ਲੱਖਾਂ ਲੋਕਾਂ ਦੀ ਭੁੱਖਮਰੀ ਵਕਤ ਸਰਕਾਰ ਦੀ ਨੀਤੀ ਚਾਵਲ ਤੋਂ ਸੈਨੀਟਾਈਜ਼ਰ ਤਿਆਰ ਕਰਨ ਬਾਰੇ

ਪਿਛਲੇ ਦਿਨੀ ਕੁਦਰਤੀ ਆਫਤਾਂ ਅਤੇ ਹੋਰ ਮਾਂਹਮਾਰੀ ਦੇ ਸੰਕਟ ਦੇ ਸਮੇਂ ਇਹ ਪੱਖ ਸਾਹਮਣੇ ਉਘੜ ਕੇ ਆਇਆ ਹੈ ਕਿ ਭਾਰਤ ਦਾ ਲੋਕਤੰਤਰ ਜੋ ਸਵੈ-ਕੇਂਦਰਿਤ ਅਫਸਰਸ਼ਾਹੀ ਦੁਆਰਾ ਹੀ ਚਲਾਇਆ ਜਾ ਰਿਹਾ ਹੈ। ਇਸ ਪਵਿੱਤਰ ਰੁਤਬੇ ਦਾ ਅਨੰਦ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਅਧਿਕਾਰੀ ਹੀ ਲੈ ਰਹੇ ਹਨ। ਇਹਨਾਂ ਸੰਕਟ ਦੇ ਮੌਕਿਆਂ ਵਕਤ ਸਾਨੂੰ ਆਪਣੀਆਂ ਪੁਰਾਣੀਆਂ ਵਿਚਾਰਧਾਰਾਵਾਂ ਤੇ ਧਾਰਨਾਵਾਂ ਨੂੰ ਤਿਆਗ ਕੇ ਨਵੇਂ ਸਬਕ ਲੈਣੇ ਚਾਹੀਦੇ ਹਨ। ਅਸੀਂ ਸੰਕੇਤਕ ਤੌਰ ਦੋ ਮਾਮਲਿਆਂ ਉਤੇ ਧਿਆਨ ਕੇਂਦਰਿਤ ਕਰਦੇ ਹਾਂ:

ਪੈਟਰੋਲੀਅਮ ਮੰਤਰਾਲੇ ਨੇ ਐਫ.ਸੀ.ਆਈ. ਦੇ ਗੁਦਾਮਾਂ ਵਿੱਚ “ਵਾਧੂ” ਪਏ ਚੌਲਾਂ ਤੋਂ ਸੈਨੀਟਾਈਜ਼ਰ ਲਈ ਈਥੇਨੌਲ, ਅਲਕੋਹਲ ਤਿਆਰ ਕਰਨ ਦਾ ਐਲਾਨ ਕੀਤਾ ਹੈ। ਇਸ ਵਕਤ ਭਾਰਤ ਦੀ ਘੱਟੋ ਘੱਟ ਇਕ ਤਿਹਾਈ ਆਬਾਦੀ ਭੁੱਖਮਰੀ ਦਾ ਸ਼ਿਕਾਰ ਹੈ। ਮੌਜੂਦਾ ਤਾਲਬੰਦੀ ਤੇ ਕਰਫਿਊ ਨੇ ਇਹਨਾਂ ਅੰਕੜਿਆਂ ਵਿਚ ਹੋਰ ਵਾਧਾ ਕਰ ਦਿੱਤਾ ਹੈ। ਮੌਜੂਦਾ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ) ਦਾ ਅਰੰਭ ਅੰਗਰੇਜੀ ਹਾਕਮਾਂ ਦੁਆਰਾ ਦੂਜੇ ਵਿਸ਼ਵ ਯੁੱਧ ਸਮੇਂ 1943 ਵਿਚ ਕੀਤਾ ਗਿਆ ਸੀ ਜਦੋਂ ਬੰਗਾਲ ਦੇ ਅਕਾਲ ਸਮੇਂ ਭੁੱਖਮਰੀ ਕਾਰਨ 30 ਲੱਖ ਲੋਕਾਂ ਦੀ ਮੌਤ ਹੋਈ ਸੀ। ਸੰਸਾਰ ਭਰ ਵਿਚ ਹੋਈ ਬਦਨਾਮੀ ਤੋ ਬਾਅਦ ਇਹ ਵਿਭਾਗ ਹੋਂਦ ਵਿਚ ਆਇਆ ਸੀ। ਅੱਜ ਵਕਤ ਜਨਤਕ ਵੰਡ ਪ੍ਰਣਾਲੀ ਔਸਤਨ 12 ਪ੍ਰਤੀਸ਼ਤ ਗਰੀਬ ਆਬਾਦੀ ਨੂੰ ਕਵਰ ਕਰਦੀ ਹੈ। ਚੋਟੀ ਦੇ ਅਰਥ ਸ਼ਾਸਤਰੀ- ਅਮਰਤਿਆ ਸੇਨ, ਅਭਿਜੀਤ ਬੈਨਰਜੀ ਅਤੇ ਰਘੂ ਰਾਜਨ ਨੇ ਇਸ ਵੰਡ ਪ੍ਰਣਾਲੀ ਨੂੰ ਸਰਵ ਵਿਆਪਕ ਬਣਾਉਣ ਲਈ ਅਪੀਲ ਕੀਤੀ ਹੈ। ਮੌਜੂਦਾ ਐਫ.ਸੀ.ਆਈ ਸਟਾਕ 70 ਮਿਲੀਅਨ ਟਨ ਤੋਂ ਇਲਾਵਾ ਨਵੀਂ ਫਸਲ ਨੂੰ ਮਿਲਾ ਕੇ ਵੀ ਖੁਰਾਕ ਭੰਡਾਰ ਦੀ ਸਮਰੱਥਾ ਸਿਰਫ ਛੇ ਮਹੀਨਿਆਂ ਲਈ ਵਧਾਈ ਜਾ ਸਕਦੀ ਹੈ। ਬਦਕਿਸਮਤੀ ਨਾਲ ਸਾਡੇ ਹਾਕਮ ਅਤੇ ਅਧਿਕਾਰੀ ਜੋ ਅਰਸ਼ਾਂ ਦੀਆਂ ਉਡਾਰੀਆਂ ਵਿਚ ਮਸਤ ਹਨ ਉਹਨਾਂ ਦੀ ਅੱਖਾਂ ਉਪਰ ਬੱਝੇ ਸਤਾ ਦੇ ਖੋਪੇ ਫਰਸ਼ਾਂ ‘ਤੇ ਜੂਨ ਭੋਗਦੇ ਪ੍ਰਵਾਸੀ ਮਜ਼ਦੂਰਾਂ ਅਤੇ ਗਰੀਬਾਂ ਲੋਕ ਦੀ ਪ੍ਰੇਸ਼ਾਨੀ ਤੇ ਭੁੱਖਮਰੀ ਦੇ ਸੰਕਟ ਨੂੰ ਵੇਖਣ ਤੋਂ ਅਸੱਰਥ ਹਨ।

ਮਾਨਸਾ ਜਿਲੇ ਦੇ ਪਿੰਡ ਠੁਠਿਆਂਵਾਲੀ ਦੀ 11 ਅਪ੍ਰੈਲ ਦੀ ਸ਼ਾਮ ਵੇਲੇ ਹੋਈ ਘਟਨਾ ਜਿਸ ਵਿਚ ਪਿੰਡ ਦੇ ਦਲਿਤ ਨੌਜਵਾਨਾਂ ਤੇ ਪੁਲਿਸ ਮੁਲਾਜ਼ਮਾਂ ਵਿੱਚ ਆਪਸੀ ਟਕਰਾਉ ਹੋਇਆ ਸੀ । ਦਲਿਤਾਂ ਨੇ ਪੁਲਿਸ ਦੀ ਕਾਰਵਾਈ ਦਾ ਵਿਰੋਧ ਕੀਤਾ ਜਿਸ ਦੇ ਨਤੀਜੇ ਵਜੋਂ ਇੱਕ ਏ.ਐਸ.ਆਈ ਜ਼ਖਮੀ ਹੋਇਆ ਅਗਲੀ ਸਵੇਰ, ਪੁਲਿਸ ਮੁਲਾਜ਼ਮਾਂ ਨੇ 30 ਗੱਡੀਆਂ ਵਿਚ ਸਵਾਰ ਕੇ ਪਿੰਡ ਵਿਚ ਛਾਪਾ ਮਾਰਿਆ । ਬਹੁਤ ਭਰੋਸੇ ਯੋਗਤਾ ਵਾਲੇ ਵਾਇਰ ਵੈਬ ਚੈਨਲ ਦੀ ਰਿਪੋਰਟ ਅਨੁਸਾਰ ਦਲਿਤਾਂ ਘਰਾਂ ਵਿਚ ਵੱੜ ਉਨ੍ਹਾਂ ਦੀਆਂ ਔਰਤਾਂ ਅਤੇ ਬੱਚਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕਈ ਦਲਿਤ ਨੌਜੁਆਨਾ ਅਤੇ ਨਬਾਲਗ ਬੱਚਿਆਂ ਨੂੰ ਵੀ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂ ਹੁਣ ਪੁਲਿਸ ਕਰਮੀਆਂ ਦੀਆਂ ਵਧੀਕੀਆਂ ਦੇ ਵੀਡੀਓ ਵੀ ਵਾਇਰਲ ਹੋ ਚੁਕੀਆਂ ਹਨ ਤਾਂ ਵੀ ਪੁਲਿਸ ਦੇ ਉਚ ਅਧਿਕਾਰੀਆਂ ਨੇ ਬੇਲੋੜੀ ਪੁਲਿਸ ਤਾਕਤ ਦੀ ਵਰਤੋਂ ਕਰਨ ਵਾਲੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਰੀਬ ਕਿਰਤੀ ਕਾਮਿਆਂ ਪ੍ਰਤੀ ਪੁਲਿਸ ਦਾ ਵਿਹਾਰ’ ਹਮੇਸ਼ਾ ਗੈਰ ਸਵਿਧਾਨਕ ਤੇ ਬਦਲੇ ਦੀ ਭਾਵਨਾ ਵਾਲਾ ਹੀ ਕਿਉਂ ਹੁੰਦਾ ਹੈ? ਸਾਡੀ ਸਰਕਾਰ ਹਮੇਸ਼ਾਂ ਨਾਗਰਿਕਾਂ ਨਾਲ ਬ੍ਰਿਟਿਸ਼ ਹਾਕਮਾਂ ਵਰਗਾ ਸਲੂਕ ਕਿਉਂ ਕਰਦੀ ਹੈ ਜੋ ਉਹ ਗ਼ੁਲਾਮਾਂ ਨਾਲ ਕਰਦੇ ਸਨ?

-ਜਸਪਾਲ ਸਿੰਘ ਸਿੱਧੂ, ਖੁਸ਼ਹਾਲ ਸਿੰਘ

  •  
  •  
  •  
  •  
  •