਾ ? ਅੱਜ ਅਸੀਂ ਸਭ ਕੁਝ ਮਜਬੂਰੀ ਕਰਕੇ ਕਰ ਰਹੇ ਹਾਂ, ਕੀ ਅਸੀਂ ਤੇ ਸਰਕਾਰਾਂ ਰਲ ਕੇ ਭਵਿੱਖ ਵਿਚ ਕੁਝ ਵਿਉਂਤਬੰਦੀ ਵੀ ਕਰ ਸਕਦੇ ਹਾਂ ? ਕਿ ਮਨੁੱਖ ਧਰਤੀ ’ਤੇ ਪੋਣ ਪਾਣੀ ਨੂੰ ਸਭਨਾਂ ਜੀਵਾਂ ਨਾਲ ਸਾਝਾਂ ਕਰਨ ਨੂੰ ਤਿਆਰ ਹੈ? ਕੀ ਅਸੀਂ ਭਵਿੱਖ ਵਿਚ ਕੁਦਰਤੀ ਨਿਆਮਤਾਂ ਨਾਲ ਸਾਂਝ ਬਰਕਰਾਰ ਰੱਖਣੀ ਹੈ ਜਾਂ ਫਿਰ ਸਭ ਕੁਝ ਠੀਕ ਹੋ ਜਾਣ ’ਤੇ ਸਾਇੰਸ ਦੇ ਰਾਕਟ ’ਤੇ ਚੜ੍ਹ ਕੇ ਫਿਰ ਰੱਬ ਨੂੰ ਟੱਬ ਜਾਣਨਾ ਹੈ ਜਾਂ ਫਿਰ ਕਿਸੇ ਹੋਰ ਭਿਆਨਕ ਮਹਾਮਾਰੀ ਨੂੰ ਉਡੀਕਣਾ ਹੈ। 

ਮੋਬਾਈਲ – 98142-39041

  • 97
  •  
  •  
  •  
  •