ਸ਼੍ਰੋਮਣੀ ਕਮੇਟੀ ਵੱਲੋਂ ਉਮਰਾਨੰਗਲ ਦਾ ਸਨਮਾਨ ਨਿੰਦਣਯੋਗ: ਸਿੱਖ ਵਿਚਾਰ ਮੰਚ

ਸਿੱਖ ਬੁੱਧੀਜੀਵੀਆਂ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਰਮਰਾਜ ਸਿੰਘ ਉਮਰਾਨੰਗਲ ਦਾ ਸਨਮਾਨ ਕੀਤੇ ਜਾਣ ਦੀ ਨਿਖੇਦੀ ਕੀਤੀ ਹੈ। ਉਪਰੋਕਤ ਪੁਲਿਸ ਅਧਿਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਗੁਰੂ ਦੋਖੀਆਂ ਵੱਲੋਂ ਕੀਤੀ ਬੇਅਦਬੀ ਲਈ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰਦੀ ਸਿੱਖ ਸੰਗਤ ਉਤੇ ਗੋਲੀਬਾਰੀ ਕਰਕੇ ਭਾਈ ਕਿਰਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਸ਼ਹੀਦੀ ਲਈ ਕਸੂਰਦਾਰ ਹੈ। ਸੰਗਤਾਂ ਵਿਚ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੀ ਘਟਨਾ ਬਾਰੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਅਤੇ ਸੇਵਾਦਾਰਾਂ ਦੀ ਭੂਮਿਕਾ ਬਾਰੇ ਕਈ ਪ੍ਰਕਾਰ ਦੇ ਗੰਭੀਰ ਸ਼ੰਕੇ ਹਨ। ਇਸ ਘਟਨਾ ਨੇ 100 ਸਾਲ ਪਹਿਲਾਂ ਵਾਲੇ ਪੂਜਾਰੀਆਂ ਅਤੇ ਸਰਬਰਾਹ ਆਰੂੜ ਸਿੰਘ ਦੇ ਵਰਤਾਰੇ ਨੂੰ ਸੁਰਜੀਤ ਕਰਕੇ ਬੱਜਰ ਗਲਤੀ ਦੁਹਰਾਈ ਹੈ।

ਇੱਕ ਸਾਂਝੇ ਬਿਆਨ ਵਿੱਚ ਕਿਹਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਕੇਵਲ ਅਕਾਲੀ ਦਲ ਦੇ ਨੇਤਾਵਾਂ ਦੀਆਂ ਸਿਆਸੀ ਲੋੜਾਂ ਦੀ ਪੂਰਤੀ ਹਿਤ ਸਿੱਖ ਧਰਮ ਦੀਆਂ ਮਹਾਨ ਪਰੰਪਰਾਂਵਾਂ ਅਤੇ ਗੁਰਮਤਿ ਸਿਧਾਂਤਾਂ ਦੀ ਨਿਰੰਤਰ ਖਿਲਾਫਤ ਕਰਦੇ ਆ ਰਹੇ ਹਨ। ਕਰੋਨਾ ਦੀ ਮਾਂਹਮਾਰੀ ਦੇ ਦੌਰ ਵਿਚ ਸਿੱਖ ਅਦਾਰੇ ਨੂੰ ਮਨੁੱਖਤਾਵਾਦੀ ਵਿਚਾਰਧਾਰਾ ਅਨੁਸਾਰ ਪੁਲਿਸ ਕਰਮੀਆਂ ਵੱਲੋਂ ਕੀਤੇ ਜਾ ਰਹੇ ਮਾਨਵ ਅਧਿਕਾਰਾਂ ਦੀ ਰਾਖੀ ਵਾਸਤੇ ਅਵਾਜ ਬੁਲੰਦ ਕੀਤੇ ਜਾਣ ਦੀ ਉਮੀਦ ਸੀ। ਬਾਹਰਲੇ ਸੂਬਿਆਂ ਵਿਚ ਫਸੇ ਸਿੱਖ ਅਤੇ ਪੰਜਾਬੀ ਸ਼ਰਧਾਲੂਆਂ ਨੂੰ ਆਪਣੇ ਘਰਾਂ ਤੀਕ ਪੂਜਦੇ ਕਰਨ ਲਈ ਸੁਹਿਰਦ ਯਤਨ ਕਰਨੇ ਬਣਦੇ ਹਨ। ਸਿੱਖ ਚਿੰਤਕਾਂ ਨੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਸਿੱਖਾਂ ਦੇ ਹਿਰਦੇ ਵਲੂੰਦਰਨ ਵਾਲੇ ਕਾਰਜਾਂ ਉਤੇ ਸਥਾਈ ਤੌਰ ‘ਤੇ ਰੋਕ ਲਗਾਈ ਜਾਵੇ।

ਸਾਂਝੇ ਬਿਆਨ ਦੇ ਦਸਤਖਤ ਕਰਨ ਵਾਲਿਆਂ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ, ਗੁਰਤੇਜ ਸਿੰਘ ਆਈ.ਏ.ਐੱਸ, ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ, ਡਾ. ਕੁਲਦੀਪ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ) ਜਸਵਿੰਦਰ ਸਿੰਘ ਰਾਜਪੁਰਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਭਾਈ ਨਰੈਣ ਸਿੰਘ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ, ਸੰਪਾਦਕ ਦੇਸ ਪੰਜਾਬ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ,ਪ੍ਰੋਫੈਸਰ ਮਨਜੀਤ ਸਿੰਘ ,ਸੁਖਦੇਵ ਸਿੰਘ ਸਿਧੂ ਅਤੇ ਕਰਮਜੀਤ ਸਿੰਘ ਸ਼ਾਮਲ ਹਨ।

ਜਾਰੀ ਕਰਤਾ: ਖੁਸ਼ਹਾਲ ਸਿੰਘ, ਜਨਰਲ ਸਕੱਤਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ

  • 105
  •  
  •  
  •  
  •