ਸ਼੍ਰੋਮਣੀ ਕਮੇਟੀ ਲੰਬੇ ਸਮੇਂ ਤੋਂ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਨਹੀਂ

ਬੇਵਸ ਸਿੱਖ, ਅਜੇ ਵੀ ਉਮੀਦ ਕਰਦੇ ਸਨ ਕਿ ਸ਼੍ਰੋਮਣੀ ਕਮੇਟੀ ਨੂੰ ਪਰਮਰਾਜ ਸਿੰਘ ਉਮਰਾਨੰਗਲ ਵਰਗੇ ਪੁਲਿਸ ਅਫ਼ਸਰ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚ ਸਿਰੋਪ ਨਹੀਂ ਸੀ ਦੇਣਾ, ਜਿਸਨੇ ਝੂਠੇ ਪੁਲਿਸ ਮੁਕਾਬਲੇ ਕੀਤੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਵਾਲੇ ਕੇਸ ਵਿਚ ਸ਼ਾਮਲ ਹੋਵੇ। ਕੇ.ਪੀ. ਐਸ ਗਿੱਲ, ਸੁਮੇਧ ਸੈਣੀ ਤੋਂ ਲੈ ਕੇ ਉਮਰਾਨੰਗਲ ਵਰਗੇ ਪੁਲਿਸ ਅਫ਼ਸਰ ਉਸ ਰਾਸ਼ਟਰਵਾਦੀ ਸਿਆਸਤ ਦੇ ਸੰਦ ਹਨ। ਜੋ ਹੁਣ ਬੀਜੇਪੀ ਖੁੱਲ੍ਹ ਕੇ ਹਿੰਦੂ ਰਾਸ਼ਟਰ ਨੂੰ ਕਾਨੂੰਨੀ ਤੌਰ ‘ਤੇ ਖੜ੍ਹਾ ਕਰ ਰਹੀ ਹੈ। ਕਈ ਦਹਾਕਿਆਂ ਤੋਂ ਕਮੇਟੀ ਉੱਤੇ ਕਾਬਜ਼ ਬਾਦਲ ਅਗਵਾਈ ਵਾਲੇ ਅਕਾਲੀ ਭਾਜਪਾ ਦੇ ਸਹਾਰੇ ਨਾਲ ਸੱਤਾ ਹੰਢਾ ਰਹੇ ਹਨ। ਉਹ ਕਿਵੇਂ ਵਧਦੇ ਭਗਵੇਂ ਪ੍ਰਭਾਵ ਤੋਂ ਮੁਕਤ, ਆਜਾਦ ਹਸਤੀ ਵਾਲੀ ਸ਼ੋ੍ਮਣੀ ਕਮੇਟੀ ਕਾਇਮ ਰੱਖ ਸਕਦੇ ਹਨ?

ਬਾਦਲਾਂ ਨੇ ਰਾਸ਼ਟਰਵਾਦੀ ਨਵੀਂ ਦਿੱਲੀ ਸੱਤਾ ਕੇਂਦਰ ਦੇ ਵਰਤੇ ਪਰਖੇ ਏਜੰਟ ਹੋਣ ਕਰਕੇ ਹੀ ਸ਼੍ਰੋਮਣੀ ਕਮੇਟੀ ਉੱਤੇ ਪੱਕਾ ਕਬਜ਼ਾ ਰੱਖਿਆ ਹੋਇਆ ਹੈ। ਸੌ ਸਾਲ ਪਹਿਲਾਂ ਇਹ ਸੱਤਾ ਦਾ ਕੇਂਦਰ ਅੰਗਰ੍ਰੇਜ਼ਾਂ ਕੋਲੇ ਸੀ, ਜਿੰਨ੍ਹਾਂ ਨੂੰ ਹਿਚਕਚਾਹਟ ਕਰਦੇ ਅਕਾਲੀਆਂ ਦੇ ਮੋਢੇ ਉੱਤੇ ਗੁਰਦਆਰਾ ਐਕਟ ਅਤੇ ਐਸਜੀਪੀਸੀ ਵੱਲ ਧੱਕ ਦਿੱਤਾ ਅਤੇ ”ਪਤੰਗਾਂ ਵਾਲੀ ਡੋਰ” ਵਾਂਗ, ਜਾਣੀ ਚੋਣਾਂ ਦਾ ਤਰੀਕਾ ਅਤੇ ਕੰਟਰੋਲ ਆਪਣੇ ਕੋਲੇ ਰੱਖਿਆ। ਉਸ ਹੋਈ ਧੋਖਾ-ਧੜੀ ਉੱਤੇ ਪਰਦਾ ਪਾਕੇ ਰੱਖਣ ਲਈ ਦਿੱਲੀ ਦਰਬਾਰ ਦੇ ਵਫ਼ਾਦਾਰ ਅਕਾਲੀ ਐਸਜੀਪੀਸੀ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹਿੰਦੇ ਰਹੇ। ਵਿਦੇਸ਼ੀ ਅੰਗ੍ਰੇਜ਼ਾਂ ਨੇ ਸ਼੍ਰੋਮਣੀ ਕਮੇਟੀ ਦੇ ਕੰਮਕਾਰ ਵਿਚ ਘੱਟ ਦਾਖਲ ਦਿੱਤਾ, ਕਿਉਂਕਿ ਉਹ ਕਿਹੜਾ ਸਿੱਖਾਂ ਨੂੰ ਹਿੰਦੂਆਂ ਵਿਚ ਰਲਾ ਕੇ, ਹਿੰਦੂ-ਕੌਮ ਖੜ੍ਹਾ ਕਰਨਾ ਚਾਹੁੰਦੇ ਸਨ।

1947 ਤੋਂ ਬਾਅਦ, ਹਿੰਦੂ ਪ੍ਰਭਾਵ ਵਾਲੇ ਭਾਰਤੀ ਰਾਜ ਪ੍ਰਬੰਧ ਨੇ ਅਕਾਲੀਆਂ ਦੀਆਂ ਗਤੀਵਿਧੀਆਂ ਨੂੰ ਕਾਬੂ ਵਿਚ ਰੱਖਣ ਲਈ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੀ ਅਸਿੱਧੀ ਵਰਤੋਂ ਕੀਤੀ। ਜਿਵੇਂ ਪਿੱਛੇ ਜਿਹੇ ਸ਼੍ਰੋਮਣੀ ਕਮੇਟੀ ਦੁਆਰਾ ਲਾਗੂ ਨਾਨਕਸ਼ਾਹੀ ਕੈਲੰਡਰ ਵਾਪਿਸ ਕਰਾ ਦਿੱਤੇ ਅਤੇ ਸਾਬਕਾ ਅਕਾਲ ਤਖ਼ਤ ਜਥੇਦਾਰ ਤੋਂ ਰਾਮ ਰਹੀਮ ਨੂੰ ਮਾਫ਼ ਕਰਾ ਦਿੱਤਾ, ਆਦਿ।

ਸ਼੍ਰੋਮਣੀ ਕਮੇਟੀ ਹੁਣ ਖੁੱਲ੍ਹੇ ਤੌਰ ‘ਤੇ ਸਿੱਖੀ ਅਤੇ ਸਿੱਖ ਹਿੱਤਾਂ ਵਿਰੁੱਧ 1980ਵੇਂ ਤੋਂ ਲਗਾਤਾਰ ਕੰਮ ਕਰ ਰਹੀ ਹੈ। ਫ਼ਿਰ ਵੀ ਸਿੱਖ ਬਾਦਲਾਂ ਦਾ ਕਬਜ਼ਾ ਨਹੀਂ ਤੋੜ੍ਹ ਸਕੇ। ਕਿਉਂ? ਕਾਰਨ ਇੱਕ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕੇਂਦਰ ਕੋਲ ਹੈ। ਦੂਜਾ, ਚੋਣਾਂ ਦੀ ਮੌਜ਼ੂਦਾ-ਫਾਸਟ-ਪਾਸਟ-ਦੀ-ਪੋਲ-ਪ੍ਰਣਾਲੀ ਹਮੇਸ਼ਾਂ ਵੱਡੀ ਧਿਰ ਨੂੰ ਵੱਧ ਹੇਰਾਫ਼ੇਰੀ ਕਰਨ ਦੇ ਮੌਕੇ ਦਿੰਦੀ ਹੈ। ਜਿਹੜੇ ਸਿੱਖ ਲੀਡਰ ਹੁਣ ਬਾਦਲਾਂ ਤੋਂ ਕਮੇਟੀ ਦਾ ਕਬਜ਼ਾ ਖੋਹਣਾ ਚਾਹੁੰਦੇ ਹਨ, ਉਹ ਸਿਰਫ਼ ਸੱਤਾ ਦੀ ਪਰਿਕਮਾ ਨਾ ਕਰਨ ਸਗੋਂ ਸ਼੍ਰੋਮਣੀ ਕਮੇਟੀ ਨੂੰ ਸਹੀ ਸਿੱਖਾਂ ਦੀ ਸੰਸਥਾ ਬਣਾਉਣ ਲਈ, ਐਸਜੀਪੀਸੀ ਐਕਟ ਵਿਚ ਤਰਮੀਮ ਕਰਵਾ ਕੇ ਚੋਣਾਂ ਦਾ ਪ੍ਰੋਪੋਰਸ਼ਨ ਰੀਪ੍ਰੈਜੈਂਟੇਟਿਵ (ਪੀ. ਆਰ) ਪ੍ਰਣਾਲੀ ਲਾਗੂ ਕਰਵਾਉਣ ਅਤੇ ਚੋਣਾਂ ਕਰਵਾਉਣ ਦਾ ਅਧਿਕਾਰ ਪੰਜਾਬ ਸਰਕਾਰ ਨੂੰ ਦਿਵਾਉਣਾ। ਨਹੀਂ ਤਾਂ, ਬਾਦਲਾਂ ਦੇ ਉਮਰਾਨੰਗਲ ਵਰਗੇ ਖਾਸ ਬੰਦਿਆਂ ਨੂੰ ਸ਼ੋ੍ਮਣੀ ਕਮੇਟੀ ਹਮੇਸ਼ਾਂ ਸਰੋਪਿਆਂ ਨਾਲ ਨਵਾਜ਼ਦੀ ਰਹੇਗੀ ਅਤੇ ਬੇਵੱਸ ਸਿੱਖ ਅਜਿਹੀਆਂ ਗੈਰ-ਸਿੱਖ ਕਾਰਵਾਈਆਂ ਵਿਰੁੱਧ ਕੁੜ੍ਹਦੇ ਤੇ ਚੀਕਾਂ ਮਾਰਦੇ ਰਹਿ ਜਾਣਗੇ।

ਜਸਪਾਲ ਸਿੰਘ ਸਿੱਧੂ, ਖੁਸ਼ਹਾਲ ਸਿੰਘ

  • 100
  •  
  •  
  •  
  •